ਭਾਈ ਕੁੱਕੂ ਤੇ ਭਾਈ ਸਿੱਧੂ ਦੇ ‘ਡੋਪ ਟੈਸਟ’ ਕਰਾਉਣ ਦੀ ਪਹਿਲਕਦਮੀ ਦੇ ਐਲਾਨ ਨਾਲ ਛਿੜੀ ਚਰਚਾ

ਕੋਟਕਪੂਰਾ, 5 ਜੁਲਾਈ (ਟਿੰਕੂ ਪਰਜਾਪਤੀ) :- ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਡੋਪ ਟੈਸਟ ਸਬੰਧੀ ਦਿੱਤੇ ਬਿਆਨ ਦਾ ਜਿੱਥੇ ਪੰਜਾਬ ਭਰ ’ਚ ਰਲਿਆ ਮਿਲਿਆ ਪ੍ਰਤੀਕਰਮ ਸੁਣਨ ਨੂੰ ਮਿਲ ਰਿਹਾ ਹੈ, ਉੱਥੇ ਕਾਂਗਰਸ ਦੇ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁੱਕੂ ਤੇ ਉਨਾ ਦੇ ਬੇਟੇ ਭਾਈ ਰਾਹੁਲ ਸਿੰਘ ਸਿੱਧੂ ਨੇ ‘ਡੋਪ ਟੈਸਟ’ ਦੀ ਮੁਹਿੰਮ ਆਪਣੇ ਘਰ ਤੋਂ ਸ਼ੁਰੂ ਕਰਨ ਦਾ ਕਹਿ ਕੇ ਜਿਲਾ ਫਰੀਦਕੋਟ ਦੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਲੀਡਰਾਂ ’ਚ ਕੰਬਣੀਆਂ ਛੇੜ ਦਿੱਤੀਆਂ ਹਨ। ਉਨਾਂ ਆਖਿਆ ਕਿ ਉਹ ਪਹਿਲਾਂ ਖੁਦ ਡੋਪ ਟੈਸਟ ਕਰਾਉਣਗੇ ਤੇ ਫਿਰ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਸਿਆਸੀ, ਗੈਰ ਸਿਆਸੀ, ਸਮਾਜਸੇਵੀ, ਧਾਰਮਿਕ, ਵਪਾਰਕ, ਵਿਦਿਅਕ ਅਦਾਰਿਆਂ ਨਾਲ ਸਬੰਧਤ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਡੋਪ ਟੈਸਟ ਕਰਾਉਣ ਲਈ ਬੇਨਤੀ ਕਰਨਗੇ। ਭਾਈ ਕੁੱਕੂ ਤੇ ਭਾਈ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਕਤ ਫੈਸਲੇ ਦੀ ਭਰਪੁੂਰ ਪ੍ਰਸੰਸਾ ਕਰਦਿਆਂ ਜਿੱਥੇ ਉਨਾ ਨੂੰ ਦਲੇਰਾਨਾ ਫੈਸਲੇ ਦੀ ਮੁਬਾਰਕਬਾਦ ਦਿੱਤੀ, ਉੱਥੇ ਵਿਸ਼ਵਾਸ਼ ਦਿਵਾਇਆ ਕਿ ਹਲਕਾ ਕੋਟਕਪੂਰਾ ਦੇ ਸੂਝਵਾਨ ਲੋਕ ਉਨਾ ਦੇ ਇਸ ਫੈਸਲੇ ’ਤੇ ਫੁੱਲ ਚੜਾਉਣਗੇ ਤੇ ਵੱਧ ਤੋਂ ਵੱਧ ਯੋਗਦਾਨ ਪਾਉਣਗੇ। ਉਨਾ ਕਿਹਾ ਕਿ ਨਸ਼ੇ ਦੇ ਅੱਤਵਾਦ ਵਿਰੁੱਧ ਲੜੀ ਜਾ ਰਹੀ ਇਹ ਲੜਾਈ ਇਕੱਲੇ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਬਲਕਿ ਸਮੁੱਚੇ ਪੰਜਾਬ ਦੀ ਹੈ, ਕਿਉਂਕਿ ਜੇਕਰ ਅਸੀਂ ਪੰਜਾਬ ਨੂੰ ਫਿਰ ਸੋਨੇ ਦੀ ਚਿੜੀ ਅਰਥਾਤ ਖੁਸ਼ਹਾਲ ਤੇ ਤੰਦਰੁਸਤ ਦੇਖਣਾ ਚਾਹੁੰਦੇ ਹਾਂ ਤਾਂ ਸਾਨੂੰ ਡੋਪ ਟੈਸਟ ਵਾਲੀ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨਾ ਕਿਹਾ ਕਿ ਪਹਿਲਾਂ ਅੱਤਵਾਦ ਵਾਲੇ ਕਾਲੇ ਦੌਰ ’ਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਅਤੇ ਹੁਣ ਰੋਜਾਨਾ ਨਸ਼ੇ ਦੀ ਭੇਂਟ ਚੜ ਰਹੇ ਨੌਜਵਾਨਾਂ ਦੇ ਘਰਾਂ ’ਚ ਵਿਛਦੇ ਸੱਥਰ ਤੇ ਉਨਾ ਦੇ ਮਾਪਿਆਂ ਦੀਆਂ ਵੈਣ ਪੈਣ ਦੀਆਂ ਅਵਾਜਾਂ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਉਨਾ ਦੁਹਰਾਇਆ ਕਿ ਪੰਜਾਬ ਦੇ ਅੱਜ ਦੇ ਦੁਖਦਾਇਕ ਹਲਾਤਾਂ ਦੇ ਮੱਦੇਨਜਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਫੈਸਲੇ ਦਾ ਹਰ ਸਿਆਸੀ ਤੇ ਗੈਰ ਸਿਆਸੀ ਵਿਅਕਤੀ ਨੂੰ ਸਹਿਯੋਗ ਕਰਨਾ ਚਾਹੀਦਾ ਹੈ।