ਅਨਏਡਿਡ ਪ੍ਰਾਈਵੇਟ ਕਾਲਜਾਂ ਦੇ 10 ਲੱਖ ਵਿਦਿਆਰਥੀ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ, ਵਿੱਢਣਗੇ ਨਸ਼ਿਆਂ ਖ਼ਿਲਾਫ਼ ਮੁਹਿੰਮ

ਚੰਡੀਗੜ, 5 ਜੁਲਾਈ(ਜਸ਼ਨ):  ਪੰਜਾਬ ਦੇ 1500 ਅਨਏਡਿਡ ਪ੍ਰਾਈਵੇਟ ਕਾਲਜਾਂ ਦੇ ਤਕਰੀਬਨ 10 ਲੱਖ ਵਿਦਿਆਰਥੀ ਕਦੇ ਵੀ ਨਸ਼ਾ ਨਾ ਕਰਨ ਦਾ ਜਲਦੀ ਅਹਿਦ ਲੈਣਗੇ ਅਤੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਮੁਹਿੰਮ ਵੀ ਵਿੱਢਣਗੇ।ਇੱਥੇ ਵੀਰਵਾਰ ਨੂੰ ਮੁੱਖ ਮੰਤਰੀ ਨਾਲ ਬੈਠਕ ਬਾਅਦ ਸੂਬੇ ਭਰ ਦੇ ਅਨਏਡਿਡ ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ (ਜੇਏਸੀ) ਦੇ ਇਕ ਵਫ਼ਦ ਨੇ ਇਹ ਐਲਾਨ ਕੀਤਾ।ਕਾਂਗਰਸੀ ਆਗੂ ਅਤੇ ਜੇਏਸੀ ਦੇ ਚੇਅਰਮੈਨ ਅਸ਼ਵਨੀ ਸੇਖੜੀ ਦੀ ਅਗਵਾਈ ਵਿੱਚ ਪੁੱਜੇ ਇਸ ਵਫ਼ਦ ਨੇ ਐਸ.ਸੀ. ਪੋਸਟ-ਮੈਟਿ੍ਰਕ ਸਕਾਲਰਸ਼ਿਪ ਦੇ ਬਕਾਏ ਜਾਰੀ ਕਰਨ ਬਾਰੇ ਕੈਬਨਿਟ ਦੇ ਫ਼ੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਮੁੱਖ ਮੰਤਰੀ ਨੇ ਉਨਾਂ ਵੱਲੋਂ ਤਿਆਰ ਕੀਤਾ ਇਕ ਪੋਸਟਰ ਵੀ ਰਿਲੀਜ਼ ਕੀਤਾ, ਜੋ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਉਜਾਗਰ ਕਰਦਾ ਸੀ। ਇਹ ਪੋਸਟਰ ਨੌਜਵਾਨਾਂ ਦੇ ਤਸੱਵਰ ‘ਸਾਡਾ ਖ਼ਵਾਬ, ਨਸ਼ਾ ਮੁਕਤ ਪੰਜਾਬ’ ਦੀ ਪੇਸ਼ਕਾਰੀ ਕਰਦਾ ਸੀ।ਮੁੱਖ ਮੰਤਰੀ ਨੇ ਉਨਾਂ ਦੇ ਉੱਦਮ ਦਾ ਸਵਾਗਤ ਕੀਤਾ ਅਤੇ ਉਨਾਂ ਨੂੰ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜੰਗ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਬੇਨਤੀ ਕੀਤੀ। ਉਨਾਂ ਕਿਹਾ ਕਿ ਨਸ਼ਾ-ਮੁਕਤ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦਾ ਹੈ।ਸ੍ਰੀ ਸੇਖੜੀ ਨੇ ਕਿਹਾ ਕਿ ਨਸ਼ਾ-ਮੁਕਤ ਪੰਜਾਬ ਲਈ ਜੇਏਸੀ ਗਰਮਜੋਸ਼ੀ ਨਾਲ ਕੰਮ ਕਰੇਗੀ ਅਤੇ ਇਹ ਲਹਿਰ ਮੁਕੰਮਲ ਤੌਰ ’ਤੇ ਗ਼ੈਰਸਿਆਸੀ ਹੋਵੇਗੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ