ਕੇਂਦਰੀ ਮੰਤਰੀ ਮੰਡਲ ਵਲੋਂ ਸਾਉਣੀ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਚ ਕੀਤੇ ਵਾਧੇ ਦਾ ਹਰ ਪਾਸਿਓਂ ਸਵਾਗਤ -ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ,5 ਜੁਲਾਈ (ਜਸ਼ਨ)- ‘ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਤੋਹਫਾ ਦਿੰਦਿਆਂ ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਡੇਢ ਗੁਣਾ ਵਧਾਉਣ ਨਾਲ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਯੂਨੀਅਨ ਦੇ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਵਿਚਾਰ ਸਾਂਝਿਆਂ ਕਰਦਿਆਂ ਕੀਤਾ। ਸਰਪੰਚ ਨਿਹਾਲ ਸਿੰਘ ਨੇ ਆਖਿਆ ਕਿ ਮੰਤਰੀ ਮੰਡਲ ਦੇ ਇਸ ਫੈਸਲੇ ‘ਤੇ ਕਿਸਾਨਾਂ ਨੂੰ ਉਨਾਂ ਦੀ ਫਸਲ ਦੀ ਲਾਗਤ ਤੋਂ 50 ਫੀਸਦੀ ਵੱਧ ਸਮਰਥਨ ਮੁੱਲ ਦਿੱਤਾ ਜਾਵੇਗਾ ਜਿਸ ਨਾਲ ਕਿਰਸਾਨੀ ਲਾਹੇਵੰਦਾ ਧੰਦਾ ਬਣੇਗਾ ਅਤੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ’ਤੇ ਵੀ ਵਿਰਾਮ ਲੱਗਣ ਨਾਲ ਕਿਸਾਨ ਖੁਸ਼ਹਾਲ ਜ਼ਿੰਦਗੀ ਜਿਓਂ ਸਕੇਗਾ। ਉਹਨਾਂ ਆਖਿਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕਰਦੇ ਹਨ ਕਿ ਜਿਸ ਤਰਾਂ ਦੂਸਰੇ ਰਾਜਾਂ ਵਿਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਲਾਗੂ ਕੀਤੀ ਗਈ ਹੈ ਉਸੇ ਤਰਾਂ ਇਹ ਯੋਜਨਾ ਪੰਜਾਬ ਵਿਚ ਵੀ ਲਾਗੂ ਕੀਤੀ ਜਾਵੇ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇ ਕਿਉਂਕਿ ਜੇ ਫਸਲਾਂ ਦਾ ਬੀਮਾ ਹੋਵੇਗਾ ਤਾਂ ਕਿਸਾਨ ਕੁਦਰਤੀ ਕਰੋਪੀ ਉਪਰੰਤ ਨਿਰਾਸ਼ਤਾ ਵਿਚ ਖੁਦਕੁਸ਼ੀਆਂ ਨਹੀਂ ਕਰਨਗੇ ਅਤੇ ਇਸ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵਰਤਾਰਾ ਵੀ ਰੁੱਕ ਜਾਵੇਗਾ । ਨਿਹਾਲ ਸਿੰਘ ਨੇ ਆਖਿਆ ਕਿ ਉਹ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ, ਜਿਨਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 200 ਰੁਪਏ ਪ੍ਰਤੀ ਕੁਇੰਟਲ ਵਧਾਇਆ  ਹੈ ।