ਗਿਆਰਵੀਂ ਅਤੇ ਬਾਰਵੀਂ ਦੇ ਇਤਿਹਾਸ ਦੀ ਕਿਤਾਬ ਚੈਪਟਰ ਵਾਈਜ਼ ਹੋਵੇਗੀ ਤਿਆਰ,15 ਦਿਨਾਂ ਵਿੱਚ ਬੱਚਿਆਂ ਨੂੰ ਮਿਲੇਗਾ ਪਹਿਲਾ ਅਧਿਆਇ: ਓ ਪੀ ਸੋਨੀ

ਚੰਡੀਗੜ, 5 ਜੁਲਾਈ (ਪੱਤਰ ਪਰੇਰਕ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ 11ਵੀ ਅਤੇ 12ਵੀ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਨੂੰ ਇਤਿਹਾਸ ਵਿਸ਼ੇ ਨਾਲ ਸਬੰਧਤ ਪੜਨ ਸਮੱਗਰੀ ਅਗਲੇ 15 ਦਿਨਾਂ ਵਿੱਚ ਅਧਿਆਇ ਅਨੁਸਾਰ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਇੱਥੇ ਪੰਜਾਬ ਭਵਨ ਵਿਖੇ ਸਕੂਲ ਸਿੱਖਿਆ ਸਬੰਧੀ ਕੈਬਨਿਟ ਮੰਤਰੀ ਪੰਜਾਬ ਉਮ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਅੱਜ ਬੋਰਡ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵੱਲੋਂ ਇਤਿਹਾਸ ਦੀ ਕਿਤਾਬ ਤਿਆਰ ਕਰਨ ਲਈ ਡਾ ਕਿਰਪਾਲ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੇ ਮੈਂਬਰ ਡਾ. ਜੇ.ਐਸ. ਗਰੇਵਾਲ, ਡਾ. ਪਿ੍ਰਥੀਪਾਲ ਸਿੰਘ ਕਪੂਰ, ਡਾ. ਇੰਦੂ ਬਾਂਗਾ, ਡਾ. ਬਲਵੰਤ ਸਿੰਘ ਢਿੱਲੋਂ ਅਤੇ ਇੰਦਰਜੀਤ ਸਿੰਘ ਗੋਗੋਆਨੀ ਹਾਜ਼ਰ ਸਨ।ਮੀਟਿੰਗ ਵਿੱਚ ਸਕੂਲ ਸਿੱਖਿਆ ਵਿਭਾਗ ਦੇ ਪ੍ਰਬੰਧਕੀ ਸਕੱਤਰ ਕਿ੍ਰਸ਼ਨ ਕੁਮਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੈਅਰਮੈਨ ਮਨੋਹਰ ਕਾਂਤ ਕਲੋਹੀਆ, ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਵਾਈਸ ਚੇਅਰਮੈਨ ਪ੍ਰਸ਼ਾਂਤ ਗੋਇਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਬਹੁਤ ਹੀ ਮਾਣਮੱਤਾ ਹੈ ਅਤੇ ਇਸ ਨੂੰ ਸਿਖਰ ‘ਤੇ ਪਹੁੰਚਾਉਣ ਵਿੱਚ ਸਿੱਖ ਧਰਮ ਦਾ ਅਹਿਮ ਰੋਲ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਹ ਦਿਲੀ ਇੱਛਾ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਸਹੀ ਢੰਗ ਨਾਲ ਜਾਣੂ ਕਰਵਾਇਆ ਜਾਵੇ ਅਤੇ ਇਸ ਮਕਸਦ ਲਈ ਉਨਾਂ ਇਹ ਕਮੇਟੀ ਕਾਇਮ ਕੀਤੀ ਹੈ।ਮੀਟਿੰਗ ਦੋਰਾਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਵਿਸੇਸ਼ ਕਰਕੇ ਸਿੱਖ ਇਤਿਹਾਸ ਦਾ ਇਸ ਪੂਰੇ ਖਿੱਤੇ ਉਤੇ ਡੂੰਘਾ ਪ੍ਰਭਾਵ ਹੈ, ਜਿਸ ਨੇ ਇਸ ਖੇਤਰ ਵਿੱਚ ਬਹੁਤ ਅਹਿਮ ਤਬਦੀਲੀਆਂ ਨੂੰ ਜਨਮ ਦਿੱਤਾ। ਉਨਾਂ ਕਿਹਾ ਕਿ ਸਿੱਖ ਯੋਧਿਆਂ ਬਾਰੇ ਸਮਕਾਲੀ ਇਤਿਹਾਸਕਾਰ ਚੰਗੇ ਸ਼ਬਦ ਨਹੀਂ ਸੀ ਵਰਤਦੇ ਪਰ ਸਿੱਖਾਂ ਦਾ ਕੁਰਬਾਨੀ ਪ੍ਰਤੀ ਜਜ਼ਬਾ, ਇਨਸਾਨੀ ਮਾਣ ਮਰਿਆਦਾਵਾਂ ਦੀ ਪਾਲਣਾ ਕਰਨ ਪ੍ਰਤੀ ਨਿਸ਼ਠਾ ਨੂੰ ਦੇਖ ਕੇ ਉਹ ਵੀ ਕਾਇਲ ਹੋ ਗਏ ਸਨ, ਉਨਾਂ ਕਿਹਾ ਕਿ ਅੱਜ ਸਾਨੂੰ ਆਪਣੀ ਨੌਜਵਾਨ ਪੀੜੀ ਨੂੰ ਆਪਣੇ ਮਾਣਮੱਤੇ ਇਤਿਹਾਸ ਤੋਂ ਚੰਗੀ ਤਰਾਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਉਹ ਵੀ ਆਪਣੇ ਮਹਾਨ ਬਜ਼ੁਰਗਾਂ ਵਰਗੇ ਕਿਰਦਾਰ ਬਣਾ ਸਕਣ। ਇਸ ਲਈ ਪ੍ਰਸਤਾਵਿਤ ਕਿਤਾਬਾਂ ਦੀ ਰੂਪ ਰੇਖਾ ਇਸ ਤਰਾਂ ਦੀ ਹੋਵੇ ਕਿ ਉਹ ਬੱਚਿਆਂ ਨੂੰ ਪ੍ਰੇਰਿਤ ਕਰੇ। ਕਿਤਾਬ ਦੀ ਰੂਪ ਰੇਖਾ ਬਾਰੇ ਡਾ. ਇੰਦੂ ਬਾਂਗਾ ਨੇ ਕਿਹਾ ਕਿ ਗਿਆਰਵੀ ਅਤੇ ਬਾਰਵੀਂ ਜਮਾਤ ਦੇ ਇਤਿਹਾਸ ਦੀ ਕਿਤਾਬ ਨੂੰ ਤਿਆਰ ਕਰਨ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇਗਾ ਕਿ ਵਿਦਿਆਰਥੀ ਜਦੋਂ ਪੰਜਾਬ ਦਾ ਇਤਿਹਾਸ ਪੜਨਗੇ ਤਾਂ ਨਾਲ ਹੀ ਉਸ ਅਧਿਆਇ ਵਿੱਚ ਉਹ ਸਮਕਾਲੀ ਭਾਰਤੀ ਇਤਿਹਾਸ ਤੋਂ ਵੀ ਜਾਣੂ ਹੋਣਗੇ।ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਮੀਟਿੰਗ ਵਿੱਚ ਇਹ ਸਾਂਝੇ ਰੂਪ ਵਿੱਚ ਫ਼ੈਸਲਾ ਲਿਆ ਗਿਆ ਕਿ ਗਿਆਰਵੀਂ ਅਤੇ ਬਾਰਵੀਂ ਦੇ ਇਤਿਹਾਸ ਦੀ ਕਿਤਾਬ ਚੈਪਟਰ ਵਾਈਜ਼ ਤਿਆਰ ਹੋਵੇਗੀ ਅਤੇ ਇਹ ਚੈਪਟਰ ਨਾਲ ਦੀ ਨਾਲ ਬੋਰਡ ਦੀ ਵੈਬਸਾਈਟ ਉਤੇ ਲੋਡ ਕਰ ਦਿੱਤਾ ਜਾਵੇਗਾ ਅਤੇ ਪੂਰੀ ਕਿਤਾਬ ਦਸੰਬਰ ਮਹੀਨੇ ਤੱਕ ਤਿਆਰ ਕਰ ਕੇ ਛਾਪ ਦਿੱਤੀ ਜਾਵੇਗੀ। ਸ੍ਰੀ ਸੋਨੀ ਨੇ ਕਮੇਟੀ ਨੂੰ ਹਰ ਤਰਾਂ ਦੀ ਸਹਾਇਤਾ ਦੇਣ ਦਾ ਵੀ ਭਰੋਸਾ ਦਿੱਤਾ ਤਾਂ ਜੋ ਇਤਿਹਾਸ ਦੀ ਕਿਤਾਬ ਦਾ ਕੰਮ ਮਿੱਥੇ ਸਮੇਂ ਵਿੱਚ ਨੇਪਰੇ ਚੜ ਸਕੇ।