ਨਸ਼ਾ ਛੁਡਾੳੂ ਕੇਂਦਰ ‘ਚ ਦਾਖਲ 9 ਨੌਜਵਾਨ ਹੋਏ ਫਰਾਰ ,ਸਟਾਫ਼ ਨੂੰ ਕਮਰੇ ਵਿਚ ਬੰਦ ਕਰ ਗਏ

ਮੋਗਾ,5 ਜੁਲਾਈ (ਜਸ਼ਨ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਛੁਡਾੳੂ ਮੁਹਿੰਮ ਨੂੰ ਉਸ ਸਮੇਂ ਢਾਹ ਲੱਗੀ ਜਦੋਂ ਮੋਗਾ ਜ਼ਿਲੇ ਦੇ ਪਿੰਡ ਜਨੇਰ ਵਿਖੇ ਸਥਿਤ ਨਸ਼ਾ ਛੁਡਾੳੂ ਅਤੇ ਮੁੜ ਵਸੇਬਾ ਕੇਂਦਰ ਵਿਚ ਦਾਖਲ 9 ਨੌਜਵਾਨ ਬੀਤੀ ਰਾਤ ਫਰਾਰ ਹੋ ਗਏ। ਨਸ਼ੇ ਦੀ ਦਲਦਲ ਵਿਚੋਂ ਬਾਹਰ ਆਉਣ ਦੇ ਯਤਨ ਵਜੋਂ ਤਿੰਨ ਨੌਜਵਾਨ ਕੁਝ ਦਿਨ ਪਹਿਲਾਂ ਜਦਕਿ 6 ਨੌਜਵਾਨ ਅਜੇ ਕੱਲ ਹੀ ਇਸ ਕੇਂਦਰ ਵਿਚ ਦਾਖਲ ਹੋਏ ਸਨ। ਇਹਨਾਂ ਭੱਜੇ ਨਸ਼ੇੜੀਆਂ ਤੋਂ ਇਲਾਵਾ ਅਜੇ ਤਿੰਨ ਨਸ਼ੇੜੀ ਹੋਰ ਇਸ ਕੇਂਦਰ ਵਿਚ ਦਾਖਲ ਹਨ । ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਤਹਿਤ ਮੋਗਾ ਦੇ ਡਿਪਟੀ ਕਮਿਸ਼ਨਰ ਦੀ ਦੇਖ ਰੇਖ ਵਿਚ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਇਸ ਕੇਂਦਰ ਵਿਚ ਇਕ ਮਨੋਵਿਗਿਆਨੀ ਨਵਕਰਨ ਸਿੰਘ ਅਤੇ ਉਸ ਦੇ ਦੋ ਸਹਾਇਕ ਸੇਵਾਵਾਂ ਨਿਭਾਅ ਰਹੇ ਹਨ। ਬੀਤੀ ਰਾਤ ਇਹਨਾਂ ਅੱਠ ਨਸ਼ੇੜੀਆਂ ਨੇ ਨਾ ਸਿਰਫ਼ ਸਟਾਫ਼ ਨਾਲ ਧੱਕਾ ਮੁੱਕੀ ਕੀਤੀ ਬਲਕਿ ਉਹਨਾਂ ਨੂੰ ਜਾਂਦੇ ਹੋਏ ਇਕ ਕਮਰੇ ਵਿਚ ਬੰਦ ਕਰ ਗਏ। ਇਹਨਾਂ ਭਗੌੜੇ ਨਸ਼ੇੜੀਆਂ ਵਿਚੋਂ ਦੋ ਨਸ਼ੇੜੀਆਂ ਨੂੰ ਉਹਨਾਂ ਦੇ ਮਾਪੇ ਅੱਜ ਦੁਪਹਿਰ ਸਮੇਂ ਫੜ ਕੇ ਮੁੜ ਕੇਂਦਰ ਵਿਚ ਲੈ ਆਏ ਜਿੱਥੇ ਨਸ਼ੇੜੀ ਨੇ ਨਸ਼ਾ ਛੁਡਾੳੂ ਕੇਂਦਰ ਵਿਚ ਲੋੜੀਂਦੀਆਂ ਸਹੂਲਤਾਂ ਨਾ ਮਿਲਣ ਦੇ ਦੋਸ਼ ਲਗਾਏ। ਉਸ ਨੇ ਆਖਿਆ ਕਿ ਕੇਂਦਰ ਵਿਚ ਦਵਾਈ ਦੇਣ ਲਈ ਕੋਈ ਸੀਨੀਅਰ ਡਾਕਟਰ ਹੈ ਹੀ ਨਹੀਂ ਅਤੇ ਨਸ਼ੇੜੀਆਂ ਨੂੰ ਸਿਰਫ਼ ਦਰਦ ਨਿਵਾਰਕ ਦਵਾਈ ਹੀ ਦਿੱਤੀ ਜਾ ਰਹੀ ਹੈ ਤੇ ਇੰਜ ਨਸ਼ਾ ਛੁਡਾਉਣ ਲਈ ਕੋਈ ਪੁਖਤਾ ਪ੍ਰਬੰਧ ਜਾਂ ਇਲਾਜ ਵਿਧੀ ਨਹੀਂ ਅਪਣਾਈ ਜਾ ਰਹੀ ਅਤੇ ਤਲਬ ਉੱਠਣ ਕਾਰਨ ਸਾਰੇ 9 ਨਸ਼ੇੜੀ ਬੀਤੀ ਰਾਤ ਭੱਜ ਖਲੋਏ । ਪ੍ਰੌਜੈਕਟ ਕੋਆਰਡੀਨੇਟਰ ਬਲਵੰਤ ਸਿੰਘ ਨੇ ਮੰਨਿਆ ਕਿ ਕੇਂਦਰ ਕੋਲ ਇਲਾਜ ਦੀ ਆਗਿਆ ਨਾ ਹੋਣ ਕਰਕੇ ਨਸ਼ੇੜੀਆਂ ਨੂੰ ਨਸ਼ਾ ਛੁਡਾਉਣ ਲਈ ਕੋਈ ਦਵਾਈ ਨਹੀਂ ਦਿੱਤੀ ਜਾ ਰਹੀ ਪਰ ਇਸੇ ਕੈਂਪਸ ਵਿਚ ਪੰਜਾਬ ਸਰਕਾਰ ਵੱਲੋਂ ਵੱਖਰੇ ਚਲਾਏ ਜਾ ਰਹੇ ਓਟ ਸੈਂਟਰ ਵਿਚ ਨਸ਼ੇੜੀਆਂ ਨੂੰ ਜੀਭ ’ਤੇ ਰੱਖਣ ਵਾਲੀ ਗੋਲੀ ਰੋਜ਼ਾਨਾ ਦਿੱਤੀ ਜਾ ਰਹੀ ਹੈ।