ਸਰਕਾਰੀਆ ਦੀ ਸਖਤੀ ਨੇ ਨਹਿਰੀ ਪਾਣੀ ਚੋਰੀ ਕਰਨ ਵਾਲਿਆਂ ਨੂੰ ਲਿਆਂਦੀਆਂ ’ਤ੍ਰੇਲੀਆਂ’

ਚੰਡੀਗੜ, 5 ਜੁਲਾਈ: (ਪੱਤਰ ਪਰੇਰਕ)-ਨਹਿਰੀ ਪਾਣੀ ਚੋਰੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨਾਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਖਾਸ ਤੌਰ ’ਤੇ ਮਾਲਵਾ ਖਿੱਤੇ ਦੇ ਅਲੱਗ-ਅਲੱਗ ਪੁਲਿਸ ਸਟੇਸ਼ਨਾਂ ਵਿਚ ਨਹਿਰੀ ਪਾਣੀ ਚੋਰੀ ਦੇ 191 ਮਾਮਲੇ ਦਰਜ ਕਰਵਾਏ ਗਏ ਹਨ। ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪਾਣੀ ਦੀ ਚੋਰੀ ਕਾਰਣ ਟੇਲਾਂ ’ਤੇ ਪਾਣੀ ਨਾ ਪੁੱਜਣ ਬਾਰੇ ਉਨਾਂ ਕੋਲ ਬਹੁਤ ਸਾਰੇ ਕਿਸਾਨਾਂ ਨੇ ਸ਼ਿਕਾਇਤਾਂ ਕੀਤੀਆਂ ਸਨ। ਖਾਸ ਤੌਰ ’ਤੇ ਫਿਰੋਜ਼ਪੁਰ, ਅਬੋਹਰ ਅਤੇ ਹੋਰ ਜ਼ਿਲਿਆਂ ਦੀਆਂ ਟੇਲਾਂ ’ਤੇ ਪਾਣੀ ਨਾ ਪੁੱਜਣ ਕਾਰਣ ਕਿਸਾਨ ਪਰੇਸ਼ਾਨ ਸਨ। ਜਲ ਸਰੋਤ ਮੰਤਰੀ ਨੇ ਵਿਭਾਗ ਨੂੰ ਨਹਿਰੀ ਪਾਣੀ ਦੀ ਚੋਰੀ ਤੁਰੰਤ ਰੋਕਣ ਲਈ ਸਖਤੀ ਵਰਤਣ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਜਿਸ ਬਾਅਦ ਨਹਿਰੀ ਪਾਣੀ ਦੀ ਚੋਰੀ ਦੇ ਹੁਣ ਤੱਕ 191 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਸ੍ਰੀ ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨਾਂ ਨੂੰ ਨਹਿਰੀ ਪਾਣੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਲ ਸਰੋਤ ਵਿਭਾਗ ਇਸ ਮਕਸਦ ਦੀ ਪੂਰਤੀ ਲਈ ਕੋਈ ਕਸਰ ਨਹੀਂ ਛੱਡੇਗਾ। ਉਨਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਜਿੱਥੇ ਨਿਯਮਾਂ ਦੀ ਉਲੰਘਣਾ ਅਤੇ ਪਾਣੀ ਚੋਰੀ ਕੀਤਾ ਜਾ ਰਿਹਾ ਹੈ, ਉੱਥੇ ਸਰਕਾਰ ਦੋਸ਼ੀਆਂ ਨੂੰ ਬਖਸ਼ੇਗੀ ਨਹੀਂ। ਸ੍ਰੀ ਸਰਕਾਰੀਆ ਨੇ ਜਲ ਸਰੋਤ ਵਿਭਾਗ ਨੂੰ ਇਹ ਹਦਾਇਤਾਂ ਵੀ ਦਿੱਤੀਆਂ ਹਨ ਕਿ ਨਹਿਰੀ ਪਾਣੀ ਪੂਰੀ ਸਮਰੱਥਾ ਅਨੁਸਾਰ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਪਾਣੀ ਦੀ ਕੋਈ ਘਾਟ ਨਾ ਆਵੇ। ਨਹਿਰੀ ਪਾਣੀ ਚੋਰੀ ਦੇ ਮਾਮਲਿਆਂ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਸਿਰਫ ਫਿਰੋਜ਼ਪੁਰ ਨਹਿਰੀ ਸਰਕਲ, ਫਿਰੋਜ਼ਪੁਰ ਵਿਚ ਹੀ 118 ਮਾਮਲੇ ਦਰਜ ਕੀਤੇ ਗਏ ਹਨ ਜਿਨਾਂ ਵਿਚੋਂ 26 ਮਾਮਲੇ ਈਸਟਰਨ ਨਹਿਰੀ ਡਵੀਜ਼ਨ, 4 ਹਰੀਕੇ ਨਹਿਰੀ ਡਵੀਜ਼ਨ ਅਤੇ 88 ਅਬੋਹਰ ਨਹਿਰੀ ਡਵੀਜ਼ਨ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕਰਵਾਏ ਗਏ ਹਨ। ਇਸ ਤੋਂ ਇਲਾਵਾ 45 ਮਾਮਲੇ ਸਰਹਿੰਦ ਨਹਿਰੀ ਸਰਕਲ, ਲੁਧਿਆਣਾ ਵਿਚ ਦਰਜ ਕਰਵਾਏ ਹਨ, ਜਿਨਾਂ ਵਿਚੋਂ ਫਰੀਦਕੋਟ ਨਹਿਰੀ ਡਵੀਜ਼ਨ ਵਿਚ 15, ਸਿੱਧਵਾਂ ਨਹਿਰੀ ਡਵੀਜ਼ਨ ਵਿਚ 19, ਰੋਪੜ ਹੈੱਡ ਵਰਕਸ ਡਵੀਜ਼ਨ ਵਿਚ 3 ਅਤੇ 8 ਮਾਮਲੇ ਬਠਿੰਡਾ ਨਹਿਰੀ ਡਵੀਜ਼ਨ ਦੇ ਥਾਣਿਆਂ ਵਿਚ ਦਰਜ ਕਰਵਾਏ ਹਨ।  ਇਸੇ ਤਰਾਂ ਆਈ.ਬੀ. ਸਰਕਲ, ਪਟਿਆਲਾ ਦੀ ਮਾਨਸਾ ਡਵੀਜ਼ਨ ਵਿਚ 11 ਅਤੇ ਬੀਐਮਐਲ ਸਰਕਲ, ਪਟਿਆਲਾ ਦੇ ਦੇਵੀਗੜ ਡਵੀਜ਼ਨ ਵਿਚ ਨਹਿਰੀ ਪਾਣੀ ਦੀ ਚੋਰੀ ਦੇ 17 ਮਾਮਲੇ ਵੱਖ-ਵੱਖ ਥਾਣਿਆਂ ਵਿਚ ਦਰਜ ਕਰਵਾਏ ਗਏ ਹਨ।