ਪੰਜਾਬ ’ਚ ਫੈਲੇ ਨਸ਼ਿਆਂ ਦੇ ਕੋਹੜ ਦੇ ਖਾਤਮੇ ਲਈ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਦੇ ਨਾਂਅ ਪੱਤਰ,ਸਮੂਹ ਪੱਤਰਕਾਰਾਂ ਨੇ ਕੀਤਾ ਸ਼ਾਂਤਮਈ ਨਸ਼ਾ ਵਿਰੋਧੀ ਰੋਸ ਪ੍ਰਦਰਸ਼ਨ

ਕੋਟਕਪੂਰਾ, 5 ਜੁਲਾਈ (ਗੁਰਿੰਦਰ ਸਿੰਘ ਮਹਿੰਦੀਰੱਤਾ) :- ਬੀਤੀ 1 ਜੁਲਾਈ ਤੋਂ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚ ਉੱਠੀ ਨਸ਼ਾ ਵਿਰੋਧੀ ਲੋਕ ਲਹਿਰ ਦਾ ਸਮਰਥਨ ਕਰਦਿਆਂ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਨੂੰ ਸੁਚੇਤ ਕਰਨ ਵਾਸਤੇ ਜਿਲਾ ਫਰੀਦਕੋਟ ਦੇ ਵੱਖ-ਵੱਖ ਸਟੇਸ਼ਨਾਂ ’ਤੇ ਤੈਨਾਤ ਅਖਬਾਰਾਂ ਤੇ ਟੀ.ਵੀ. ਚੈਨਲਾਂ ਨਾਲ ਜੁੜੇ ਸਮੂਹ ਪੱਤਰਕਾਰਾਂ ਨੇ ਪੈ੍ਰਸ ਕਲੱਬ ਕੋਟਕਪੂਰਾ ਦੀ ਅਗਵਾਈ ਹੇਠ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਸੋਂਪਿਆ। ਸਥਾਨਕ ਤਹਿਸੀਲ ਕੰਪਲੈਕਸ ਵਿਖੇ ਉਪ ਮੰਡਲ ਮੈਜਿਸਟੇ੍ਰਟ ਦੀ ਗੈਰ ਹਾਜਰੀ ਕਰਕੇ ਉਕਤ ਮੰਗ ਪੱਤਰ ਅਨਿਲ ਕੁਮਾਰ ਸ਼ਰਮਾ ਨਾਇਬ ਤਹਿਸੀਲਦਾਰ ਕੋਟਕਪੂਰਾ ਨੂੰ ਸੋਂਪਿਆ ਗਿਆ ਤੇ ਉਨਾ ਵਿਸ਼ਵਾਸ਼ ਦਿਵਾਇਆ ਕਿ ਇਹ ਮੰਗ ਪੱਤਰ ਜਲਦ ਮੁੱਖ ਮੰਤਰੀ ਦਫਤਰ ਚੰਡੀਗੜ ਵਿਖੇ ਭੇਜ ਦਿੱਤਾ ਜਾਵੇਗਾ। ਨਸ਼ਾ ਵਿਰੋਧੀ ਫਰੰਟ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਲਹਿਰ ਦਾ ਸਮਰਥਨ ਕਰਨ ਲਈ ਪਹਿਲਾਂ ਸਮੂਹ ਪੱਤਰਕਾਰ ਸਥਾਨਕ ਬੱਤੀਆਂ ਵਾਲੇ ਚੋਂਕ ’ਚ ਇਕੱਤਰ ਹੋਏ, ਇੱਥੇ ਬਿਜਲਈ ਮੀਡੀਏ ਦੇ ਕੈਮਰਿਆਂ ਸਾਹਮਣੇ ਗੱਲਬਾਤ ਕਰਦਿਆਂ ਪੈ੍ਰਸ ਕਲੱਬ ਦੇ ਪ੍ਰਧਾਨ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਖਿਆ ਕਿ ਨਸ਼ਾ ਤਸਕਰਾਂ, ਨਸ਼ੇੜੀਆਂ ਅਤੇ ਇਹਨਾ ਦੀ ਸਰਪ੍ਰਸਤੀ ਕਰਨ ਵਾਲਿਆਂ ਦੀ ਨਸ਼ਾ ਸਪਲਾਈ ਲਾਈਨ ਤੋੜਨ ਦੀ ਜਿੰਮੇਵਾਰੀ ਸਮੇਂ ਦੀ ਸਰਕਾਰ, ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸ਼ਨ ਦੀ ਹੁੰਦੀ ਹੈ। ਜੇਕਰ ਸਪਲਾਈ ਲਾਈਨ ਤੋੜਨ ਲਈ ਲੋਕ ਲਹਿਰ ਬਣ ਜਾਵੇ ਅਰਥਾਤ ਲੋਕਾਂ ਨੂੰ ਇਹ ਕੰਮ ਕਰਨ ਦੀ ਨੌਬਤ ਆ ਜਾਵੇ ਤਾਂ ਫਿਰ ਸਰਕਾਰਾਂ ਨੂੰ ਅਮਨ ਕਾਨੂੰਨ ਦੀ ਸਥਿੱਤੀ ਬਰਕਰਾਰ ਰੱਖਣ ’ਚ ਮੁਸ਼ਕਿਲ ਪੇਸ਼ ਆ ਸਕਦੀ ਹੈ,ਕਿਉਂਕਿ ਲੋਕ ਰੋਹ ਮੂਹਰੇ ਟਿਕ ਸਕਣਾ ਕਿਸੇ ਲਈ ਵੀ ਬਹੁਤ ਔਖਾ ਕੰਮ ਹੈ। ਉਨਾ ਕਿਹਾ ਕਿ ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ’ਚ ਨਸ਼ੇ ਦੀ ਜਿਆਦਾ ਮਾਤਰਾ (ਓਵਰਡੋਜ਼) ਕਾਰਨ ਰੋਜਾਨਾ ਨੌਜਵਾਨਾ ਦੀਆਂ ਹੋ ਰਹੀਆਂ ਮੌਤਾਂ ਦਾ ਸੰਤਾਪ ਸਬੰਧਤ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪੱਤਰਕਾਰਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਕਿਉਂਕਿ ਸਭ ਤੋਂ ਪਹਿਲਾਂ ਘਟਨਾ ਸਥਾਨ ’ਤੇ ਪੱਤਰਕਾਰ ਪਹੁੰਚਦੇ ਹਨ ਤੇ ਉਨਾ ਨੂੰ ਮਿ੍ਰਤਕ ਨੌਜਵਾਨ ਦੇ ਮਾਪਿਆਂ ਦੇ ਵੈਣ, ਕੀਰਨੇ, ਬੱਚਿਆਂ ਦਾ ਚੀਕ ਚਿਹਾੜਾ ਆਦਿ ਮਾਤਮ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੋ ਕਿ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਹੈ।

ਪੈ੍ਰਸ ਕਲੱਬ ਦੇ ਮੁੱਖ ਸਰਪ੍ਰਸਤ ਗੁਰਮੀਤ ਸਿੰਘ ਅਤੇ ਚੇਅਰਮੈਨ ਅਮਿਤ ਸ਼ਰਮਾ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆਂ ਆਖਿਆ ਕਿ ਨਸ਼ਾ ਵਿਰੋਧੀ ਲਹਿਰ ’ਚ ਉੱਘੇ ਸਮਾਜਸੇਵੀਆਂ ਦੇ ਨਾਲ-ਨਾਲ ਬੁੱਧੀਜੀਵੀਆਂ, ਲੇਖਕਾਂ, ਪ੍ਰਚਾਰਕਾਂ ਸਮੇਤ ਪੱਤਰਕਾਰਾਂ ਦੀ ਸ਼ਮੂਲੀਅਤ ਵੀ ਨਸ਼ਾ ਵਿਰੋਧੀ ਮੁਹਿੰਮ ਵਾਸਤੇ ਸ਼ੁੱਭ ਸੰਕੇਤ ਹੈ।  
ਸਬੰਧਤ ਤਸਵੀਰਾਂ ਵੀ।