‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋ ਜ਼ਹਿਰੀਲੇ ਮਸਾਲੇ ਨਾਲ ਅੰਬ ਤਿਆਰ ਕਰਨ ਵਾਲੇ ਗੋਦਾਮ ਵਿੱਚ ਛਾਪਾ

ਮੋਗਾ 5 ਜੁਲਾਈ:(ਜਸ਼ਨ)-ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨ ਅਤੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸਿਹਤ ਵਿਭਾਗ ਮੋਗਾ ਦੀ ਟੀਮ ਵੱਲੋਂ ਬਸੰਤ ਰੋਡ, ਨੇੜੇ ਭੁਪਿੰਦਰਾ ਖਾਲਸਾ ਸਕੂਲ ਮੋਗਾ ਵਿਖੇ ਫ਼ਲਾਂ ਦੇ ਗੋਦਾਮ ‘ਤੇ ਅਚਨਚੇਤ ਛਾਪਾ ਮਾਰਿਆ ਗਿਆ ਅਤੇ ਜ਼ਹਿਰੀਲੀਆਂ ਦਵਾਈਆਂ ਨਾਲ ਪਕਾਇਆ ਜਾ ਰਿਹਾ ਲਗਭੱਗ ਇੱਕ ਕੁਇੰਟਲ ਅੰਬ ਨਸ਼ਟ ਕਰਵਾਇਆ ਗਿਆ। ਇਸ ਮੌਕੇ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ, ਫੂਡ ਸੇਫ਼ਟੀ ਵਿਭਾਗ ਦੇ ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਅਤੇ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਨੇ ਦੱਸਿਆ ਕਿ ਉਨਾਂ ਨੂੰ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਕਿ ਇਸ ਗੋਦਾਮ ‘ਚ ਅੰਬਾਂ ਨੂੰ ਮਸਾਲਿਆਂ ਨਾਲ ਪਕਾਇਆ ਜਾ ਰਿਹਾ ਹੈ, ਜਿਸ ‘ਤੇ ਉਨਾਂ ਸਬੰਧਤ ਗੋਦਾਮ ਵਿੱਚ ਅਚਨਚੇਤ ਛਾਪਾ ਮਾਰਿਆ ਅਤੇ ਉਨਾਂ ਨੂੰ ਲਗਭੱਗ ਇੱਕ ਕੁਇੰਟਲ ਅਜਿਹੇ ਅੰਬ ਮਿਲੇ, ਜਿਨਾਂ ਨੂੰ ਜ਼ਹਿਰੀਲੇ ਮਸਾਲੇ ਨਾਲ ਪਕਾਇਆ ਜਾ ਰਿਹਾ ਸੀ। ਉਨਾਂ ਦੱਸਿਆ ਕਿ ਇਹ ਅੰਬ ਖਾਣ ਵਾਲੇ ਵਿਅਕਤੀ ਲਈ ਭਿਆਨਕ ਅਤੇ ਨਾਮੁਰਾਦ ਬੀਮਾਰੀਆਂ ਨੂੰ ਵੀ ਜਨਮ ਦੇ ਸਕਦੇ ਹਨ। ਉਨਾਂ ਦੱਸਿਆ ਕਿ ਉਨਾਂ ਵੱਲੋਂ ਇਸ ਅੰਬ ਦੇ ਫ਼ਲ ਨੂੰ ਨਸ਼ਟ ਕਰਵਾ ਕੇ ਸੁਟਵਾਇਆ ਗਿਆ ਅਤੇ ਕਿਹਾ ਕਿ ਦੁਕਾਨਦਾਰ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਫ਼ਲ/ਸਬਜ਼ੀ ਵਿਕ੍ਰੇਤਾਵਾਂ ਅਤੇ ਹੋਰ ਦੁਕਾਨਦਾਰਾਂ ਨੂੰ ਫੂਡ ਸੇਫ਼ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਖਬਰਦਾਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


