ਵੱਛੀਆਂ ਦੀ ਜਨਮ ਦਰ ਵਧਾਉਣ ਲਈ ਲਿੰਗ ਨਿਰਧਾਰਤ ਵੀਰਜ ਦੇ 50 ਹਜ਼ਾਰ ਸੈਂਪਲ ਵਿਦੇਸ਼ਾਂ ਤੋਂ ਮੰਗਵਾਏ ਜਾਣਗੇ: ਸਿੱਧੂ

ਚੰਡੀਗੜ•, 4 ਜੁਲਾਈ: (ਜਸ਼ਨ):-ਕਿਸਾਨਾਂ ਦੀ ਆਮਦਨ ਵਧਾਉਣ ਵਾਲੀ ਇੱਕ ਬਹੁ ਮੰਤਵੀ ਯੋਜਨਾ ਅਧੀਨ ਪਸ਼ੂ ਪਾਲਣ ਵਿਭਾਗ ਵਲੋਂ ਵੱਛੀਆਂ ਦੇ ਜਨਮ ਨੂੰ ਯਕੀਨੀ ਬਣਾਉਣ ਲਈ ਲਿੰਗ ਨਿਰਧਾਰਿਤ ਕੀਤੇ ਜਾ ਚੁੱਕੇ ਵੀਰਜ ਦੀਆਂ 50 ਹਜ਼ਾਰ ਸੈਂਪਲ ਵਿਦੇਸ਼ ਤੋਂ ਮੰਗਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੀ। ਉਨ•ਾਂ ਦੱਸਿਆ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਪੰਜਾਬ ਸਰਕਾਰ ਵਲੋਂ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਕਿ ਦੇਸੀ ਗਾਵਾਂ ਦੀ ਨਸਲ ਨੂੰ ਉਤਸ਼ਾਹਿਤ ਕਰਦੇ ਹੋਏ ਦੁੱਧ ਉਤਪਾਦਨ ਵਿੱਚ ਵਾਧਾ ਕੀਤਾ ਜਾਵੇ। ਇਸੇ ਮੰਤਵ ਅਧੀਨ ਵੱਛੀਆਂ ਦੀ ਜਨਮ ਦਰ ਵਿੱਚ ਵਾਧਾ ਕਰਨ ਅਤੇ ਨਿਖੱਟੂ ਵੱਛਿਆਂ ਦੀ ਜਨਮ ਦਰ ਨੂੰ ਘਟਾਉਣ ਲਈ ਲਿੰਗ ਨਿਰਧਾਰਤ ਕੀਤੇ ਹੋਏ ਵੀਰਜ ਦੇ 50 ਹਜ਼ਾਰ ਸੈਂਪਲ ਵਿਦੇਸ਼ਾਂ ਤੋਂ ਮੰਗਵਾਏ ਜਾਣਗੇ। ਉਨ•ਾਂ ਦੱਸਿਆ ਕਿ ਜਿੱਥੇ ਇਸ ਨਾਲ ਸੜਕਾਂ 'ਤੇ ਆਵਾਰਾ ਘੁੰਮਦੇ ਸਾਨ•ਾਂ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਉੱਥੇ ਨਾਲ ਹੀ ਵੱਛੀਆਂ ਦੀ ਗਿਣਤੀ ਵਧਣ ਨਾਲ ਚਿੱਟੀ ਕ੍ਰਾਂਤੀ ਦਾ ਦੂਜਾ ਦੌਰ ਸ਼ੁਰੂ ਹੋ ਸਕੇਗਾ।ਸ. ਸਿੱਧੂ ਨੇ ਦੱਸਿਆ ਕਿ ਇਸਦੇ ਨਾਲ ਹੀ ਵਿਭਾਗ ਵਲੋਂ ਪਟਿਆਲਾ ਵਿਖੇ ਚਲਾਏ ਜਾ ਰਹੇ ਭਰੂਣ ਤਬਦੀਲੀ ਤਕਨੀਕ ਪ੍ਰੋਗਰਾਮ (ਐਂਬਰਿਓ ਟਰਾਂਸਫਰ ਟੈਕਨਾਲੋਜੀ) ਦੀ ਮਜ਼ਬੂਤੀ ਤੇ ਵਿਸਤਾਰ ਲਈ ਕੇਂਦਰ ਸਰਕਾਰ ਵਲੋਂ 7.73 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਇੱਕ ਦੁਧਾਰੂ ਜਾਨਵਰ ਦਾ ਭਰੂਣ ਦੂਸਰੇ ਜਾਨਵਰ 'ਚ ਤਬਦੀਲ ਕੀਤਾ ਜਾਂਦਾ ਹੈ, ਜਿਸਦਾ ਮੰਤਵ ਦੁੱਧ ਦਾ ਉਦਪਾਦਨ ਵਧਾਉਣਾ ਹੈ। ਮੀਟਿੰਗ ਵਿੱਚ ਸ਼ਾਮਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਜੀ. ਵਜ਼ਰਾਲਿੰਗਮ ਨੇ ਦੱਸਿਆ ਕਿ ਲਾਈਵ ਸਟਾਕ ਮਿਸ਼ਨ ਅਧੀਨ ਵੀ ਭਾਰਤ ਸਰਕਾਰ ਨੇ 5 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ, ਜਿਸ ਤਹਿਤ ਸੂਰ ਅਤੇ ਬੱਕਰੀ ਪਾਲਣ ਫਾਰਮਾਂ ਦਾ ਵਿਸਤਾਰ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਨਾਭਾ ਵਿਖੇ ਸੂਰ ਫਾਰਮ ਦੀ ਸਮਰੱਥਾ ਵਧਾ ਕੇ ਲੋਕਾਂ ਨੂੰ ਵਧੀਆ ਨਸਲ ਦੇ ਸੂਰਾਂ ਦੇ ਬੱਚੇ ਦਿੱਤੇ ਜਾਣਗੇ। ਇਸੇ ਤਰ•ਾਂ ਪਟਿਆਲਾ ਜ਼ਿਲ•ੇ ਦੇ ਕੁੱਲੇ ਮਾਜਰਾ ਵਿਖੇ ਬੱਕਰੀਆਂ ਦੇ ਫਾਰਮ ਦਾ ਵਿਸਤਾਰ ਵੀ ਇਸੇ ਯੋਜਨਾ ਅਧੀਨ ਕੀਤਾ ਜਾਵੇਗਾ। ਇਸ ਫਾਰਮ ਵਿੱਚ ਬੀਟਲ ਨਸਲ ਦੀਆਂ ਬੱਕਰੀਆਂ ਦੀ ਜਨਮ ਦਰ ਨੂੰ ਵਧਾਇਆ ਜਾਵੇਗਾ। ਸ. ਸਿੱਧੂ ਨੇ ਅੱਗੇ ਦੱਸਿਆ ਕਿ ਇਸੇ ਦਿਸ਼ਾ 'ਚ ਲੁਧਿਆਣਾ ਜ਼ਿਲ•ੇ ਦੇ ਪਿੰਡ ਮੱਤੇਵਾੜਾ ਵਿਖੇ ਪਿੱਗ ਪ੍ਰੋਸੈਸਿੰਗ ਯੂਨਿਟ ਲਗਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਸੂਬਾ ਸਰਕਾਰ ਵਲੋਂ 1 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਪਸ਼ੂਆਂ ਦਾ ਬੀਮਾ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਮਰਜੀਤ ਸਿੰਘ, ਡਾਇਰੈਕਟਰ ਪਸ਼ੂ ਪਾਲਣ, ਸ. ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਅਤੇ ਸ੍ਰੀ ਮਦਨ ਮੋਹਨ, ਡਾਇਰੈਕਟਰ ਮੱਛੀ ਪਾਲਣ ਵੀ ਹਾਜ਼ਰ ਸਨ।