ਪਿੰਡ ਬੁੱਘੀਪੁਰਾ ਦੇ ਨੌਜਵਾਨਾਂ ਨੇ ਪਿੰਡ ਵਿੱਚ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਕੀਤੀ

ਮੋਗਾ,4 ਜੁਲਾਈ (ਜਸ਼ਨ)-ਮਰੋ ਜਾਂ ਵਿਰੋਧ ਕਰੋ ਮਿਸ਼ਨ ਤਹਿਤ ਅੱਜ ਪਿੰਡ ਬੁੱਘੀਪੁਰਾ ਦੇ ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ਬਜੁਰਗਾਂ ਨਸ਼ਿਆਂ ਖਿਲਾਫ ਆਪਣੀ ਆਵਾਜ ਬੁਲੰਦ ਕਰਦਿਆਂ ਪਿੰਡ ਦਂ ਪਾਰਕ ਵਿੱਚ ਨੌਜਵਾਨਾਂ, ਔਰਤਾਂ, ਬੱਚਿਆਂ ਅਤੇ ਬਜੁਰਗਾਂ ਦੀ ਵੱਡੀ ਇਕੱਤਰਤਾ ਕੀਤੀ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਮੁੱਖ ਸਲਾਹਕਾਰ ਗੋਕਲ ਚੰਦ ਬੁੱਘੀਪੁਰਾ, ਸਬਰੰਗ ਵੈਲਫੇਅਰ ਕਲੱਬ ਦੇ ਚੇਅਰਮੈਨ ਗਗਨਦੀਪ ਟੰਡਨ, ਪ੍ਧਾਨ ਸੁਖਵਿੰਦਰ ਸਿੰਘ ਖੋਟਾ ਅਤੇ ਅਗਾਂਹਵਧੂ ਨੌਜਵਾਨ ਗੁਰਮੀਤ ਸਿੰਘ ਵਿੱਕੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਵਿੱਚ ਨੌਜਵਾਨਾਂ ਦੀਆਂ ਹੋ ਰਹੀਆਂ ਧੜਾਧੜ ਮੌਤਾਂ ਅਤੇ ਪੰਜਾਬ ਵਿੱਚ ਚਿੱਟੇ ਅਤੇ ਹੋਰ ਸਿੰਥੈਟਿਕ ਨਸ਼ਿਆਂ ਦੀ ਹੋ ਰਹੀ ਵਿਕਰੀ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਰਸਤੇ ਤੋਂ ਭਟਕੇ ਹੋਏ ਨੌਜਵਾਨਾਂ ਨੂੰ ਸਿੱਧੇ ਰਸਤੇ ਲੈ ਕੇ ਆਉਣ ਲਈ ਇੱਕ ਠੋਸ ਨੀਤੀ ਬਣਾਈ ਜਾਵੇ ਤੇ ਉਹਨਾਂ ਨੂੰ ਦਿਮਾਗੀ ਮਰੀਜ ਸਮਝ ਕੇ ਉਹਨਾਂ ਦਾ ਇਲਾਜ਼ ਕੀਤਾ ਜਾਵੇ ਅਤੇ ਉਹਨਾਂ ਨੂੰ ਕਿੱਤਾਮੁਖੀ ਸਿਖਲਾਈ ਦੇ ਕੇ ਬੈਂਕਾਂ ਦੀ ਸਹਾਇਤਾ ਨਾਲ ਉਹਨਾਂ ਦੇ ਰੁਜਗਾਰ ਸ਼ੁਰੂ ਕਰਵਾਏ ਜਾਣ ਅਤੇ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰਾਂ ਵਿੱਚ ਸਭ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹ ਫਿਰ ਤੋਂ ਇਸ ਰਸਤੇ ਨਾ ਤੁਰ ਸਕਣ । ਉਹਨਾਂ ਸਰਕਾਰ ਤੋਂ ਨਸ਼ੇ ਦੇ ਵੱਡੇ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਵੱਡੇ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੁਲਿਸ ਨਸ਼ਾ ਕਰਨ ਵਾਲੇ ਨੌਜਵਾਨਾਂ ਤੇ ਧੜਾਧੜ ਕੇਸ ਪਾ ਕੇ ਜੇਲਾਂ ਵਿੱਚ ਡੱਕ ਰਹੀ ਹੈ ਤੇ ਉਹ ਜੇਲਾਂ ਵਿੱਚ ਜਾ ਕੇ ਵੱਡੇ ਅਪਰਾਧੀ ਬਣ ਕੇ ਬਾਹਰ ਆ ਰਹੇ ਹਨ । ਇਸ ਮੌਕੇ ਸ਼੍ੀ ਗੋਕਲ ਚੰਦ ਨੇ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਹੌਸਲੇ ਬਹੁਤ ਵਧ ਚੁੱਕੇ ਹਨ, ਕਿਉਂਕਿ ਪ੍ਸ਼ਾਸ਼ਨ ਉਹਨਾਂ ਖਿਲਾਫ ਸਖਤ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਹੈ । ਉਹਨਾਂ ਆਮ ਲੋਕਾਂ ਨੂੰ ਛੇ ਜੁਲਾਈ ਨੂੰ ਸ਼ਾਮ 5 ਵਜੇ ਨੇਚਰ ਪਾਰਕ ਮੋਗਾ ਵਿਖੇ ਪਹੁੰਚਣ ਦੀ ਅਪੀਲ ਕੀਤੀ, ਜਿੱਥੇ ਇੱਕ ਲੰਬੀ ਮਨੁੱਖੀ ਕੜੀ ਬਣਾ ਕੇ ਨਸ਼ਿਆਂ ਖਿਲਾਫ ਅਤੇ ਨੌਜਵਾਨਾਂ ਦੀ ਜਵਾਨੀ ਦੀ ਸਲਾਮਤੀ ਲਈ ਇਕਜੁਟਤਾ ਦਾ ਪ੍ਗਟਾਵਾ ਕੀਤਾ ਜਾਵੇਗਾ । ਉਹਨਾਂ ਲੋਕਾਂ ਨੂੰ ਇੱਕ ਤੋਂ ਸੱਤ ਜੁਲਾਈ ਕੰਮ ਦੌਰਾਨ ਆਪਣੇ ਡੌਲਿਆਂ ਤੇ ਕਾਲੀਆਂ ਪੱਟੀਆਂ ਬੰਨਣ, ਕਾਲੀਆਂ ਸ਼ਰਟਾਂ, ਪੱਗਾਂ ਅਤੇ ਚੁੰਨੀਆਂ ਪਹਿਨਣ ਅਤੇ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਪ੍ਹੇਜ਼ ਕਰਨ ਦੀ ਅਪੀਲ ਵੀ ਕੀਤੀ । ਇਸ ਮੌਕੇ ਨੌਜਵਾਨਾਂ ਨੇ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਪੰਜਾਬ ਦੇ ਨੌਜਵਾਨਾਂ ਦੇ ਸਿਹਤਮੰਦ ਅਤੇ ਨਸ਼ਾ ਰਹਿਤ ਭਵਿੱਖ ਦੀ ਕਾਮਨਾ ਕੀਤੀ । ਇਸ ਤੋਂ ਬਾਅਦ ਪੂਰੇ ਪਿੰਡ ਵਿੱਚ ਜਾਗਰੂਕਤਾ ਰੈਲੀ ਕੀਤੀ ਗਈ।  ਇਸ ਮੌਕੇ ਉਕਤ ਤੋਂ ਇਲਾਵਾ ਮਨਜੀਤ ਸਿੰਘ, ਸੁਖਵਿੰਦਰ ਸਿੰਘ ਖੋਟਾ, ਮੁਖਤਿਆਰ ਸਿੰਘ,ਅਮਰਜੀਤ ਸਿੰਘ, ਡਾ. ਅਵਤਾਰ ਸਿੰਘ, ਨਿਰਭੈ ਸਿੰਘ, ਸੁੱਖਾ ਸਿੰਘ, ਜੋਤੀ, ਸਹਿਜਪਾਲ ਸਿੰਘ, ਗੁਰਮੀਤ ਸਿੰਘ ਵਿੱਕੀ, ਕਰਨੈਲ ਸਿੰਘ ਅਤੇ ਮਾ. ਜੁਗਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਨੌਜਵਾਨ, ਔਰਤਾਂ, ਬਜੁਰਗ ਅਤੇ ਬੱਚੇ ਹਾਜਰ ਸਨ ।