ਮਿਸ਼ਨ ਤੰਦਰੁਸਤ ਪੰਜਾਬ ਦੀ ਟੀਮ ਨੇ ਮਠਿਆਈ ਵਿਕੇਰਤਾਵਾਂ ਨਾਲ ਕੀਤੀ ਦੋਸਤਾਨਾ ਮੁਲਾਕਾਤ

ਚੰਡੀਗੜ, 4 ਜੁਲਾਈ (ਪੱਤਰ ਪਰੇਰਕ)-ਪੰਜਾਬ ਦੇ ਲੋਕਾਂ ਨੂੰ ਸ਼ੁੱਧ ਤੇ ਚੰਗੇ ਦਰਜੇ ਦਾ ਦੁੱਧ ਮੁਹੱਈਆ ਕਰਵਾਉਣ ਦੀ ਸੁਹਿਰਦ ਕੋਸ਼ਿਸ ਕਰਦਿਆਂ ਤੰਦਰੁਸਤ ਮਿਸ਼ਨ ਪੰਜਾਬ ਦੇ ਡਾਇਰੈਕਟਰ ਸ੍ਰੀ ਕੇ.ਐਸ.ਪੰਨੂ ਦੀ ਅਗਵਾਈ ਵਿੱਚ ਇੱਕ ਖ਼ਾਸ ਕਿਸਮ ਦੀ ਮੀਟਿੰਗ ਕੀਤੀ ਗਈ। ਸ਼ੁਰੂਆਤੀ ਦੌਰ ਵਿੱਚ ਦੋਸਤਾਨਾ ਵਿਚਾਰ-ਵਟਾਂਦਰੇ ਤੋਂ ਬਿਨਾਂ ਸੂਬੇ ਵਿੱਚੋਂ ਨਕਲੀ ਤੇ ਹਲਕੇ ਪੱਧਰ ਦੇ ਦੁੱਧ ਤੇ ਦੁੱਧ ਉਤਪਾਦਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਸੁਝਾਅ ਵੀ ਮੰਗੇ ਗਏ ਤਾਂ ਸਹੀ ਤਰੀਕੇ ਤੇ ਵਸੀਲੇ ਅਪਣਾਕੇ ਪੰਜਾਬ ਨੂੰ ਨਕਲੀ ਤੇ ਮਾੜੇ ਦੁੱਧ ਤੋਂ ਨਿਜਾਤ ਮਿਲ ਸਕੇ। ਇਸ ਦੌਰਾਨ ਹਲਵਾਈ ਐਸੋਸੀਏਸ਼ਨ ਤੇ ਮਿਠਾਈ ਵਿਕਰੇਤਾਵਾਂ ਨੇ ਇਸ ਗੱਲ ਤੋ ਜ਼ੋਰ ਦਿੱਤਾ ਕਿ ਸਿਹਤ ਵਿਭਾਗ ਨੂੰ ਕਰੱਖਤ ਤੇ ਦੰਡਮਈ ਮਾਹੌਲ ਬਨਾਉਣ ਦੀ ਥਾਂ ਸਹੀ ਸੇਧ ਦੇਣ ਵਾਲੇ ਵਸੀਲੇ ਤੇ ਜਾਗਰੁਕਤਾ ਪ੍ਰਦਾਨ ਕਰਨ ਵਾਲੇ ਤਰੀਕੇ ਅਪਨਾਉਣ ਦੀ ਲੋੜ ਹੈ ਤਾਂ ਜੋ ਫੂਫ ਸੇਫਟੀ ਐਕਟ ਨੂੰ ਸੂਬੇ ਵਿੱਚ ਚੰਗੇ ਤਰਕੀੇ ਨਾਲ ਲਾਗੂ ਕੀਤਾ ਜਾ ਸਕੇ। ਉਨਾਂ ਕਿਹਾ ਕੋਈ ਵੀ ਦੁਕਾਨਦਾਰ ਜਾਂ ਹਲਵਾਈ ਚਿਰਾਂ ਤੋਂ ਬਣਾਇਆ ਆਪਣਾ ਨਾਂ ਕਿਸੇ ਕੀਮਤ ‘ਤੇ ਵੀ ਗਵਾਉਣਾ ਨਹੀਂ ਚਾਹੁੰਦਾ ਅਤੇ ਸੈਂਪਲਾਂ ਦਾ ਫੇਲ ਹੋ ਜਾਣਾ ਸਿਰਫ  ਜਾਗਰੁਕਤਾ ਦੀ ਘਾਟ ਦਾ ਹੀ ਨਤੀਜਾ ਹੈ। ਉਹਨਾਂ  ਦੀ ਬੇਨਤੀ ਨੂੰ ਤੁਰੰਤ ਸਵੀਕਾਰ ਕਰਦੇ ਹੋਏ ਸ੍ਰੀ ਪੰਨੂੰ ਨੇ ਭਰੋਸਾ ਦਿਵਾਇਆ ਕਿ ਸਥਾਨਕ ਭਾਸ਼ਾ ਵਿੱਚ ਸਾਹਿਤ ਪ੍ਰਸਾਰਿਤ ਕੀਤਾ ਜਾਵੇਗਾ। ਉਹਨਾਂ ਨੇ ਤੰਦਰੁਸਤ ਪੰਜਾਬ ਮਿਸ਼ਨ ਦੇ ਸਮਰੱਥਣ ਲਈ ਪ੍ਰੇਰਿਤ ਕੀਤਾ। ਉਹਨਾਂ  ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਉਹ ਸੂਬੇ ਵਿੱਚ ਦੁੱਧ ਅਤੇ ਦੁੱਧ ਉਤਪਾਦਨ ਨਾਲ ਜੁੜੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਹੋਈ ਹੈ ਅਤੇ ਦੇਖਣ ਵਿੱਚ ਆਇਆ ਹੈ ਕਿ ਗੁਆਂਢੀ ਇਲਾਕਿਆਂ ਤੋਂ ਪੰਜਾਬ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਨਕਲੀ ਖੋਆ ਅਤੇ ਪਨੀਰ ਆ ਰਿਹਾ ਹੈ। ਉਨਾਂ ਨੇ ਕਿਹਾ ਕਿ ਨਕਲੀ ਦੁੱਧ ਉਤਪਾਦਾਂ ਦੀ ਸਪਲਾਈ ਕਰਨ ਵਾਲਿਆਂ ਦੇ ਨਾਲ-ਨਾਲ ਸੂਬੇ ਵਿੱਚ ਖਰੀਦਦਾਰਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸ ਲਈ ਇਸ ਮੀਟਿੰਗ ਦਾ ਮੁੱਖ ਉਦੇਸ਼ ਹਲਵਾਈਆਂ ਅਤੇ ਮਿਠਾਈ ਦੁਕਾਨਦਾਰਾਂ ਨੂੰ ਜਾਗਰੂਕ ਕਰਨਾ ਹੈ ਕਿ ਉਹ ਅਜਿਹੀ ਖਰੀਦਦਾਰੀ ਤੋਂ ਦੂਰ ਰਹਿਣ। ਉਨਾਂ ਦੱਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਜਲਦ ਹੀ ਜ਼ਿਲਿਆਂ ਦੇ ਵੱਖ-ਵੱਖ ਸਥਾਨਾਂ ਤੇ ਦੁੱਧ ਨੂੰ ਟੈਸਟ ਕਰਨ ਵਾਲੀਆਂ ਮਸ਼ੀਨਾਂ ਲਾਈਆਂ ਜਾਣਗੀਆਂ ਜਿੱਥੇ ਖਪਤਕਾਰ ਦੁੱਧ ਦੀ ਗੁਣਵੱਤਾ ਅਤੇ ਉਸਦੇ ਸੈਂਪਲ ਖੁਦ ਚੈੱਕ ਕਰ ਸਕਣਗੇ। ਉਹਨਾਂ ਸਾਰੇ ਮਿਠਾਈ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਦੁਕਾਨ ‘ਤੇ ਉਹਨਾਂ ਨੂੰ ਦੁੱਧ ਅਤੇ ਖੋਆ ਸਪਲਾਈ ਕਰਨ ਵਾਲੇ ਦਾ ਨਾਮ ਅਤੇ ਸੰਪਰਕ ਨੰਬਰ ਲਿਖਣ। ਤਾਂ ਜੋ ਖਰਾਬ ਦਰਜੇ ਦੇ ਉਤਪਾਦਾਂ ਦਾ ਉਪਯੋਗ ਕਰਨ ਦੇ ਦੋਸ਼ਾਂ ਤੋਂ ਬਚ ਸਕਣ। ਫੂਡ ਅਤੇ ਡਰੱਗ ਪ੍ਰਸਾਸ਼ਕ ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਭਵਿੱਖ ਵਿੱਚ ਮਿਠਾਈ ਅਤੇ ਦੁੱਧ ਉਤਪਾਦਾਂ ਦੀ ਗੁਣਵੱਤਾ ਦੀ ਨਿਗਰਾਨੀ ਦੇ ਲਈ ਜਿਆਦਾ ਚੈਕਿੰਗ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਵਿੱਚ ਲਗਭਗ 50 ਫੀਸਦੀ ਹਲਵਾਈ ਅਤੇ ਮਿਠਾਈ ਦੁਕਾਨਦਾਰਾਂ ਨੇ ਰਜਿਸਟਰੇਸ਼ਨ ਕਰਵਾਇਆ ਹੈ। ਰਜਿਸਟਰੇਸ਼ਨ ਨਾ ਕਰਵਾਉਣ ਵਾਲੇ ਵਿਭਾਗ ਨੂੰ ਖੁਦ ਕਾਰਵਾਈ ਕਰਨ ਦੇ ਲਈ ਸੱਦਾ ਦੇ ਰਹੇ ਹਨ। ਉਹਨਾਂ ਸਲਾਹ ਦਿੱਤੀ ਕਿ ਸਾਰੇ ਦੁਕਾਨਦਾਰ ਆਪਣੀਆਂ ਦੁਕਾਨਾਂ ‘ਤੇ ਰਜਿਸਟਰੇਸ਼ਨ ਨੰਬਰ ਲਗਾਉਣ। ਉਹਨਾਂ ਦੁਕਾਨਦਾਰਾਂ ਨੂੰ ਸਾਫ਼ ਸੁਥਰੇ ਢੰਗ ਨਾਲ ਖਾਣਾ ਬਣਾਉਣ ਅਤੇ ਪਰੋਸਣ ਲਈ ਕਿਹਾ। ਉਹਨਾਂ  ਕਿਹਾ ਮੁੱਖ ਦਫ਼ਤਰ ਵੱਲੋਂ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਨਿਰੀਖਣ ਟੀਮ ਬੇਵਜਹ ਕਿਸੇ ਦੁਕਾਨਦਾਰ ਨੂੰ ਪਰੇਸ਼ਾਨ ਨਾ ਕਰੇ। ਸੈਂਪਲ ਰਿਪੋਰਟ ਵਿੱਚ ਵੀ ਹੇਰ-ਫੇਰ ਦੀ ਸੰਭਾਵਨਾ ਨੂੰ ਘੱਟ ਕਰਨ ਦੇ ਲਈ ਨਿਗਰਾਨੀ ਕੀਤੀ ਜਾ ਰਹੀ ਹੈ। ਸ੍ਰੀ ਰੂਜ਼ਮ ਨੇ ਕਿਹਾ ਕਿ ਤੇਲ ਦੀ ਗੁਣਵੱਤਾ ਨੂੰ ਜਾਂਚਣ ਦੇ ਲਈ ਜਲਦ ਹੀ ਸਪੈਸ਼ਲ ਮਸ਼ੀਨਾਂ ਲਗਾਈਆਂ ਜਾਣਗੀਆਂ। ਉਹਨਾਂ ਕਿ ਦੇਖਣ ਵਿੱਚ ਆਇਆ ਹੈ ਕਿ ਜਾਂ ਤਾਂ ਨਾ-ਸਮਝੀ ਦੇ ਕਾਰਨ ਜਾਂ ਜਾਣ ਬੁੱਝ ਕੇ ਸਨੈਕਸ ਤਲਣ ਦੇ ਲਈ ਇਕ ਹੀ ਤੇਲ ਦਾ ਕਈ ਵਾਰ ਉਪਯੋਗ ਕੀਤਾ ਜਾਂਦਾ ਹੈ ਜੋ ਕਿ ਬੇਹੱਦ ਹਾਨੀਕਾਰਕ ਹੈ। ਇਸ ਲਈ ਮਸ਼ੀਨਾਂ ਦੁਆਰਾ ਤੇਲ ਦੀ ਕੁਆਲਟੀ ਚੈਕ ਕੀਤੀ ਜਾਵੇਗੀ ਅਤੇ ਇਹ ਮਸ਼ੀਨ ਮਿੰਟਾਂ ਵਿੱਚ ਹੀ ਮੌਕੇ ‘ਤੇ ਰਿਪੋਰਟ ਤਿਆਰ ਕਰ ਦੇਵੇਗੀ। ਖਰਾਬ ਕਿਸਮ ਦੇ ਤੇਲ ਦੀ ਜਾਂਚ ਦੇ ਲਈ ਇਹ ਮਸ਼ੀਨ ਵਰਦਾਨ ਸਾਬਿਤ ਹੋਵੇਗੀ।ਇਸ ਆਪਣੀ ਕਿਸਮ ਦੀ ਪਹਿਲੀ ਤੇ ਨਵੇਕਲੀ ਮੀਟਿੰਗ ਵਿੱਚ ਸ੍ਰੀ ਵਰੁਨ ਰੂਜਮ , ਕਮਿਸ਼ਨਰ ,ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ ,ਪੀ ਡੀ ਐੱਫ ਏ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ, ਹਲਵਾਈ ਐਸੋਸੀਏਸ਼ਨ,ਮਿਠਾਈ ਵਿਕਰੇਤਾਵਾਂ ਤੋਂ ਬਿਨਾਂ  ਡੇਅਰੀ ਡਿਵੈਲਪਮੈਂਟ ਵਿਭਾਗ ਦੇ ਅਧਿਕਾਰੀਆਂ, ਵਿਕਾਸਸ਼ੀਲ ਕਿਸਾਨ ਵੀ ਸ਼ਾਮਿਲ ਸਨ।