‘ਆਈ ਹਰਿਆਲੀ’ ਐਪ ਨੂੰ ਸੂਬਾ ਵਾਸੀਆਂ ਵਲੋਂ ਭਰਵਾਂ ਹੁੰਗਾਰਾ: ਸਾਧੂ ਸਿੰਘ ਧਰਮਸੋਤ

ਚੰਡੀਗੜ, 4 ਜੁਲਾਈ(ਪੱਤਰ ਪਰੇਰਕ)-  ਪੰਜਾਬ ਸਰਕਾਰ ਵਲੋਂ ਸੂਬੇ ’ਚ ਹਰਿਆਲੀ ਵਧਾਉਣ ਤੇ ਸੂਬਾ ਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ‘ਆਈ ਹਰਿਆਲੀ’ ਐਪ ਨੂੰ ਸੂਬੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸਫ਼ਲਤਾ ਲਈ ਜੰਗਲਾਤ ਵਿਭਾਗ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਰਿਹਾ ਹੈ। ਉਨਾਂ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ‘ਘਰ-ਘਰ ਹਰਿਆਲੀ’ ਯੋਜਨਾ ਤਹਿਤ ਸੂਬੇ ਭਰ ’ਚ ਮੁਫ਼ਤ ਬੂਟੇ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਵਿਭਾਗ ਵਲੋਂ ਸੂਬਾ ਵਾਸੀਆਂ ਨੂੰ ਘਰ ਬੈਠਿਆਂ ਹੀ ਆਪਣੀ ਪਸੰਦ ਦੇ ਬੂਟੇ ਆਨ ਲਾਈਨ ‘ਆਈ ਹਰਿਆਲੀ’ ਐਪ ਰਾਹੀਂ ਬੁੱਕ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਜੰਗਲਾਤ ਮੰਤਰੀ ਨੇ ਸੂਬਾ ਵਾਸੀਆਂ ਵਲੋਂ ‘ਆਈ ਹਰਿਆਲੀ’ ਐਪ ਨੂੰ ਦਿੱਤੇ ਭਰਵੇਂ ਹੁੰਗਾਰੇ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸੂਬੇ ਦੇ ਨਾਗਰਿਕਾਂ ਦੇ ਹੁੰਗਾਰੇ ਸਦਕਾ ਇਹ ਐਪ ਪਿਛਲੇ ਦਿਨਾਂ ਦੌਰਾਨ ਨੰਬਰ-1 ਇੱਕ ਟਰੈਂਡਿੰਗ ਐਪ ਰਹੀ ਹੈ। ਉਨਾਂ ਦੱਸਿਆ ਕਿ ਇਸ ਐਪ ਸਬੰਧੀ ਗੂਗਲ ਪਲੇਅ ਸਟੋਰ ਤੋਂ ਹੁਣ ਤੱਕ 1 ਲੱਖ 70 ਹਜ਼ਾਰ ਡਾੳੂਨਲੋਡ ਹੋ ਚੁੱਕੇ ਹਨ ਜਦਕਿ ਸੂਬਾ ਵਾਸੀਆਂ ਵਲੋਂ ਲਾਪਣੀ ਪਸੰਦ ਦੇ ਬੂਟੇ ਮੁਫ਼ਤ ਹਾਸਲ ਕਰਨ ਲਈ 1 ਲੱਖ 40 ਹਜ਼ਾਰ ਬੁਕਿੰਗਾਂ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਇਸ ਐਪ ਰਾਹੀਂ ਇੱਕ ਮਹੀਨੇ ਦੇ ਸਮੇਂ ਦੌਰਾਨ ਸੂਬੇ ਭਰ ’ਚ ਵੱਖ-ਵੱਖ ਕਿਸਮਾਂ ਦੇ 8 ਲੱਖ ਬੂਟੇ ਸਪਲਾਈ ਕੀਤੇ ਜਾ ਚੁੱਕੇ ਹਨ। ਸ. ਧਰਮਸੋਤ ਨੇ ਅੱਗੇ ਦੱਸਿਆ ਕਿ ‘ਆਈ ਹਰਿਆਲੀ’ ਐਪ ਦੇਸ਼ ਦੀ ਪਹਿਲੀ ਐਂਡਰਾਇਡ ਅਧਾਰਿਤ ਮੋਬਾਈਲ ਐਪਲੀਕੇਸ਼ਨ ਹੈ, ਜਿਸ ਰਾਹੀਂ ਪੰਜਾਬ ਦੇ ਵਸਨੀਕਾਂ ਨੂੰ ਭੂਗੋਲਿਕ ਤੌਰ ’ਤੇ ਆਪਣੀ ਨਜ਼ਦੀਕੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦੇ ਬੂਟੇ ਚੁਣਨ ਤੇ ਹਾਸਲ ਕਰਨ ਦੀ ਸਹੂਲਤ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਐਪ ਨੂੰ ‘ਘਰ-ਘਰ ਹਰਿਆਲੀ’ ਸਕੀਮ ਦੇ ਇੱਕ ਹਿੱਸੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5 ਜੂਨ, 2018 ਨੂੰ ਸ਼ੁਰੂ ਕੀਤਾ ਗਿਆ ਸੀ ਜੋ ਕਿ ਸੂਬਾ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਹਿੱਸਾ ਹੈ। ਉਨਾਂ ਦੱਸਿਆ ਕਿ ਲੋਕਾਂ ਦੀ ਬੂਟੇ ਹਾਸਲ ਕਰਨ ਦੀ ਵੱਡੀ ਮੰਗ ਨੂੰ ਵੇਖਦਿਆਂ ਅਤੇ ਜੰਗਲਾਤ ਵਿਭਾਗ ਦੀਆਂ ਨਰਸਰੀਆਂ ’ਤੇ ਦਬਾਅ ਕਾਰਨ ਹੁਣ ਪ੍ਰਤੀ ਦਿਨ ਪ੍ਰਤੀ ਵਿਅਕਤੀ ਬੁਕਿੰਗ ਨੂੰ 15 ਪੌਦਿਆਂ ਤੱਕ ਸੀਮਤ ਕੀਤਾ ਗਿਆ ਹੈ।