ਪਿੰਡ ਸੋਸਣ ਦਾ ਸਰਕਾਰੀ ਪ੍ਰਾਇਮਰੀ ਸਕੂਲ ਬਿਖੇਰ ਰਿਹਾ ਚੁਫ਼ੇਰੇ ਮਹਿਕਾਂ,ਸਮਾਰਟ ਨਰਸਰੀ ਕਲਾਸਾਂ ਦੀ ਸ਼ੁਰੂਆਤ ਕਰਕੇ ਕੀਤੀ ਮਿਸਾਲ ਕਾਇਮ

ਮੋਗਾ 4 ਜੁਲਾਈ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਸੋਸਣ ਦਾ ਸਰਕਾਰੀ ਪ੍ਰਾਇਮਰੀ ਸਕੂਲ ਇਲਾਕੇ ਦੇ ਚਾਰ-ਚੁਫ਼ੇਰੇ ਵਿੱਦਿਅਕ ਮਾਹੌਲ ਦੀਆਂ ਮਹਿਕਾਂ ਬਿਖੇਰ ਰਿਹਾ ਹੈ ਅਤੇੇ ਪੰਜਾਬ ਸਰਕਾਰ ਦੇ ਨਿਵੇਕਲੇ ਪ੍ਰੋਜੈਕਟ ‘ਪੜੋ ਪੰਜਾਬ‘ ਤਹਿਤ ਖੇਡ ਮਹਿਲ ਨੂੰ ਇਸ ਸਕੂਲ ਦੀਆਂ ਨਰਸਰੀ ਕਲਾਸਾਂ ਵਿੱਚ ਪੂਰੀ ਤਰਾਂ ਲਾਗੂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਖੇਡ ਵਿਧੀਆਂ ਰਾਹੀਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਇਹ ਸਕੂਲ ਮੀਲ ਸਾਬਤ ਹੋ ਰਿਹਾ ਹੈ ਅਤੇ ਇਹ ਸਕੂਲ ਜ਼ਿਲੇ ਦੇ ਬਾਕੀ ਸਕੂਲਾਂ ਲਈ ਪ੍ਰੇਰਣਾ ਸ੍ਰੋਤ ਸਿੱਧ ਹੋ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸਕੂਲ ਨੂੰ ਜ਼ਿਲੇ ਦੇ ਉਨਾਂ ਮੋਹਰੀ ਸਕੂਲਾਂ ‘ਚ ਸ਼ਾਮਲ ਕੀਤਾ ਗਿਆ ਹੈ, ਜਿੰਨਾਂ ਦੀ ਪੇਸ਼ਕਾਰੀ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਵੱਲੋਂ ਖੁਦ ਲਈ ਗਈ ਸੀ। ਉਨਾਂ ਕਿਹਾ ਕਿ ਜ਼ਿਲੇ ਦੇ ਹੋਰ ਸਕੂਲਾਂ ਨੂੰ ਵੀ ਇਸ ਸਕੂਲ ਤੋ ਸੇਧ ਲੈਣੀ ਚਾਹੀਦੀ ਹੈ, ਤਾਂ ਜੋ ਜ਼ਿਲਾ ਸਿੱਖਿਆ ਦੇ ਖੇਤਰ ਵਿੱਚ ਹੋਰ ਉੱਚੀਆਂ ਬੁਲੰਦੀਆਂ ਨੂੰ ਛੋਹ ਸਕੇ।    ਗੌਰਤਲਬ ਹੈ ਕਿ ਇਸ ਪਿੰਡ ਦੇ ਪਰਵਾਸੀ ਪੰਜਾਬੀਆਂ ਨੇ ਰਲ-ਮਿਲ ਕੇ ਹੰਭਲਾ ਮਾਰਦਿਆਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਹੁਤ ਹੀ ਖੂਬਸੂਰਤ ਸਮਾਰਟ ਕਲਾਸਰੂਮ ਤਿਆਰ ਕਰਵਾ ਕੇ ਸਕੂਲ ਦੀ ਦਿੱਖ ਸੰਵਾਰੀ ਹੈ ਅਤੇ ਸਕੂਲ ‘ਚ ਸਮਾਰਟ ਨਰਸਰੀ ਕਲਾਸਾਂ ਸ਼ੁਰੂ ਕਰਕੇ ਮਿਸਾਲ ਪੈਦਾ ਕੀਤੀ ਹੈ। ਸਮਾਰਟ ਨਰਸਰੀ ਕਲਾਸਰੂਮ ਨੂੰ 1.55 ਲੱਖ ਰੁਪਏ ਖਰਚ ਕੇ ਨਵੀਂ ਦਿਸ਼ਾ ਪ੍ਰਦਾਨ ਕੀਤੀ ਗਈ ਹੈ। ਟਾਈਲਾਂ ਦੀ ਫਰਸ਼ ਅਤੇ ਕਾਨਫਰੰਸ ਰੂਮ ਵਰਗਾ ਗੋਲ-ਮੇਜ਼ ਫਰਨੀਚਰ ਬੱਚਿਆਂਂ ਦੇ ਬੈਠਣ ਲਈ ਲਾਇਆ ਗਿਆ ਹੈ ਜਦਕਿ ਛੱਤ ਅਤੇ ਕੰਧਾਂ ‘ਤੇ ਚਿੱਤਰਕਾਰੀ ਕਰਕੇ ਕਾਰਟੂਨ, ਸੂਰਜੀ ਪ੍ਰੀਵਾਰ, ਪੇਂਡੂ ਖੇਡਾਂ ਕੋਟਲਾ ਛਪਾਕੀ/ਪਤੰਗਬਾਜੀ/ਅੱਡਾ ਖੱਡਾ/ਕਬੱਡੀ/ਗੁੱਲੀ ਡੰਡਾ ਆਦਿ ਤੋਂ ਇਲਾਵਾ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਦੀ ਵਰਣਮਾਲਾ ਨਾਲ ਕਮਰੇ ਨੂੰ ਮਨਮੋਹਕ ਬਣਾਇਆ ਗਿਆ ਹੈ। ਨਰਸਰੀ ਕਲਾਸ ਨੂੰ 55 ਇੰਚ ਵਾਲੀ ਵੱਡ ਅਕਾਰੀ ਸਮਾਰਟ ਐਲ.ਈ.ਡੀ. ਲਗਾ ਕੇ ਬੱਚਿਆਂ ਨੂੰ ਵੀਡੀਉ ਰਾਹੀਂ ਪੜਾਈ ਕਰਵਾਈ ਜਾ ਰਹੀ ਹੈ। ਇਹ ਸਾਰਾ ਕੁੱਝ ਪਿੰਡ ਦੇ ਕੈਨੇਡਾ ਰਹਿੰਦੇ ਐਨ.ਆਰ.ਆਈ. ਮਲਕੀਤ ਸਿੰਘ ਲਾਡੀ ਪੰਧੇਰ ਵੱਲੋਂ ਭੇਜੀ ਮੱਦਦ ਨਾਲ ਅਤੇ ਸਿਹਤ ਵਿਭਾਗ ਮੋਗਾ ਦੇ ਬੀ.ਈ.ਈ. ਰਛਪਾਲ ਸਿੰਘ ਸੋਸਣ ਦੀ ਹਿੰਮਤ ਸਦਕਾ ਸੰਭਵ ਹੋਇਆ ਹੈ। ਇਸ ਸਕੂਲ ਦੇ ਅਧਿਆਪਕਾਂ ਅੰਮਿ੍ਰਤਪਾਲ ਕੌਰ, ਜਤਿੰਦਰ ਸਿੰਘ ਸੰਘਾ, ਰਮਨਦੀਪ ਕੌਰ ਅਤੇ ਕੁਲਵਿੰਦਰ ਕੌਰ ਨੇ ਦੱਸਿਆ ਕਿ ਲਾਡੀ ਪੰਧੇਰ ਵੱਲੋਂ ਦਿੱਤੀ ਗਈ 1.55 ਲੱਖ ਰੁਪਏ ਦੀ ਸਹਾਇਤਾ ਨਾਲ ਕਮਰੇ ਦਾ ਹੁਲੀਆ ਬਦਲਿਆ ਗਿਆ ਹੈ, ਜਦਕਿ 38 ਹਜ਼ਾਰ ਰੁਪਏ ਖਰਚ ਕੇ ਐਲ.ਈ.ਡੀ. ਲਗਾਈ ਗਈ ਹੈ। ਉਨਾਂ ਦੱਸਿਆ ਕਿ ਪਰਵਾਸੀ ਪੰਜਾਬੀ ਚਮਕੌਰ ਸਿੰਘ ਗਰੇਵਾਲ ਵੱਲੋਂ ਬੱਚਿਆਂ ਨੂੰ ਇੱਕ ਲੱਖ ਰੁਪਏ ਦੇ ਟੋਪੀ, ਬੂਟ ਜ਼ੁਰਾਬਾਂ ਸਮੇਤ ਟਰੈਕ ਸੂਟ ਦਿੱਤੇ ਗਏ ਹਨ, ਜਦ ਕਿ ਕਿਰਨਦੀਪ ਪੰਧੇਰ ਆਸਟਰੇਲੀਆ ਵੱਲੋਂ 25 ਹਜ਼ਾਰ ਰੁਪਏ ਖਰਚ ਕੇ ਬੂਟ, ਦੋ-ਦੋ ਜੋੜੇ ਜ਼ੁਰਾਬਾਂ ਅਤੇ ਟੋਪੀਆਂ ਦਿੱਤੀਆਂ ਗਈਆਂ ਹਨ। ਇਸੇ ਤਰਾਂ ਪਿੰਡ ਬੁੱਟਰ ਕਲਾਂ ਦੇ ਵਿੰਨੀਪੈੱਗ ਰਹਿੰਦੇ ਪਰਵਾਸੀ ਪੰਜਾਬੀ ਰਮਨਦੀਪ ਸਿੰਘ ਢਿੱਲੋਂ ਵੱਲੋਂ ਸਕੂਲ ਨੂੰ ਲੈਪਟਾਪ ਦਾਨ ਕੀਤਾ ਗਿਆ ਹੈ, ਜਦ ਕਿ ਐਬਸਫੋਰਡ ਰਹਿੰਦੇ ਜਗਸੀਰ ਸਿੰਘ ਸੀਰਾ ਪੰਧੇਰ, ਗੁਰਪ੍ਰੀਤ ਸਿੰਘ ਗੋਪੀ ਪੰਧੇਰ ਤੇ ਹਰਪ੍ਰੀਤ ਸਿੰਘ ਹੈਪੀ ਪੰਧੇਰ ਵੱਲੋਂ 20 ਹਜ਼ਾਰ ਰੁਪਏ ਅਤੇ ਪਿੰਡ ਰਾਮਗੜ ਸਿਵੀਆਂ ਦੇ ਐਬਸਫੋਰਡ ਰਹਿੰਦੇ ਪਰਵਾਸੀ ਪੰਜਾਬੀ ਗੁਰਦੀਪ ਸਿੰਘ ਸਿਵੀਆ ਵੱਲੋਂ 10 ਹਜ਼ਾਰ ਰੁਪਏ ਨਰਸਰੀ ਕਲਾਸ ਦੀਆਂ ਕਿਤਾਬਾਂ ਲਈ ਭੇਜੇ ਗਏ ਹਨ। ਭਾਈ ਘਨੱਈਆ ਕੈਂਸਰ ਰੋਕੋ ਸੋਸਾਇਟੀ ਫ਼ਰੀਦਕੋਟ ਵਾਲੇ ਗੁਰਪ੍ਰੀਤ ਸਿੰਘ ਚੰਦਬਾਜਾ ਵੱਲੋਂ ਸਾਰੇ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਤੇ 13 ਬੱਚਿਆਂ ਨੂੰ ਬੈਗ ਦਿੱਤੇ ਗਏ ਹਨ। ਇਲਾਕਾ ਵਾਸੀਆਂ ਵੱਲੋਂ ਪਰਵਾਸੀ ਪੰਜਾਬੀਆਂ ਦੇ ਵਿੱਦਿਆ ਦਾ ਚਾਨਣ ਵੰਡਣ ਦੇ ਖੇਤਰ ਵਿੱਚ ਪਾਏ ਜਾ ਰਹੇ ਇਸ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।