ਦਿੱਲੀ ਸਰਕਾਰ ਦੇ ਹੱਕ ’ਚ ਆਏ ਸੁਪਰੀਮ ਕੋਰਟ ਦੇ ਫੈਸਲੇ ਨਾਲ ਆਮ ਆਦਮੀ ਦੇ ਹੱਕਾਂ ਦੀ ਨਵੀਂ ਇਬਾਰਤ ਲਿੱਖੀ ਜਾਵੇਗੀ-ਜਗਦੀਪ ਸਿੰਘ ਜੈਮਲਵਾਲਾ

ਮੋਗਾ,4 ਜੁਲਾਈ (ਜਸ਼ਨ)- ‘ਅੱਜ ਮਾਣਯੋਗ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ‘ਚ ਪੈਦਾ ਹੋਏ ਟਕਰਾਅ ‘ਤੇ ਆਏ ਫੈਸਲੇ ਨਾਲ ਸਮੁੱਚੇ ਦੇਸ਼ ਵਿਚ ਆਮ ਆਦਮੀ ਦੇ ਹੱਕਾਂ ਦੀ ਨਵੀਂ ਇਬਾਰਤ ਲਿੱਖੀ ਜਾਵੇਗੀ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੰਮੂ ਕਸ਼ਮੀਰ ਵਿਚ ਆਮ ਆਦਮੀ ਪਾਰਟੀ ਦੇ ਕੋ ਔਬਜ਼ਰਵਰ ਜਗਦੀਪ ਸਿੰਘ ਜੈਮਲਵਾਲਾ ਨੇ ਮੋਗਾ ਵਿਖੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਜੈਮਲਵਾਲਾ ਨੇ ਆਖਿਆ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਸਪੱਸ਼ਟ ਫ਼ਤਵਾ ਦਿੱਤਾ ਸੀ ਪਰ ਉਪ ਰਾਜਪਾਲ ਨੇ ਹਮੇਸ਼ਾ ਅੜਿੱਕਾ ਡਾਹੂ ਨੀਤੀ ਅਪਣਾਈ ਰੱਖੀ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ ਪਰ ਹੁਣ ਮਾਣਯੋਗ ਸੁਪਰੀਮ ਕੋਰਟ ਦੇ ਸਵਾਗਤਯੋਗ ਫੈਸਲੇ ਉਪਰੰਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਮੰਤਰੀ ਮੰਡਲ ਵਿਕਾਸ ਦੇ ਨਵੇਂ ਦਿਸਹੱਦੇ ਸਿਰਜ ਸਕੇਗਾ ਅਤੇ ਆਮ ਲੋਕਾਂ ਦੀਆਂ ਅਕਾਂਕਸ਼ਾਵਾਂ ’ਤੇ ਪੂਰਾ ਉੱਤਰ ਸਕੇਗਾ। ਜਗਦੀਪ ਸਿੰਘ ਜੈਮਲਵਾਲਾਆਖਿਆ ਕਿ ਭਾਰਤੀ ਲੋਕਤੰਤਰ ਨੂੰ ਬਹਾਲ ਰੱਖਣ ਲਈ ਨਿਆਂਪਾਲਿਕਾ ਹਮੇਸ਼ਾ ਸਿਰਮੌਰ ਰਹੀ ਹੈ ਅਤੇ ਕੇਂਦਰ ਸਰਕਾਰ ਵਿਚ ਸੱਤਾਧਾਰੀਆਂ ਨੂੰ ਵੀ ਰਾਜਸੱਤਾ ਦਾ ਧਰਮ ਨਿਭਾਉਂਦਿਆਂ ਅੱਜ ਦੇ ਇਸ ਫੈਸਲੇ ਅੱਗੇ ਸਿਰ ਨਿਵਾਉਂਦਿਆਂ ਲੋਕ ਹਿਤਾਂ ਵਿਚ ਨਾਂਹ-ਪੱਖੀ ਸੋਚ ਦਾ ਤਿਆਗ ਕਰਨਾ ਚਾਹੀਦਾ ਹੈ।


