ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉੱਪਰਾਜਪਾਲ ਦਰਮਿਆਨ ਸ਼ਕਤੀ ਦੀ ਜੰਗ ’ਚ ਆਮ ਆਦਮੀ ਜੇਤੂ,ਸੁਪਰੀਮ ਕੋਰਟ ਨੇ ਆਖਿਆ ‘‘ਆਜ਼ਾਦ ਫੈਸਲੇ ਲੈਣ ਲਈ ਉੱਪ ਰਾਜਪਾਲ ਕੋਲ ਕੋੋਈ ਅਧਿਕਾਰ ਨਹੀਂ, ਅਸਲ ਸ਼ਕਤੀ ਹੈ ਮੰਤਰੀ ਪ੍ਰੀਸ਼ਦ ਕੋਲ’’

ਦਿੱਲੀ,4 ਜੁਲਾਈ (‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਡੈਸਕ)-ਮੌਨਸੂਨ ਦੀ ਆਮਦ ਨਾਲ ਸ਼ਾਇਦ ਆਮ ਆਦਮੀ ਪਾਰਟੀ ਦੇ ਖੇੇਮੇਂ ਵਿਚ ਵੀ ਬਹਾਰ ਪਰਤਦੀ ਦਿਖਾਈ ਦੇ ਰਹੀ ਹੈ । ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਦੇ ਉਪ ਰਾਜਪਾਲ ਅਤੇ ਕੇਜਰੀਵਾਲ ਸਰਕਾਰ ਵਿਚਕਾਰ ਚੱਲ ਰਹੀ ਜੰਗ ਅੱਜ ਆਮ ਆਦਮੀ ਪਾਰਟੀ ਦੀ ਜਿੱਤ ਦੇ ਰੂਪ ਵਿਚ ਸੁਖਦ ਸਮਾਚਾਰ ਬਣੀ । ਅੱਜ ਮਾਣਯੋਗ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ‘ਚ ਪੈਦਾ ਹੋਏ ਟਕਰਾਅ ‘ਤੇ ਆਏ ਫੈਸਲੇ ਨਾਲ ਦਿੱਲੀ ਹੀ ਨਹੀਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਇਸ ਫੈਸਲੇ ਦੇ ਦੂਰਰਸੀ ਨਤੀਜੇ ਦੇਖਣ ਦੀ ਆਸ ਬੱਝੀ ਹੈ।  ਸੁਪਰੀਮ ਕੋਰਟ ਅਨੁਸਾਰ ਦਿੱਲੀ ਦੇ ਉਪ ਰਾਜਪਾਲ ਨਾ ਹੀ ਸੁਤੰਤਰ ਫੈਸਲੇ ਲੈ ਸਕਣਗੇ ਤੇ ਨਾ ਹੀ ਅੜਿੱਕਾ ਡਾਹੂ  ਪਾਤਰ ਬਣਨਗੇ। ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਕੇਜਰੀਵਾਲ ਸਰਕਾਰ ਦੀ ਅਰਜ਼ੀ ‘ਤੇ ਇਹ ਫੈਸਲਾ ਸੁਣਾਇਆ ਹੈ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਉੱਪ ਰਾਜਪਾਲ ਹਰ ਤਰਾਂ ਦੇ ਮਾਮਲਿਆਂ ਨੂੰ ਰਾਸ਼ਟਰਪਤੀ ਕੋਲ ਨਹੀਂ ਭੇਜ ਸਕਦਾ ਅਤੇ ਨਾ ਹੀ ਦਿੱਲੀ ਨੂੰ ਪੂਰਨ ਤੌਰ ‘ਤੇ ਸੂਬੇ ਦਾ ਦਰਜਾ ਦਿੱਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਫੈਸਲੇ ‘ਚ ਆਖਿਆ  ਕਿ ਜ਼ਮੀਨ ਨਾਲ ਜੁੜੇ ਮਾਮਲੇ, ਕਾਨੂੰਨ ਵਿਵਸਥਾ ਤੇ ਪੁਲਿਸ ਨੂੰ ਛੱਡ ਕੇ ਦਿੱਲੀ ਸਰਕਾਰ ਕੋਲ ਹੋਰਨਾਂ ਮੁੱਦਿਆਂ ‘ਤੇ ਕਾਨੂੰਨ ਬਣਾਉਣ ਅਤੇ ਰਾਜ ਕਰਨ ਦੀ ਸੰਪੂਰਨ ਸ਼ਕਤੀ ਹੈ। ਐਲ.ਜੀ. ਕੈਬਨਿਟ ਕੌਂਸਲ ਦੀ ਸਹਾਇਤਾ ਅਤੇ ਸਲਾਹ ‘ਤੇ ਕੰਮ ਕਰਨ ਲਈ ਪ੍ਰਤੀਬੱਧ ਹੈ। ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਮੰਤਰੀ ਮੰਡਲ ਨੂੰ ਆਪਣੇ ਫੈਸਲਿਆਂ ਦੀ ਜਾਣਕਾਰੀ  ਐੱਲ.ਜੀ ਨੂੰ ਦੇਣੀ ਚਾਹੀਦੀ ਹੈ, ਪਰ ਇਸ ਦਾ ਇਸਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ‘ਤੇ ਐਲ.ਜੀ. ਦੀ ਸਹਿਮਤੀ ਜਰੂਰੀ ਹੋਵੇ ਤੇ ਨਾ ਹੀ ਰਾਜਪਾਲ ਮਸ਼ੀਨੀ ਤਰੀਕੇ ਨਾਲ ਕੰਮ ਕਰਦਿਆਂ ਮੰਤਰੀ ਮੰਡਲ ਦੇ ਫੈਸਲਿਆਂ ਨੂੰ ਰੋਕਣਗੇ ਕਿਉਂਕਿ ਮੰਤਰੀ ਮੰਡਲ ਜਨਤਾ ਪ੍ਰਤੀ ਜਵਾਬਦੇਹ ਹੈ , ਇਸ ਲਈ ਉਪ ਰਾਜਪਾਲ ਨੂੰ ਮੰਤਰੀ ਮੰਡਲ ਨਾਲ ਇਕਸੁਰ ਹੋ ਕੇ ਤਾਲਮੇਲ ਬਣਾਉਦਿਆਂ ਵਿਚਾਰ ਵਟਾਂਦਰੇ ਨਾਲ ਮੱਤਭੇਦ ਸੁਲਝਾਂਉਣ ਦੇ ਯਤਨ ਕਰਨੇ ਚਾਹੀਦੇ ਹਨ। ਸਪੱਸ਼ਟ ਲਹਿਜ਼ੇ ਵਿਚ ਸੁਪਰੀਮ ਕੋਰਟ ਦੇ ਜਸਟਿਸ ਚੰਦਰਚੂੜ  ਨੇ ਕਿਹਾ ਕਿ ਅਸਲ ਸ਼ਕਤੀ ਮੰਤਰੀ ਪ੍ਰੀਸ਼ਦ  ਕੋਲ ਹੈ ਇਸ ਲਈ ਉੱਪ ਰਾਜਪਾਲ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਫੈਸਲੇ ਮੰਤਰੀ ਪ੍ਰੀਸ਼ਦ ਨੇ ਲੈਣੇ ਹਨ ਉਪ ਰਾਜਪਾਲ ਨੇ ਨਹੀਂ । ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਆਜ਼ਾਦ ਫੈਸਲੇ ਲੈਣ ਲਈ ਉੱਪ ਰਾਜਪਾਲ ਕੋਲ ਕੋੋਈ ਅਧਿਕਾਰ ਨਹੀਂ । ਇਸ ਫੈਸਲੇ ਤੋਂ ਬਾਅਦ ਜਿਥੇ ਆਮ ਆਦਮੀ ਪਾਰਟੀ ਖੇਮੇਂ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਦਿੱਲੀ ਮੁੱਖ ਮੰਤਰੀ ਅਤੇ ਪਾਰਟੀ ਦੇ ਰੂਹੇ-ਰਵਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ , ‘‘ ਇਹ ਲੋਕਾਂ  ਅਤੇ ਲੋਕਤੰਤਰ ਦੀ ਜਿੱਤ ਹੈ’’ 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ