‘ਚਿੱਟੇ ਵਿਰੁੱਧ ਕਾਲਾ ਹਫਤਾ’ ਬੈਨਰ ਹੇਠ ਨਸ਼ਾ ਵਿਰੋਧੀ ਫਰੰਟ ਵੱਲੋਂ ਸ਼ੁਰੂ ਕੀਤੀ ਸੰਕੇਤਕ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

ਕੋਟਕਪੂਰਾ, 3 ਜੁਲਾਈ (ਗੁਰਮੀਤ ਸਿੰਘ ਮੀਤਾ) :- ‘ਚਿੱਟੇ ਵਿਰੁੱਧ ਕਾਲਾ ਹਫਤਾ’ ਬੈਨਰ ਹੇਠ ਵੱਖ-ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਸਾਂਝੇ ਨਸ਼ਾ ਵਿਰੋਧੀ ਫਰੰਟ ਵੱਲੋਂ 1 ਜੁਲਾਈ ਤੋਂ ਸ਼ੁਰੂ ਕੀਤੀ ਸੰਕੇਤਕ ਭੁੱਖ ਹੜਤਾਲ ਦੇ ਤੀਜੇ ਦਿਨ ਅੱਜ 5 ਉੱਘੀਆਂ ਸ਼ਖਸ਼ੀਅਤਾਂ ਕ੍ਰਮਵਾਰ ਜਸਵਿੰਦਰ ਸਿੰਘ ਢਿੱਲੋਂ, ਹਰਪਿੰਦਰ ਸਿੰਘ ਬਰਾੜ, ਸੁਰਿੰਦਰਪਾਲ ਸਿੰਘ ਬੰਟੀ, ਜਸਵੰਤ ਸਿੰਘ ਖਾਲਸਾ ਅਤੇ ਕੇਵਲ ਕਿ੍ਰਸ਼ਨ ਭੁੱਖ ਹੜਤਾਲ ’ਤੇ ਬੈਠੇ। ਉੱਥੇ ਮੌਜੂਦ ਜਸਕਰਨ ਸਿੰਘ ਜੱਸਾ ਅਤੇ ਮਨੀ ਧਾਲੀਵਾਲ ਨੇ ਦੱਸਿਆ ਕਿ 7 ਜੁਲਾਈ ਨੂੰ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਸਭਾ-ਸੁਸਾਇਟੀਆਂ, ਕਲੱਬਾਂ, ਸਿਆਸੀ ਅਤੇ ਗੈਰਸਿਆਸੀ ਸ਼ਖਸ਼ੀਅਤਾਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਫਰੰਟ ਵੱਲੋਂ ਕੋਟਕਪੂਰੇ ਦੇ ਵੱਖ-ਵੱਖ ਗਲੀ-ਮੁਹੱਲਿਆਂ ਅਤੇ ਬਜਾਰਾਂ ’ਚ ਸ਼ਾਂਤਮਈ ਰੋਸ ਮਾਰਚ ਕਰਕੇ ਆਮ ਲੋਕਾਂ ਨੂੰ ਨਸ਼ੇ ਵਿਰੁੱਧ ਜਾਗਰੂਕ ਕਰਨ ਦੀ ਕੌਸ਼ਿਸ਼ ਕੀਤੀ ਜਾਵੇਗੀ। ਵਾਹਿਗੁਰੂ ਸਿਮਰਨ ਕੇਂਦਰ ਤੋਂ ਉਚੇਚੇ ਤੌਰ ’ਤੇ ਪੁੱਜੇ ਭਾਈ ਜਤਿੰਦਰਪਾਲ ਸਿੰਘ ਖਾਲਸਾ ਅਤੇ ਕੌਂਸਲਰ ਡਾ. ਰਣਜੀਤ ਸਿੰਘ ਕਾਕਾ ਨੇ ਦੱਸਿਆ ਕਿ ਰੋਸ ਮਾਰਚ ਮੌਕੇ ਕਿਸੇ ਵੀ ਪ੍ਰਕਾਰ ਦੀ ਭੜਕਾਊ ਤਕਰੀਰ ਅਤੇ ਹਿੰਸਕ ਗਤੀਵਿਧੀ ਦੀ ਇਜਾਜਤ ਨਹੀਂ ਹੋਵੇਗੀ। ਉੱੱਘੇ ਸਮਾਜਸੇਵੀ ਸੁਖਵਿੰਦਰ ਸਿੰਘ ਬੱਬੂ, ਮਾ. ਮਹਿੰਦਰ ਸਿੰਘ ਸੈਣੀ ਅਤੇ ਜਸਮੇਲ ਸਿੰਘ ਨੇ ਦਾਅਵਾ ਕੀਤਾ ਕਿ ਜਿਸ ਤਰਾਂ ਪੰਜਾਬ ਨਸ਼ੇ ਦੀ ਭੱਠੀ ’ਚ ਧੱੁੱਖ ਰਿਹਾ ਹੈ, ਨਿੱਤ ਦਿਨ ਨਸ਼ੇ ਦੇ ਸੇਵਨ ਨਾਲ ਹੋ ਰਹੀਆਂ ਮੌਤਾਂ ਇਸ ਗੱਲ ਦਾ ਸੰਕੇਤ ਹਨ ਕਿ ਉਹ ਦਿਨ ਦੂਰ ਨਹੀਂ ਜਦ ਸਾਡੇ ਘਰ ਵੀ ਇਸ ਅੱਗ ਦੀ ਲਪੇਟ ਵਿੱਚ ਆ ਜਾਣਗੇ। ਉਨਾ ਦੱਸਿਆ ਕਿ 4,5,6 ਅਤੇ 7 ਜੁਲਾਈ ਨੂੰ ਵੀ ਇਸੇ ਤਰਾਂ ਸੰਕੇਤਕ ਭੁੱਖ ਹੜਤਾਲ ’ਤੇ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਅਤੇ ਉਸਾਰੂ ਸੋਚ ਰੱਖਣ ਵਾਲੇ ਪਤਵੰਤੇ ਬੈਠਣਗੇ।