ਪੰਜਾਬ ਪੁਲਿਸ ਵੱਲੋਂ ਇੱਕ ਵੱਡੀ ਛਾਪੇਮਾਰੀ ਦੌਰਾਨ ਸਰਹੱਦ ਪਾਰੋਂ ਹੈਰੋਇਨ ਤਸਕਰੀ ਦਾ ਪਰਦਾਫ਼ਾਸ਼,4 ਗਿ੍ਰਫਤਾਰ,ਬੀ.ਐਸ.ਐਫ ਨੂੰ ਤਸਕਰੀ ’ਚ ਸ਼ਾਮਲ ਇੱਕ ਸ਼ੱਕੀ ਫੌਜੀ ‘ਤੇ ਕਾਰਵਾਈ ਕਰਨ ਦੀ ਵੀ ਦਿੱਤੀ ਜਾਣਕਾਰੀ

ਚੰਡੀਗੜ੍ਹ, 3 ਜਲਾਈ : ਪੰਜਾਬ ਪੁਲਿਸ ਦੇ ਖੁਫ਼ੀਆ ਵਿੰਗ ਨੂੰ ਸਰਹੱਦ ਪਾਰ ਪਾਕਿਸਤਾਨ ਤੋਂ ਚੱਲ ਰਹੀ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦਾ ਪਰਦਾਫ਼ਾਸ਼ ਕਰਨ ਸਬੰਧੀ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਇਸ ਹੈਰੋਇਨ ਦੀ ਤਸਕਰੀ ਨਾਲ ਸਬੰਧਿਤ ਚਾਰ ਵਿਅਕਤੀਆਂ ਅਤੇ ਇੱਕ ਸਾਬਕਾ ਫੌਜੀ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਵੱਲੋਂ ਸ਼ੱਕੀ ਪਾਸੋਂ 14.8 ਕਿੱਲੋ ਹੈਰੋਇਨ, ਜਿਸਦੀ ਕੀਮਤ ਅੰਤਰਰਾਸ਼ਟਰੀ  ਬਜ਼ਾਰ ਵਿੱਚ 74 ਕਰੋੜ ਦੱਸੀ ਜਾਂਦੀ ਹੈ, ਅਤੇ 0.30 ਬੋਰ ਦੀ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ। ਇਸੇ ਦੌਰਾਨ ਸ਼ੱਕੀ ਵਿਅਕਤੀ ਨੇ ਤਸਕਰੀ ਦੇ ਇਸ ਗੋਰਖ਼ਧੰਦੇ ਵਿੱਚ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ. ਦੇ ਇੱਕ ਫੌਜੀ ਤੇ ਦੋ ਹੋਰ ਸਹਿਯੋਗੀਆਂ ਦੇ ਨਾਮ ਵੀ ਦੱਸੇ ਹਨ। ਪੁਲਿਸ ਦੇ ਬਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਿਲ ਇਸ ਫੌਜੀ ਦੀ ਭੂਮਿਕਾ ਬਾਰੇ ਬੀ.ਐਸ.ਐਫ. ਨੂੰ ਸੂਚਿਤ ਕਰ ਦਿੱਤਾ ਹੈ ਅਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਅਪੀਲ ਵੀ ਦਿੱਤੀ ਗਈ ਹੈ। ਇਸ ਸਬੰਧੀ ਧਾਰਾ 21, 25, 29 ਐਨ.ਡੀ.ਪੀ.ਐਸ. ਐਕਟ, 25 ਆਰਮਜ਼ ਐਕਟ ਤਹਿਤ ਥਾਣਾ ਐਸ.ਐਸ.ਓ. ਸੀ. (ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ) ਅੰਮਿ੍ਰਤਸਰ ਵਿਖੇ ਮੁਕੱਦਮਾ ਵੀ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਗਿ੍ਰਫਤਾਰੀ ਇਸ ਕਰਕੇ ਸੰਭਵ ਹੋ ਸਕੀ ਕਿਉਂ ਜੋ ਐਸ.ਐਸ.ਓ. ਸੀ. ਨੂੰ ਇਹ ਇਤਲਾਹ ਮਿਲੀ ਸੀ ਕਿ ਅੰਮਿ੍ਰਤਸਰ ਤੇ ਤਰਨਤਾਰਨ ਇਲਾਕੇ ਦੇ ਕੁਝ ਨਸ਼ਾ ਤਸਕਰ ਪਾਕਿਸਤਾਨ ਦੇ ਤਸਕਰਾਂ ਦੇ ਸੰਪਰਕ ਵਿੱਚ ਹਨ ਤੇ ਹਿੰਦ-ਪਾਕਿ ਸਰਹੱਦ ਦੇ ਰਾਮਦਾਸ ਸੈਕਟਰ ਰਾਹੀਂ ਹੈਰੋਇਨ ਦੀ ਤਸਕਰੀ ਕਰਨ ਵਿੱਚ ਸਰਗਰਮ ਹਨ। ਇਸ ਗਿ੍ਰਫਤਾਰੀ ਵਿੱਚ ਸ਼ਾਮਲ ਇੱਕ ਸ਼ੱਕੀ ਤਰਵਿੰਦਰ ਸਿੰਘ ਸਾਬਕਾ ਫੌਜੀ, ਜੋ ਭਾਰਤੀ ਫੌਜ ਦੀ 13 ਸਿੱਖ ਬਟਾਲੀਅਨ ਵਿੱਚ 16 ਸਾਲ ਬਤੌਰ ਸਿਪਾਹੀ ਸੇਵਾ ਨਿਭਾਕੇ 2016 ਵਿੱਚ ਰਿਟਾਇਰ ਹੋ ਚੁੱਕਾ ਹੈ ਅਤੇ ਅੰਮਿ੍ਰਤਸਰ ਜ਼ਿਲ੍ਹੇ ਦੇ ਪਿੰਡ ਨਵਾਂ ਜੀਵਨ, ਲੋਪੋਕੇ ਦੇ ਵਸਨੀਕ ਅਜੀਤ ਸਿੰਘ ਦਾ ਪ ੁੱਤਰ ਦੱਸਿਆ ਜਾਂਦਾ ਹੈ। ਇਸ ਤੋਂ ਬਿਨਾਂ ਹੋਰਾਂ ਦੀ ਸ਼ਨਾਖਤ ਸੁਖਰਾਜ ਸਿੰਘ ਉਰਫ ਰਾਜਾ ਪੁੱਤਰ ਬਲਕਾਰ ਵਾਸੀ ਚੱਕ ਪੰਡੋਰੀ ਲੋਪੋਕੇ, ਅੰਮਿ੍ਰਤਸਰ, ਗੁਰਲਾਲ ਸਿੰਘ ਪੁੱਤਰ ਮੰਗਤਾ ਸਿੰਘ ਵਾਸੀ ਪਿੰਡ ਬਿਧੀ ਚੰਦ ਚੀਨਾ, ਸਰਾਏ ਅਮਾਨਤ ਖਾਨ, ਤਰਨਤਾਰਨ ਅਤੇ ਸਰਬਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਬਿਧੀ ਚੰਦ ਛੀਨਾ, ਸਰਾਏ ਅਮਾਨਤ ਖਾਨ, ਤਰਨਤਾਰਨ ਵਜੋਂ ਕੀਤੀ ਗਈ ਹੈ। ਮੁੱਢਲੀ ਤਫਤੀਸ਼ ਦੌਰਾਨ ਦੋਸ਼ੀਆਂ ਨੇ ਇਹ ਕਬੂਲਿਆ ਕਿ ਉਹ ਬੀਤੀ 29/30 ਜੂਨ ਦੀ ਰਾਤ ਨੂੰ ਸਰਹੱਦ ਪਾਰੋਂ ਨਸ਼ਿਆਂ ਦੀ ਖੇਪ ਰਾਮਦਾਸ ਸੈਕਟਰ ਰਾਹੀਂ ਲਿਆਉਣ ਵਿੱਚ ਸਫਲ ਹੋ ਗਏ ਸਨ। ਉਨਾਂ ਇਹ ਵੀ ਦੱਸਿਆ ਕਿ ਬੀ.ਐਸ.ਐਫ. ਦਾ ਇੱਕ ਸਿਪਾਹੀ ਚੈਂਥਿਲਰਾਜ ਕਨਾਗਾਰਾਜ (ਨੰਬਰ 041465015), ਜੋ ਕਿ ਉਸ ਰਾਤ ਡਿਊਟੀ ‘ਤੇ ਤਾਇਨਾਤ ਸੀ, ਵੀ ਨਸ਼ੇ ਦੀ ਇਸ ਤਸਕਰੀ ਵਿੱਚ ਉਨਾਂ ਨਾਲ ਸ਼ਾਮਿਲ ਸੀ। ਦੋਸ਼ੀਆਂ ਨੇ ਬਿਕਰਮਜੀਤ ਸਿੰਘ ਪੁੱਤਰ ਸੁਭੇਗ ਸਿੰਘ ਵਾਸੀ ਪਿੰਡ ਮੰਝ, ਲੋਪੋਕੇ, ਅੰਮਿ੍ਰਤਸਰ, ਗੁਰਜੰਟ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸਾਰੰਗਰਾ, ਲੋਪੋਕੇ, ਅੰਮਿ੍ਰਤਸਰ ਦੇ ਵੀ ਨਸ਼ੇ ਦੇ ਇਸ ਗੋਰਖ਼ਧੰਦੇ ਵਿੱਚ ਸ਼ਾਮਲ ਹੋਣ ਦੀ ਗੱਲ ਕਬੂਲੀ ਹੈ। ਤਫਤੀਸ਼ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਤਰਵਿੰਦਰ, ਬਿਕਰਮਜੀਤ ਸਿੰਘ ਤੇ ਚੈਂਥਿਲਰਾਜ ਕਨਾਗਾਰਾਜ (ਸੀ.ਕੇ ਰਾਜ) ਵੱਖ-ਵੱਖ ਸੋਸ਼ਲ ਮੀਡੀਆ ਐਪਜ਼ ਰਾਹੀਂ ਪਾਕਿਸਤਾਨੀ ਤਸਕਰਾਂ ਦੇ ਨਿਰੰਤਰ ਸੰਪਰਕ ਵਿੱਚ ਸਨ ਅਤੇ ਇਹ ਵੀ ਪਤਾ ਲੱਗਾ ਹੈ ਕਿ ਬਿਕਰਮਜੀਤ ਪਹਿਲਾਂ ਵੀ ਹੈਰੋਇਨ ਨਾਲ ਸਬੰਧਿਤ 2017 ਦੇ ਇੱਕ ਮੁਕੱਦਮੇ ਕਾਰਨ ਜੇਲ੍ਹ ਕੱਟ ਚੁੱਕਾ ਹੈ ਤੇ ਸਤੰਬਰ 2017 ਵਿੱਚ ਜ਼ਮਾਨਤ ‘ਤੇ ਬਾਹਰ ਆਇਆ ਸੀ। ਇਸ ਸਬੰਧੀ ਬੀ.ਐਸ.ਐਫ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ ਤੇ ਸਿਪਾਹੀ ਚੈਂਥਿਲਰਾਜ ਕਨਾਗਾਰਾਜ (ਸੀ.ਕੇ ਰਾਜ) ਖਿਲਾਫ ਬੀਐਸਐਫ ਐਕਟ ਤਹਿਤ ਅਗਲੀ ਬਣਦੀ ਕਾਰਵਾਈ ਸ਼ੁਰੂ ਕਰਨ ਦੀ ਆਸ ਪ੍ਰਗਟਾਈ ਜਾ ਰਹੀ ਹੈ। ਤਸਕਰੀ ਵਿੱਚ ਮਿਲੀਭੁਗਤ ਦੇ ਦੋਸ਼ਾਂ ਕਾਰਨ ਉਸਨੂੰ ਬਹੁਤ ਜਲਦ ਪੁਲਿਸ ਰਿਮਾਂਡ ਲਈ ਐਸ.ਐਸ.ਓ. ਸੀ. (ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ) ਅੰਮਿ੍ਰਤਸਰ ਦੇ ਹਵਾਲੇ ਕਰ ਦਿੱਤਾ ਜਾਵੇਗਾ।