ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ਿਆਂ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਵਫ਼ਦ ਨਾਲ ਮੀਟਿੰਗ, ਕੈਪਟਨ ਨੇ ਮੋਗੇ ਦੇ ਨਵੇਂ ਐਸ.ਐਸ.ਪੀ. ਵਿਰੁੱਧ ਦੋਸ਼ਾਂ ਦੀ ਮੰਗੀ ਰਿਪੋਰਟ

ਚੰਡੀਗੜ, 3 ਜੁਲਾਈ(ਪੱਤਰ ਪਰੇਰਕ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨਾਂ ਨੇ ਮੋਗਾ ਦੇ ਨਵੇਂ ਐਸ.ਐਸ.ਪੀ. ਵਿਰੁੱਧ ਨਸ਼ਿਆਂ ਵਿਚ ਸ਼ਾਮਲ ਹੋਣ ਦੇ ਲੱਗੇ ਦੋਸ਼ਾਂ ਬਾਰੇ ਰਿਪੋਰਟ ਮੰਗੀ ਹੈ ਪਰ ਇਸ ਦੇ ਨਾਲ ਹੀ ਉਨਾਂ ਨੇ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜ ਜੀਤ ਸਿੰਘ ਨੂੰ ਬਚਾਉਣ ਲਈ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ(ਡੀ.ਜੀ.ਪੀ.) ਅਤੇ ਡੀ.ਜੀ.ਪੀ.(ਇੰਟੈਲੀਜੈਂਸ) ਵਿਰੁੱਧ ਦੋਸ਼ਾਂ ਦੀ ਜਾਂਚ ਕਰਾਉਣ ਤੋਂ ਇਨਕਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਪ੍ਰਗਟਾਈ ਗਈ ਚਿੰਤਾ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਇਹ ਬਿਆਨ ਜਾਰੀ ਕੀਤਾ। ਇਹ ਵਫ਼ਦ ਸੂਬੇ ਵਿਚ ਨਸ਼ਿਆਂ ਦੀ ਸਮੱਸਿਆ ਖਾਸ ਕਰਕੇ ਹਾਲ ਹੀ ਵਿਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੇ ਸੰਦਰਭ ਵਿਚ ਵਿਚਾਰ ਵਟਾਂਦਰਾ ਕਰਨ ਲਈ ਮੁੱਖ ਮੰਤਰੀ ਨੂੰ ਮਿਲਣ ਆਇਆ ਸੀ। ਨਸ਼ਿਆਂ ਦੀ ਸਮੱਸਿਆ ਦੇ ਸਬੰਧ ਵਿਚ ਵਿਰੋਧੀ ਪਾਰਟੀ ਦੀ ਚਿੰਤਾ ਨੂੰ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਤਿੰਨ ਵੱਡੇ ਡੀਲਰ ਭਾਰਤ ਤੋਂ ਫਰਾਰ ਹੋ ਗਏ ਹਨ ਅਤੇ ਇਨਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਪੁਲਿਸ ਅਤੇ ਹੋਰ ਏਜੰਸੀਆਂ ਉਨਾਂ ਪੈਰਵੀ ਕਰ ਰਹੀਆਂ ਹਨ।
ਉਨਾਂ ਨੇ ਆਮ ਆਦਮੀ ਪਾਰਟੀ ਦੇ ਵਫਦ ਨੂੰ ਭਰੋਸਾ ਦਿਵਾਇਆ ਕਿ ਨਸ਼ਿਆਂ ਦੀ ਸਮੱਸਿਆ ਨੂੰ ਨੱਥ ਪਾਉਣ ਲਈ ਕਿਸੇ ਵੀ ਤਰਾਂ ਦੀ ਢਿੱਲ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਵਪਾਰ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਨਸ਼ਿਆਂ ਵਿਰੁੱਧ ਕਾਰਵਾਈ ਕੀਤੇ ਜਾਣ ’ਤੇ ਨਿਗਰਾਨੀ ਰੱਖਣ ਲਈ ਮੰਤਰੀ ਮੰਡਲ ਵੱਲੋਂ ਗਠਿਤ ਕੀਤੇ ਵਰਕਿੰਗ ਗਰੁੱਪ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜਾਣਕਾਰੀ ਦਿੱਤੀ। ਉਨਾਂ ਇਹ ਵੀ ਦੱਸਿਆ ਕਿ ਉਹ ਹਰੇਕ ਸੋਮਵਾਰ ਨੂੰ ਨਿੱਜੀ ਤੌਰ ਤੇ ਇਸ ਦੀ ਪ੍ਰਗਤੀ ਦਾ ਜਾਇਜਾ ਲਿਆ ਕਰਨਗੇ। ਉਨਾਂ ਦੱਸਿਆ ਕਿ ਜੇਲਾਂ ਵਿਚ ਹਥਿਆਰਾਂ ਅਤੇ ਨਸ਼ਿਆਂ ਦੀ ਸਮਗਿਗ ਨੂੰ ਰੋਕਣ ਲਈ ਜੇਲਾਂ ਵਿਚ ਤਲਾਸ਼ੀ ਅਤੇ ਸੁਰੱਖਿਆ ਡਿਊਟੀ ਵਾਸਤੇ ਸੀ.ਆਈ.ਐਸ.ਐਫ ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਨਸ਼ਿਆਂ ਦੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਲਈ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਮਤੇ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ ਵੀ ਮੌਤ ਦੀ ਸਜ਼ਾ ਦਵਾਉਣਾ ਚਾਹੁੰਦੀ ਹੈ। ਇਸ ਵੇਲੇ ਵਾਰ-ਵਾਰ ਅਪਰਾਧ ਕਰਨ ਦੇ ਵਿਰੁੱਧ ਮੌਤ ਦੀ ਸਜ਼ਾ ਦੀ ਵਿਵਸਥਾ ਹੈ। 12 ਮੈਂਬਰੀ ਵਫਦ ਨੇ ਐਸ.ਟੀ.ਐਫ. ਰਿਪੋਰਟ ’ਤੇ ਕਾਰਵਾਈ ਅਤੇ ਅਦਾਲਤ ਵੱਲੋਂ ਜ਼ਿਕਰ ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਕੋਲ ਹੈ ਜੋ ਪਹਿਲਾਂ ਹੀ ਕਾਰਵਾਈ ’ਤੇ ਨਿਗਰਾਨੀ ਰੱਖ ਰਹੀ ਹੈ। ਫਿਰ ਵੀ ਬਹੁਤ ਸਾਰੀਆਂ ਕੇਂਦਰੀ ਏਜੰਸੀਆਂ ਜਿਨਾਂ ਵਿਚ ਈ.ਡੀ. ਵੀ ਸ਼ਾਮਲ ਹੈ ਪੜਤਾਲ ਵਿਚ ਲੱਗੀਆਂ ਹੋਈਆਂ ਹਨ। ਡੀ.ਜੀ.ਪੀ. ਸੁਰੇਸ਼ ਅਰੋੜਾ ਅਤੇ ਡੀ.ਜੀ.ਪੀ.(ਇੰਟੈਲੀਜੈਂਸ) ਦਿਨਕਰ ਗੁਪਤਾ ਵਿਰੁੱਧ ਦੋਸ਼ਾਂ ਦੀ ਜਾਂਚ ਦੀ ਮੰਗ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਉਨਾਂ ਨੂੰ ਇਮਾਨਦਾਰ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਨਾਂ ਦੀ ਇਮਾਨਦਾਰੀ ’ਤੇ ਉਨਾਂ ਨੂੰ ਪੂਰਾ ਵਿਸ਼ਵਾਸ ਹੈ। ਨਸ਼ਿਆਂ ਦੀ ਸਮੱਸਿਆ ਵਿਰੁੱਧ ਲੜਣ ਲਈ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਲਈ ਆਮ ਆਦਮੀ ਪਾਰਟੀ ਵੱਲੋਂ ਦਿਵਾਏ ਗਏ ਭਰੋਸੇ ਦਾ ਮੁੱਖ ਮੰਤਰੀ ਨੇ ਸਵਾਗਤ ਕੀਤਾ। ਉਨਾਂ ਨੇ ਅਜਿਹੇ ਮਾਮਲੇ ਨੰਗੇ ਕਰਨ ਵਾਲਿਆਂ ਦੀ ਸੁਰੱਖਿਆ ਦਾ ਵੀ ਭਰੋਸਾ ਦਿਵਾਇਆ ਅਤੇ ਕਿਹਾ ਕਿ ਸੂਚਨਾ ਦੀ ਪ੍ਰਾਪਤੀ ਅਤੇ ਫੀਡਬੈਕ ਦੇ ਸਬੰਧ ਵਿਚ ਛੇਤੀਂ ਹੀ ਇਕ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ। ਇਸ ਮੁੱਦੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿਸ਼ੇਸ਼ ਸਮਾਗਮ ਦੀ ਮੰਗ ਕੀਤੀ। ਉਨਾਂ ਨੇ ਵਿਸ਼ੇਸ਼ ਇਲਾਕਿਆਂ ਵਿਚ ਨਸ਼ਿਆਂ ਦੇ ਸੁਖਾਲੇ ਉਪਲਬਧ ਹੋਣ ਅਤੇ ਨਸ਼ਿਆਂ ਨਾਲ ਸਬੰਧਤ ਪੈਸੇ ਦੀ ਪੁਲਿਸ ਨਾਲ ਹਿੱਸਾਪੱਤੀ ਬਾਰੇ ਰਿਪੋਰਟਾਂ ’ਤੇ ਚਿੰਤਾ ਵੀ ਪ੍ਰਗਟਾਈ। ਖੇਤੀਬਾੜੀ ਸੰਕਟ ਅਤੇ ਵੱਡੀ ਪੱਧਰ ’ਤੇ ਬੇਰੁਜ਼ਗਾਰੀ ਕਾਰਨ ਇਕ ਦਹਾਕਾ ਪਹਿਲਾਂ ਸ਼ੁਰੂ ਹੋਈ ਨਸ਼ਿਆਂ ਦੀ ਸਮੱਸਿਆ ਨੂੰ ਸਮਾਜਿਕ ਚੁਣੌਤੀ ਦੱਸਦੇ ਹੋਏ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਵਾਸਤੇ ਇਕੱਲੇ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੀ ਸਰਕਾਰ ਹੀ ਦੋਸ਼ੀ ਨਹੀਂ ਹੈ। ਔਰਤਾਂ ਨੂੰ ਨਸ਼ਿਆਂ ਅਤੇ ਨਸ਼ਿਆਂ ਦੀ ਸਮਗਿਗ ਵਿਚ ਧੱਕਣ ਦੇ ਦੋਸ਼ਾਂ ਹੇਠ ਦੋ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰਨ ਸਵਾਗਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕੋਈ ਵੀ ਮੁੱਖ ਮੰਤਰੀ ਇਹ ਨਹੀਂ ਚਾਹੁੰਦਾ ਕਿ ਉਨਾਂ ਦੇ ਸ਼ਾਸਣ ਦੌਰਾਨ ਨਸ਼ਾ ਮੁੱਦਾ ਬਣੇ। ਉਨਾਂ ਕਿਹਾ ਕਿ ਐਸ.ਟੀ.ਐਫ. ਆਪਣਾ ਦਬਾਅ ਬਣਾਉਣ ਲਈ ਸਫਲ ਰਹੀ ਹੈ ਪਰ ਇਹ ਸਮੱਸਿਆ ਨਿਸਬਤ ਤੌਰ ’ਤੇ ਗੰਭੀਰ ਹੋ ਗਈ ਹੈ ਕਿਉਂਕਿ ਪੁਲਿਸ ਵੱਲੋਂ ਉਨਾਂ ਦਾ ਫਾਇਦਾ ਉਠਾਇਆ ਜਾ ਰਿਹਾ ਹੈ ਜੋ ਭੁਗਤਾਨ ਕਰ ਸਕਦੇ ਹਨ। ਉਨਾਂ ਕਿਹਾ ਕਿ ਥੁੜਚਿਰੀ ਤਸਕਰੀ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ। ਖਹਿਰਾ ਨੇ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਨਾ ਸਿਰਫ ਔਰਤਾਂ ਨੂੰ ਨਸ਼ਿਆਂ ਵਿਚ ਧੱਕਿਆ ਜਾ ਰਿਹਾ ਹੈ ਸਗੋਂ ਉਨਾਂ ਨੂੰ ਨਸ਼ੇ ਇਕ ਥਾਂ ਤੋਂ ਦੂਜੀ ਥਾਂ ਪੁਚਾਉਣ ਲਈ ਵੀ ਵਰਤਿਆ ਜਾ ਰਿਹਾ ਹੈ। ਨਸ਼ਿਆਂ ਨਾਲ ਸਬੰਧਤ ਮੌਤਾਂ ਦੇ ਸਬੰਧ ਵਿਚ ਵਫਦ ਨੇ ਕਿਹਾ ਕਿ ਉਨਾਂ ਨੂੰ ਕੁਝ ਨਸ਼ਈਆਂ ਵੱਲੋਂ ਬਣਾਵਟੀ ਰੂਪ ਵਿਚ ਨਾੜਾਂ ’ਚ ਲਾਏ ਜਾਣ ਵਾਲੇ ਟੀਕਿਆਂ ਦੀ ਵਰਤੋਂ ਕਰਨ ਦਾ ਸ਼ੱਕ ਹੈ।  ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਸ਼ਈ ਨਸ਼ੇ ਦੀ ਤੋੜ ਲੱਗਣ ’ਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਉਨਾਂ ਦਾ ਵਿਚਾਰ ਸੀ ਕਿ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਸ਼ਹਿਰੀ ਇਲਾਕਿਆਂ ਵਿਚ ਮਿਉਂਸੀਪਲ ਕੌਂਸਲਰਾਂ ਨੂੰ ਨਸ਼ਈਆਂ ਅਤੇ ਭੋਲੇਭਾਲੇ ਨੌਜਵਾਨਾਂ ਨੂੰ ਨਸ਼ੇ ਸਪਲਾਈ ਕਰਨ ਵਾਲਿਆਂ ਦੀ ਸ਼ਨਾਖਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਖਹਿਰਾ ਅਤੇ ਮਾਨ ਤੋਂ ਇਲਾਵਾ ਵਫ਼ਦ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਤੇ ਪਾਰਟੀ ਦੇ ਨੌ ਵਿਧਾਇਕ ਸ਼ਾਮਲ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਨਸ਼ਈਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੀਆਂ ਸਰਗਰਮੀਆਂ ’ਤੇ ਵੀ ਨਿਗਰਾਣੀ ਰੱਖਣ ਦੀ ਸਖ਼ਤ ਜ਼ਰੂਰਤ ਹੈ। ਉਨਾਂ ਨੇ ਇਸ ਸਬੰਧ ਵਿਚ ਨਿੱਜੀ ਨਸ਼ਾ ਛਡਾਊ ਕੇਂਦਰਾਂ ਦੇ ਡਾਕਟਰਾਂ ’ਤੇ ਜ਼ਿਆਦਾ ਜ਼ੋਰ ਦਿੱਤਾ ਜੋ ਉਨਾਂ ਦਾ ਇਲਾਜ਼ ਕਰਨ ਦੇ ਨਾਂ ਹੇਠ ਡਰੱਗ ਦੀ ਵਿਕਰੀ ਕਰ ਰਹੇ ਹਨ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਜਾਗਰੂਕਤਾ ਪੈਦਾ ਕਰਨ ਤੇ ਇਸ ਸਮੱਸਿਆ ਨਾਲ ਲੜਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਮੌਕੇ ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਸਿਆਸੀ ਸਕੱਤਰ ਸੰਦੀਪ ਸੰਧੂ ਵੀ ਹਾਜ਼ਰ ਸਨ।