ਪ੍ਰੈਸ ਕਲੱਬ ਸਾਦਿਕ ਵੱਲੋਂ ਨਸ਼ਿਆਂ ਵਿਰੁੱਧ ਭਰਵੀਂ ਰੈਲੀ

ਸਾਦਿਕ 3 ਜੁਲਾਈ (ਰਘਬੀਰ ਸਿੰਘ):- ਪ੍ਰੈਸ ਕਲੱਬ ਸਾਦਿਕ ਵੱਲੋਂ ਲਿਖਾਰੀ ਸਭਾ ਸਾਦਿਕ ਅਤੇ ਇਲਾਕੇ ਦੇ ਸੂਝਵਾਨ ਸੱਜਣਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੋਧੀ ਰੋਸ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਪ੍ਰੈਸ ਕਲੱਬ ਸਾਦਿਕ ਦੇ ਪ੍ਰਧਾਨ ਰਛਪਾਲ ਸਿੰਘ ਬਰਾੜ ਨੇ ਕੀਤੀ। ਸੈਂਕੜੇ ਨਸ਼ਾ ਵਿਰੋਧੀ ਲਹਿਰ ਪਾਉਣ ਵਾਲੇ ਲੋਕਾਂ ਨੇ ਚੌਕ ਵਿਖੇ ਹੱਥਾਂ ਵਿਚ ਬੈਨਰ ਫੜ ਕੇ ਸ਼ਾਂਤਮਈ ਢੰਗ ਨਾਲ ਨਸ਼ੇ ਦੇ ਵਿਰੋਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ। ‘ਚਿੱਟੇ ਵਿਰੁੱਧ ਕਾਲਾ ਹਫ਼ਤਾ’ ਮੁਹਿੰਮ ’ਚ ਕਈ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ, ਕਲੱਬਾਂ, ਐਸੋਸੀਏਸ਼ਨਾਂ, ਸਭਾ ਸੁਸਾਇਟੀਆਂ, ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਨੇ ਵੀ ਸ਼ਮੂਲੀਅਤ ਕੀਤੀ। ਰੋਸ ਪ੍ਰਦਰਸ਼ਨ ਸਾਦਿਕ ਚੌਂਕ ਤੋਂ ਸ਼ੁਰੂ ਹੋ ਕੇ ਸਾਰੀਆਂ ਪੰਜ ਸੜਕਾਂ ‘ਤੇ ਗਿਆ। ਇਸ ਦੌਰਾਨ ਪ੍ਰੈਸ ਕਲੱਬ ਵੱਲੋਂ ਨਾਇਬ ਤਹਿਸੀਲਦਾਰ ਰਜਿੰਦਰ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਇਕਬਾਲ ਸਿੰਘ ਸੰਧੂ ਨੂੰ ਮੰਗ ਪੱਤਰ ਦੇ ਕੇ ਨਸ਼ਿਆਂ ਦੇ ਸੌਦਾਗਰਾਂ ਨੂੰ ਤੁਰੰਤ ਗਿ੍ਰਫਤਾਰ ਕਰਨ ਦੀ ਮੰਗ ਵੀ ਕੀਤੀ ਗਈ। ਜਿਸ ‘ਤੇ ਐਸ.ਐਚ.ਓ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪੰਜਾਬ ਸਰਕਾਰ ਅਤੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਦੇ ਨਿਰਦੇਸ਼ਾਂ ‘ਤੇ ਨਸ਼ੇ ਖਿਲਾਫ ਮੁਹਿੰਮ ਜਾਰੀ ਰੱਖਣਗੇ। ਉਨਾਂ ਰੋਸ ਰੈਲੀ ਵਿਚ ਸ਼ਾਮਲ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਨਸ਼ੇ ਤਸਕਰਾਂ ਦਾ ਸਾਥ ਨਾ ਦੇਣ ਤੇ ਨਾ ਹੀ ਪੁਲਿਸ ਕੋਲ ਸ਼ਿਫਾਰਸ਼ ਲੈ ਕੇ ਆਉਣ। ਇਸ ਦੌਰਾਨ ਆਵਾਜਾਈ ਨਿਰਵਿਘਨ ਚੱਲਦੀ ਰਹੀ। ਕਲੱਬ ਨੇ ਪੂਰੇ ਜ਼ਾਬਤੇ ‘ਚ ਰਹਿ ਕੇ ਅਤੇ ਬਿਨਾਂ ਕਿਸੇ ਰਾਜਸੀ ਪਾਰਟੀ ਦੀ ਅਗਵਾਈ ‘ਚ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕੀਤਾ ਅਤੇ ਕੋਈ ਭੜਕਾਊ ਨਾਅਰੇਬਾਜ਼ੀ ਜਾਂ ਭਾਸ਼ਣ ਜਾਂ ਕਿਸੇ ਸਰਕਾਰ ਖਿਲਾਫ ਨਾਅਰੇ ਨਹੀਂ ਲਗਾਏ ਗਏ। ਰੈਲੀ ਦੌਰਾਨ ਹੱਥਾਂ ਵਿਚ ਨਸ਼ੇ ਦਾ ਵਿਰੋਧ ਕਰਨ ਵਾਲੇ ਬੈਨਰ ਫੜੇ ਹੋਏ ਸਨ ਜੋ ਕਿ ਰਾਹਗੀਰਾਂ ਦਾ ਧਿਆਨ ਖਿੱਚਦੇ ਸਨ। ਇਸ ਮੁਹਿੰਮ ਵਿਚ ਸ਼ਾਮਿਲ ਨੌਜਵਾਨਾਂ ਵਿਚ ਪੂਰਾ ਉਤਸ਼ਾਹ ਵੇਖਣ ਨੂੰ ਮਿਲਿਆ। ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ  ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਰਵਾਈ, ਨਸ਼ੇ ਵੇਚ ਕੇ ਬਣਾਈ ਜਾਇਦਾਦ ਕੁਰਕ ਕਰੇ ਅਤੇ ਨੌਜਵਾਨ ਵਰਗ ਲਈ ਨੌਕਰੀਆਂ ਦਾ ਪ੍ਰਬੰਧ ਕਰੇ। ਲਿਖਾਰੀ ਸਭਾ ਦੇ ਆਗੂਆਂ ਨੇ ਵੀ ਕਾਲੀਆਂ ਪੱਟੀਆਂ ਬੰਨੀਆਂ ਸਨ ਅਤੇ ਹੱਥਾਂ ਵਿਚ ਨਸ਼ੇ ਵਿਰੋਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਗੁਰਭੇਜ ਸਿੰਘ ਚੌਹਾਨ, ਆਰ.ਐਸ.ਧੁੰਨਾ, ਪਰਮਜੀਤ ਸੋਨੀ, ਗੁਲਜ਼ਾਰ ਮਦੀਨਾ, ਤਾਜਪੀ੍ਰਤ ਸੋਨੀ, ਗੁਰਵਿੰਦਰ ਔਲਖ, ਪ੍ਰਦੀਪ ਚਮਕ, ਮੰਦਰ ਬੀਹਲੇਵਾਲਾ, ਅਨੂੰ ਨਰੂਲਾ, ਰਵੀ ਸੰਗਰਾਹੂਰ, ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਤੇਜਿੰਦਰ ਸਿੰਘ, ਦੀਪਕ ਸੇਠੀ, ਕਰਨਜੀਤ ਸਿੰਘ ਧੁੰਨਾ, ਸਚਦੇਵ ਸਿੰਘ ਗਿੱਲ, ਸਤਨਾਮ ਸਿੰਘ, ਜਸਵੀਰ ਕੰਗ, ਸੋਬਤ ਸਿੰਘ, ਨਵੀਨ ਅਰੋੜਾ, ਗੁਰਪੀ੍ਰਤ ਸਾਦਿਕ, ਜਥੇਦਾਰ ਚੰਦ ਸਿੰਘ ਡੋਡ, ਬਖਤੌਰ ਸਿੰਘ ਢਿੱਲੋਂ, ਜਗਮੀਤ ਸਿੰਘ ਬਰਾੜ, ਗੁਰਤੇਜ ਮਚਾਕੀ ਸਮੇਤ ਅਨੇਕਾਂ ਸੱਜਣ ਸ਼ਾਮਲ ਹੋਏ।