ਨਸ਼ਿਆਂ ਵਿਰੁੱਧ ਰੈੱੱਡ ਆਰਟਸ ਪੰਜਾਬ ਵੱਲੋਂ ‘ਮਰੋ ਜਾਂ ਵਿਰੋਧ ਕਰੋ’ ਮੁਹਿੰਮ ਦਾ ਸਮਰਥਨ

ਮੋਗਾ,2 ਜੁਲਾਈ (ਜਸ਼ਨ)-ਅੱਜ ਮੋਗਾ ਦੇ ਨੇਚਰ ਪਾਰਕ ਵਿਚ ਰੈੱਡ ਆਰਟਸਾ ਪੰਜਾਬ ਵੱਲੋਂ ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਮਾੜੇ ਦੌਰ ਨੂੰ ਠੱਲ੍ਹ ਪਾਉਣ ਲਈ ਮੀਟਿੰਗ ਕੀਤੀ ਗਈ। ਜਿਸ ਵਿਚ ਰੈੱਡ ਆਰਟਸ ਹਰਿਆਣਾ, ਤੇ ਰੈੱਡ ਆਰਟਸ ਰਾਜਸਥਾਨ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਰੈੱਡ ਆਰਟਸ ਪੰਜਾਬ ਵੱਲੋਂ ਇੰਦਰਜੀਤ ਮੋਗਾ, ਦੀਪਕ ਨਿਆਜ਼, ਰੈੱਡ ਆਰਟਸ ਹਰਿਆਣਾ ਵੱਲੋਂ ਪ੍ਰਵੀਨ ਅਵਾਰਾ, ਤੇ ਰੈੱਡ ਆਰਟਸ ਰਾਜਸਥਾਨ ਵੱਲੋਂ ਦੀਪ ਜਗਦੀਪ, ਅਤੁਲ ਆਜ਼ਾਦ ਤੇ ਪੂਰੀ ਟੀਮ ਵੱਲੋਂ ਕੁੱਝ ਅਹਿਮ ਮੁਦਿਆਂ ਤੇ ਗੱਲਬਾਤ ਕੀਤੀ ਗਈ, ਜਿਨ੍ਹਾਂ ਵਿਚ ਪੰਜਾਬ ਵਿਚ ਵਧ ਰਹੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਬਾਰੇ ਚਰਚਾ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਦੀਪ ਜਗਦੀਪ ਤੇ ਇੰਦਰਜੀਤ ਮੋਗਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਅੱਜ ਕੱਲ ਦੀ ਗੱਲ ਨਹੀਂ। ਇਹ ਪਿਛਲੇ 10 ਸਾਲਾਂ ਤੋਂ ਚੱਲਿਆ ਆ ਰਿਹਾ ਹੈ, ਸਰਕਾਰਾਂ ਤੇ ਪ੍ਰਸ਼ਾਸਨ ਦੀ ਭਾਈਬੰਦੀ ਨਾਲ ਸਾਡੇ ਨੌਜਵਾਨਾਂ ਤੇ ਘਰਾਂ ਤੱਕ ਪਹੁੰਚਿਆ ਹੈ, ਜਿਸਦੇ ਫਲਸਰੂਪ ਪੰਜਾਬ ਦੀ ਨੌਜਵਾਨੀ ਦਾ ਘਾਣ ਹੋ ਰਿਹਾ ਹੈ। ਪਿਛਲੇ ਇਕ ਮਹੀਨੇ ਅੰਦਰ 25 ਨੌਜਵਾਨ ਇਸ ਦੀ ਭੇਂਟ ਚੜ੍ਹ ਗਏ ਹਨ। ਨਸ਼ੇ ਦਾ ਇਕ ਮੇਨ ਕਾਰਨ ਬੇਰੋਜ਼ਗਾਰੀ ਹੈ। ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਇਸ ਨਸ਼ੇ ਦੀ ਬੀਮਾਰੀ ਨੂੰ ਦੂਰ ਕਰਨ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਇਸੇ ਤਰ੍ਹਾਂ ਨੌਜਵਾਨੀ ਦਾ ਘਾਣ ਹੁੰਦਾ ਰਹੇਗਾ। ਰੈੱਡ ਆਰਟਸ ਪੰਜਾਬ ਪਿਛਲੇ 4 ਸਾਲਾਂ ਤੋਂ ਨਸ਼ਿਆਂ ਖਿਲਾਫ਼ ਪਿੰਡਾਂ, ਸ਼ਹਿਰਾਂ, ਸਕੂਲਾਂ, ਕਾਲਜਾਂ ਤੇ ਗਲੀਆਂ ਮੁਹੱਲਿਆਂ ਵਿਚ ਨੁੱਕੜ ਨਾਟਕ ਕਰ ਰਹੇ ਹਨ। ਤੇ ਇਸ’ਤੇ ਅਧਾਰਤ ਫਿਲਮ ‘ਪੰਜਾਬ 2016’ ਵੀ ਕੀਤੀ ਗਈ। ਜੋ ਯੂ ਟਿਊਬ ਤੇ ਉਪਲਭਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਜੋ ਲੋਕਾਂ ਨੇ ਨਸ਼ਿੇ ਵਿਰੁੱਧ ਮੁਹਿੰਮ ‘ਮਰੋ ਜਾਂ ਵਿਰੋਧ ਕਰੋ’ ਵਿੱਢੀ ਹੋਈ ਹੈ ਅਸੀਂ ਉਸ ਦਾ ਸਮਰਥਨ ਕਰਦੇ ਹਾਂ ਅਤੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ। ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣਾ ਆਪਣਾ ਯੋਗਦਾਨ ਪਾਉਣ ਤਾਂ ਕਿ ਇਸ ਨਸ਼ੇ ਵਰਗੀ ਮਾੜੀ ਅਲਾਮਤ ਨੂੰ ਗਲੋਂ ਲਾਹਿਆ ਜਾ ਸਕੇ। ਤੇ ਪੰਜਾਬ 2016 ਫਿਲਮ ਆਪਣੇ ਆਪਣੇ ਪਿੰਡ ਵਿਚ ਦਿਖਾਈ ਜਾਵੇ ਤਾਂ ਜੋ ਨੌਜਵਾਨ ਸੇਧ ਲੈ ਸਕਣ। ਇਸ ਮੀਟਿੰਗ ਵਿਚ ਟੀਮ ਦੇ ਮੈਂਬਰ ਬੱਲੀ ਬਲਜੀਤ, ਸ਼ਿਵਮ ਸ਼ਿਵ, ਹਰਿੰਦਰ ਸਹੋਤਾ, ਤਰਲੋਚਨ ਮਹੇਸਰੀ, ਜੀਵਨ ਰਾਹੀ, ਮਨਜਿੰਦਰ ਅਜ਼ੀਜ਼, ਜਿਗਰਪ੍ਰੀਤ, ਨਿਮਰ, ਧਰਮਿੰਦਰ ਗਿੱਲ ਹੋਰੀਂ ਵੀ ਹਾਜ਼ਰ ਸਨ।