ਕਿਸਾਨ ਵੀਰ ਝੋਨੇ ਅਤੇ ਬਾਸਮਤੀ ਦੀ ਫ਼ਸਲ ‘ਚ ਡੀ.ਏ.ਪੀ ਖਾਦ ਦੀ ਵਰਤੋ ਨਾ ਕਰਨ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ 2 ਜੁਲਾਈ:(ਜਸ਼ਨ)- ਜੇਕਰ ਕਣਕ ਜਾਂ ਆਲੂਆਂ ਦੀ ਫ਼ਸਲ ਨੂੰ ਹਾੜੀ ਸੀਜ਼ਨ ਦੌਰਾਨ ਡੀ.ਏ.ਪੀ ਜਾਂ ਸੁਪਰ ਫ਼ਾਸਫ਼ੇਟ ਖਾਦਾਂ ਪਾਈਆਂ ਗਈਆਂ ਸਨ, ਤਾਂ ਮੌਜੂਦਾ ਸਾਉਣੀ ਦੀਆਂ ਫ਼ਸਲਾਂ ਨੂੰ ਇਹ ਖਾਦਾਂ ਪਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਫ਼ਾਸਫੈਟਿਕ ਖਾਦਾਂ ਕੇਵਲ 30 ਤੋਂ 35 ਫ਼ੀਸਦ ਹੀ ਜ਼ਮੀਨ ਵਿੱਚ ਖਪਤ ਹੋ ਕੇ ਆਪਣਾ ਅਸਰ ਹਾੜੀ ਸੀਜ਼ਨ ਦੌਰਾਨ ਦਿਖਾਉਂਦੀਆਂ ਹਨ ਅਤੇ ਜ਼ਮੀਨ ਵਿੱਚ  ਅਗਲੀ ਫ਼ਸਲ ਤੱਕ ਇੰਨਾਂ ਦਾ ਪੂਰਾ ਅਸਰ ਰਹਿੰਦਾ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ: ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਨੀਰੀ ਪੁੱਟਣ ਉਪਰੰਤ ਜੜਾਂ ਨੂੰ ਵੀ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਬਵਿਸਟਨ ਦਵਾਈ ਨਾਲ ਸੋਧਿਆ ਜਾਣਾ ਜ਼ਰੂਰੀ ਹੈ। ਉਨਾਂ ਕਿਸਾਨਾਂ ਨੂੰ ਪ੍ਰਤੀ ਵਰਗ ਮੀਟਰ 35 ਤੋਂ 40 ਬੂਟੇ ਲਗਾਉਣ ਦੀ ਤਾਕੀਦ ਕੀਤੀ। ਉਨਾਂ ਕਿਸਾਨਾਂ ਨੂੰ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਲਈ ਵੀ ਪ੍ਰੇਰਿਤ ਕੀਤਾ। ਡਾ: ਹਰਿੰਦਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਫ਼ਸਲਾਂ ਦੀ ਸਿਹਤਯਾਬੀ ਨੂੰ ਯਕੀਨੀ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਦਵਾਈਆਂ ਅਤੇ ਖਾਦਾਂ ਵਾਜਬ ਦਰਾਂ ’ਤੇ ਉਪਲਬਧ ਹੋਣ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਨਿਵੇਕਲੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਪ੍ਰਾਈਵੇਟ  ਡੀਲਰਾਂ ਵੱਲੋਂ ਕਿਸਾਨਾਂ ਨੂੰ  ਵੇਚੀਆਂ ਜਾਂਦੀਆਂ ਖੇਤੀ ਦਵਾਈਆਂ ਅਤੇ ਖਾਦਾਂ ਆਦਿ ਲਈ ਪੱਕਾ ਬਿੱਲ ਕੱਟਣਾ ਲਾਜ਼ਮੀ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਕਈ ਵਾਰੀ ਡੀਲਰਾਂ ਵੱਲੋਂ ਗੈਰ-ਮਿਆਰੀ ਖੇਤੀ ਦਵਾਈਆਂ ਅਤੇ ਖਾਦਾਂ ਕਿਸਾਨਾਂ ਨੂੰ ਨਕਦ ਜਾਂ ਉਧਾਰ ਬਿਨਾਂ ਕਿਸੇ ਬਿੱਲ ਤੋਂ ਵੇਚ ਦਿੱਤੀਆਂ ਜਾਂਦੀਆਂ ਹਨ, ਜਿਹੜੀਆਂ ਖੇਤਾਂ ਵਿੱਚ ਪੂਰਾ ਅਸਰ ਨਹੀਂ ਕਰਦੀਆਂ। ਇਸ ਨਾਲ ਨਾ ਕੇਵਲ ਕਿਸਾਨ ਦਾ ਆਰਥਿਕ ਨੁਕਸਾਨ ਹੁੰਦਾ ਹ,ੈ ਸਗੋਂ ਬਿੱਲ ਦੀ ਅਣਹੋਂਦ ਵਿੱਚ ਕਿਸਾਨ ਲੋੜ ਪੈਣ ‘ਤੇ ਡੀਲਰ ਤੋਂ ਨੁਕਸਾਨ ਦੀ ਭਰਪਾਈ ਵੀ ਨਹੀਂ ਕਰ ਪਾਉਂਦਾ। ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਇਨਾਂ ਬਿਲਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖੇਤੀ ਵਸਤੂ ਬਿਨਾਂ ਪੱਕੇ ਬਿੱਲ ਤੋਂ ਨਾ ਖ੍ਰੀਦੀ ਜਾਵੇ ਕਿਉਂਕਿ ਅਜਿਹੀ ਵਸਤੂ ਗੈਰ ਮਿਆਰੀ ਹੁੰਦੀ ਹੋਈ ਕਿਸਾਨ ਲਈ ਨੁਕਸਾਨਦੇਹ ਹੋ ਸਕਦੀ ਹੈ।