‘ਤੰਦਰੁਸਤ ਪੰਜਾਬ‘ ਮਿਸ਼ਨ ਤਹਿਤ ਪਿੰਡ ਰਾਮੂੰਵਾਲਾ ਵਿਖੇ ਲਗਾਏ ਖੂਨਦਾਨ ਕੈਂਪ ਤੌਰਾਨ ਹਰ ਵਿਅਕਤੀ ਨੂੰ ਵੰਡੇ ਗਏ ਬੂਟੇ

ਮੋਗਾ,2 ਜੁਲਾਈ:(ਜਸ਼ਨ) - ‘ਮਿਸ਼ਨ ਤੰਦਰੁਸਤ ਪੰਜਾਬ‘ ਤਹਿਤ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਦੀ ਰਹਿਨੁਮਾਈ ਹੇਠ ਮਾਨਵਤਾ ਦੀ ਭਲਾਈ ਲਈ ਪਿੰਡ ਰਾਮੂੰਵਾਲਾ ਕਲਾਂ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਪਹੁੰਚੇ ਹਰ ਵਿਅਕਤੀ ਨੂੰ ਬੂਟੇ ਵੰਡੇ ਗਏ ਤਾਂ ਜੋ ਮਿਸ਼ਨ ਤਹਿਤ ਪੰਜਾਬ ਸਰਕਾਰ ਦਾ ਘਰ-ਘਰ ਹਰਿਆਵਲ ਦਾ ਸੁਪਨਾ ਪੂਰਾ ਹੋ ਸਕੇ। ਸ. ਲੋਟੇ ਨੇ ਕਿਹਾ ਕਿ ਖੂਨਦਾਨ ਕਰਨਾ ਸ਼ਲਾਘਾਯੋਗ ਅਤੇ ਪੁੰਨ ਦਾ ਕੰਮ ਹੈ। ਉਨਾਂ ਕਿਹਾ ਕਿ ਖੂਨਦਾਨ ਕਰਕੇ ਇਨਸਾਨੀਅਤ ਦੇ ਫਰਜ਼ਾਂ ਦੀ ਪਾਲਣਾ ਕਰਨਾ ਅਤੇ ਮਨੁੱਖਤਾ ਦੀ ਸੱਚੀ ਸੇਵਾ ਹੈ। ਉਨਾਂ ਕਿਹਾ ਕਿ ਖੂਨਦਾਨ ਕਰਕੇ ਅਸੀਂ ਕੀਮਤੀ ਜਾਨਾਂ ਬਚਾ ਸਕਦੇ ਹਾਂ। ਉਨਾਂ ਹਰ ਨਾਗਰਿਕ ਨੂੰ ਖੂਨਦਾਨੀ ਬਣਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਖੂਨਦਾਨ ਨੂੰ ਸਭ ਤੋਂ ਉੱਤਮ ਦਾਨ ਸਮਝਿਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਮੌਕੇ 50 ਵਿਅਕਤੀਆਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਯੁਵਕ ਕਲੱਬਾਂ ਦੇ ਮੈਂਬਰ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਆਦਿ ਹਾਜ਼ਰ ਸਨ।