ਰਾਜਨੀਤਕ ਆਗੂਆਂ ਤੇ ਅਹਿਮ ਸ਼ਖਸੀਅਤਾਂ ਵੱਲੋਂ ਸੁਰਿੰਦਰ ਸਿੰਗਲਾ ਨੂੰ ਦਿੱਤੀਆਂ ਗਈਆਂ ਸ਼ਰਧਾਂਜ਼ਲੀਆਂ

ਨਵੀਂ ਦਿੱਲੀ, 2 ਜੁਲਾਈ- (ਪੱਤਰ ਪਰੇਰਕ)-ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਸਮੇਤ ਵੱਡੀ ਗਿਣਤੀ ਰਾਜਨੀਤਕ ਆਗੂਆਂ ਅਤੇ ਵੱਖ-ਵੱਖ ਖੇਤਰਾਂ ਦੀਆਂ ਮੋਹਤਬਰ ਸ਼ਖਸੀਅਤਾਂ ਵੱਲੋਂ ਅੱਜ ਸਾਬਕਾ  ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਲੰਘੀ 28 ਜੂਨ ਨੂੰ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸ੍ਰੀ ਧਰਮਸੋਤ ਨੇ ਕਿਹਾ ਕਿ ਸੁਰਿੰਦਰ ਸਿੰਗਲਾ ਅਜਿਹੇ ਆਗੂ ਸਨ ਜਿਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਮੌਕੇ ਬਤੌਰ ਵਿੱਤ ਮੰਤਰੀ ਪੰਜਾਬ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਉਨਾਂ ਕਿਹਾ ਕਿ ਸੁਰਿੰਦਰ ਸਿੰਗਲਾ ਨੇ ਆਪਣਾ ਸਮੁੱਚਾ ਜੀਵਨ ਲੋਕ ਭਲਾਈ ਨੂੰ ਸਮਰਪਿਤ ਕੀਤਾ ਜਿਸ ਸਦਕਾ ਸੂਬੇ ਦੇ ਆਮ ਲੋਕਾਂ ਵਿੱਚ ਉਨਾਂ ਦਾ ਬਹੁਤ ਮਜਬੂਤ ਆਧਾਰ ਰਿਹਾ। ਸ੍ਰੀ ਧਰਮਸੋਤ ਨੇ ਕਿਹਾ ਕਿ ਸੁਰਿੰਦਰ ਸਿੰਗਲਾ ਉੱਘੇ ਆਰਥਿਕ ਮਾਹਿਰ ਵੀ ਸਨ ਜਿਨਾਂ ਨੇ ਆਮ ਲੋਕਾਂ ਦੇ ਆਰਥਿਕ ਉਥਾਨ ਲਈ ਬਹੁਤ ਹੀ ਪ੍ਰਤੀਬੱਧਤਾ ਨਾਲ ਕੰਮ ਕੀਤਾ। ਉਨਾਂ ਕਿਹਾ ਕਿ ਸੁਰਿੰਦਰ ਸਿੰਗਲਾ ਦਾ ਜਾਣਾ ਪੰਜਾਬ ਦੇ ਸਮਾਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਕੈਬਨਿਟ ਦੇ ਤਿੰਨਾਂ ਮੰਤਰੀਆਂ ਵੱਲੋਂ ਇਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਭੇਜਿਆ ਗਿਆ ਸ਼ੋਕ ਸੁਨੇਹਾਂ ਸੁਰਿੰਦਰ ਸਿੰਗਲਾ ਦੇ ਪਰਿਵਾਰਕ ਮੈਂਬਰਾਂ ਨੂੰ ਸੌਪਿਆ ਗਿਆ। ਇਸ ਮੌਕੇ ਜਿਨਾਂ ਹੋਰ ਮੋਹਤਬਰ ਸ਼ਖਸੀਅਤਾਂ ਵੱਲੋਂ ਵੀ ਸੁਰਿੰਦਰ ਸਿੰਗਲਾ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਉਨਾਂ ਵਿੱਚ ਪੁਡੂਚੇਰੀ ਦੇ ਸਾਬਕਾ ਰਾਜਪਾਲ ਸ੍ਰੀ ਵਰਿੰਦਰ ਕਟਾਰੀਆ, ਕੇਂਦਰੀ ਮੰਤਰੀ ਵਿਜੇ ਗੋਇਲ , ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਸ਼ਾਮਲ ਸਨ। ਸੁਰਿੰਦਰ ਸਿੰਗਲਾ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਦੀ ਇਸ ਰਮਸ ਵਿੱਚ ਸੀਨੀਅਰ ਕਾਂਗਰਸੀ ਆਗੂ ਸ੍ਰੀ ਜਯੋਤੀਰਾਦਿੱਤਿਆ ਸਿੰਧੀਆ, ਮੈਂਬਰ ਪਾਰਲੀਮੈਂਟ ਸਮਸ਼ੇਰ ਸਿੰਘ ਦੂਲੋਂ, ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ,ਸਾਬਕਾ ਰਾਜ ਸਭਾ ਮੈਂਬਰ ਐਚ.ਕੇ.ਦੂਆ, ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ, ਕਾਂਗਰਸੀ ਆਗੂ ਐਚ.ਐਸ.ਹੰਸਪਾਲ, ਸਾਬਕਾ ਵਿਧਾਇਕ ਜਗਮੋਹਨ ਸਿੰਘ ਕੰਗ, ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ, ਐਡੀਸ਼ਨਲ ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਸ੍ਰੀ ਰਾਹੁਲ ਭੰਡਾਰੀ, ਉਦਯੋਗਪਤੀ ਅਮਰਜੀਤ ਗੋਇਲ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖਸੀਅਤਾਂ ਸ਼ਾਮਲ ਸਨ।