ਔਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਲਈ ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਸਣੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਬਰਖਾਸਤ

ਚੰਡੀਗੜ, 2 ਜੁਲਾਈ (ਪੱਤਰ ਪਰੇਰਕ)-ਔਰਤਾਂ ਨੂੰ ਨਸ਼ਿਆਂ ਵਿੱਚ ਧੱਕਣ ਦੇ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਸਣੇ ਦੋ ਪੁਲਿਸ ਮੁਲਾਜ਼ਮਾਂ ਨੂੰ ਉਨਾਂ ਦੀਆਂ ਸੇਵਾਵਾਂ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਦੇ ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਦੇ ਬਰਖਾਸਤਗੀ ਦੇ ਹੁਕਮ ਭਾਰਤੀ ਸਵਿਧਾਨ ਦੀ ਧਾਰਾ 311 ਦੀ ਦੂਜੀ ਪਰਵਿਜ਼ਨ ਦੀ ਕਲਾਜ਼ (2) ਦੀ ਉਪ ਧਾਰਾ (ਬੀ) ਦੇ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੇ ਗਏ ਹਨ ਜਦਕਿ ਹੈਡ ਕਾਂਸਟੇਬਲ ਇੰਦਰਜੀਤ ਸਿੰਘ ਨੂੰ ਭਾਰਤੀ ਸਵਿਧਾਨ ਦੀ ਧਾਰਾ 311(2)(ਬੀ) ਜੋ ਪੰਜਾਬ ਪੁਲਿਸ ਰੂਲਜ਼ 1934 ਦੇ ਰੂਲ 16.1 ਦੇ ਅਨੁਸਾਰ ਹੈ ਦੇ ਹੇਠ ਜਲੰਧਰ ਦੇ ਪੁਲਿਸ ਕਮਿਸ਼ਨਰ ਵੱਲੋਂ ਬਰਖਾਸਤ ਕੀਤਾ ਗਿਆ ਹੈ। ਲੁਧਿਆਣਾ ਦੀ ਇਕ ਲੜਕੀ ਨੂੰ ਨਸ਼ੇ ਵਿਚ ਧੱਕਣ ਦੇ ਦੋਸ਼ਾਂ ਕਾਰਨ ਢਿੱਲੋਂ ਨੂੰ 28 ਜੂਨ 2018 ਨੂੰ ਮੁਅੱਤਲ ਕੀਤਾ ਗਿਆ ਸੀ ਜਦਕਿ ਇੰਦਰਜੀਤ ਸਿੰਘ ਨੂੰ ਜਲੰਧਰ ਦੀ ਇਕ ਔਰਤ ਵੱਲੋਂ ਲਾਏ ਗਏ ਇਸੇ ਤਰਾਂ ਦੇ ਦੋਸ਼ਾਂ ਵਿਚ ਮੁਅੱਤਲ ਕੀਤਾ ਗਿਆ ਸੀ। ਇੰਦਰਜੀਤ ਸਿੰਘ ’ਤੇ ਵਿਆਹ ਦੇ ਬਹਾਨੇ ਜਿਨਸੀ ਸੋਸ਼ਨ ਕਰਨ ਦਾ ਦੋਸ਼ ਲਾਇਆ ਗਿਆ ਸੀ। ਪੰਜਾਬ ਪੁਲਿਸ ਅਕੈਡਮੀ ਫਿਲੋਰ ਦੀ ਡਾਇਰੈਕਟਰ ਅਨਿਤਾ ਪੁੰਜ ਆਈ.ਪੀ.ਐਸ. ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਤੱਥਾਂ ਦਾ ਕਾਨੂੰਨੀ ਜਾਇਜ਼ਾ ਲਏ ਜਾਣ ਪਿੱਛੋਂ ਢਿੱਲੋਂ ਦੀ ਬਰਖਾਸਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਤੱਥ ਸਬੰਧਤ ਲੜਕੀ ਦੇ ਬਿਆਨ ’ਤੇ ਆਧਾਰਤ ਹਨ। ਪੁਲਿਸ ਥਾਣਾ ਸਟੇਟ ਕਰਾਈਮ ਵਿਖੇ ਦਲਜੀਤ ਸਿੰਘ ਢਿੱਲੋਂ ਵਿਰੁੱਧ ਇਕ ਕੇਸ (ਐਫ.ਆਈ.ਆਰ.ਨੰ:2, ਮਿਤੀ 2 ਜੁਲਾਈ 2018) ਜੇਰੇ ਦਫ਼ਾ 376/376-ਸੀ.ਆਈ.ਪੀ.ਸੀ.22/27-ਏ/27/29 ਐਨ.ਡੀ.ਪੀ.ਐਸ. ਐਕਟ 1885 ਦਰਜ ਕੀਤਾ ਗਿਆ ਹੈ। ਤਰਨਤਾਰਨ ਵਿਖੇ ਤਾਇਨਾਤੀ ਦੇ ਦੌਰਾਨ ਇਸ ਅਧਿਕਾਰੀ ਨੂੰ ਅਣਇੱਛਾਜਨਕ ਅਤੇ ਨੈਤਿਕ ਭਿ੍ਰਸ਼ਟਤਾ ਦੀਆਂ ਕਾਰਵਾਈਆਂ ਵਿੱਚ ਲਿਪਤ ਪਾਇਆ ਗਿਆ ਅਤੇ ਉਸ ਨੇ ਆਪਣੇ ਸਰਕਾਰੀ ਅਹੁਦੇ ਅਤੇ ਸ਼ਕਤੀ ਜੋ ਉਸ ਨੂੰ ਇਕ ਗਜ਼ਟਿਡ ਪੁਲਿਸ ਅਫ਼ਸਰ ਵਜੋਂ ਪ੍ਰਾਪਤ ਸੀ ਦੀ ਦੁਰਵਰਤੋਂ ਕੀਤੀ ਅਤੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਉਸ ਨੂੰ ਨਸ਼ਿਆਂ ਲਈ ਭਰਮਾਇਆ। ਮਾਮਲੇ ਦੀ ਅੱਗੇ ਜਾਂਚ ਆਈ.ਜੀ.ਪੀ. ਕਰਾਈਮ ਅਰੁਨ ਪਾਲ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਅਤੇ ਸਨਮੀਤ ਕੌਰ ਆਈ.ਪੀ.ਐਸ., ਏ.ਆਈ.ਜੀ./ਇਨਵੈਸਟੀਗੇਸ਼ਨ ਅਤੇ ਰਕੇਸ਼ ਕੌਸ਼ਲ ਕਮਾਂਡੈਂਟ ਸਮੇਤ ਕੀਤੀ ਗਈ। ਇੰਦਰਜੀਤ ਨੂੰ ਬਰਖ਼ਾਸਤ ਕਰਨ ਦੀ ਵਿਸਤਰਿਤ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪੁਲਿਸ ਮੁਲਾਜਮ ਸਤੰਬਰ 2017 ਤੋਂ ਮੁਅੱਤਲ ਸੀ ਇਸ ਨੂੰ ਕੁਲਜੀਤ ਕੌਰ ਉਰਫ ਜੋਤੀ ਨਾਂ ਦੀ ਲੜਕੀ ਵੱਲੋਂ ਕੀਤੀਆਂ ਲੜੀਵਾਰ ਸ਼ਿਕਾਇਤਾਂ ਦੇ ਆਧਾਰ ’ਤੇ ਮੁਅਤਲ ਕੀਤਾ ਗਿਆ ਸੀ। ਇਹ ਲੜਕੀ ਭਾਵੇਂ ਹਰ ਵਾਰ ਆਪਣੇ ਬਿਆਨ ਤੋਂ ਪਲਟਦੀ ਰਹੀ ਜਿਸ ਨੇ ਦੋਸ਼ੀ ਵਿਰੁੱਧ ਜਾਂਚ ਨੂੰ ਸਿਰੇ ’ਤੇ ਪੁਚਾਉਣ ਲਈ ਪੰਜਾਬ ਪੁਲਿਸ ਦੇ ਲਈ ਅਸੰਭਵ ਬਣਾਇਆ। ਬੁਲਾਰੇ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਮਹਿਸੂਸ ਕਰਦੇ ਹਨ ਕਿ ਮੌਜੂਦਾ ਹਾਲਤਾਂ ਦੇ ਵਿੱਚ ਵਿਭਾਗੀ ਜਾਂਚ ਕਰਾਉਣਾ ਜਾਂ ਇੰਦਰਜੀਤ (ਨੰ:2159/ਜਲੰਧਰ) ਵਿਰੁੱਧ ਕੋਈ ਹੋਰ ਕਾਰਵਾਈ ਚਲਾਉਣਾ ਮੁਨਾਸਬ ਤੌਰ ’ਤੇ ਵਿਹਾਰਕ ਨਹੀਂ ਹੈ। ਇਨਾਂ ਹਾਲਤਾਂ ਵਿੱਚ ਫੈਸਲਾ ਲੈਂਦੇ ਹੋਏ ਪੁਲਿਸ ਕਮਿਸ਼ਨਰ ਨੇ ਇਹ ਮੰਨਿਆ ਹੈ ਕਿ ਦੋਸ਼ੀ ਸਿਪਾਹੀ ਦਾ ਲਗਾਤਾਰ ਦੁਰਵਿਵਹਾਰ ਲਾਇਲਾਜ਼ ਅਤੇ ਉਹ ਇਸ ਸੰਗਠਨ ਵਿਚ ਸੇਵਾ ਲਈ ਅਯੋਗ ਹੈ। ਕੁਲਜੀਤ ਕੌਰ ਉਰਫ ਜੋਤੀ ਪੁੱਤਰੀ ਗੁਰਮੇਜ ਸਿੰਘ ਵਾਸੀ ਬਲਵੰਤ ਨਗਰ ਜਲੰਧਰ ਨੇ ਚਾਰ ਵਾਰ ਇੰਦਰਜੀਤ ਵਿਰੁੱਧ ਗੰਭੀਰ ਦੋਸ਼ ਉਠਾਏ। 30 ਅਗਸਤ, 2017 ਨੂੰ ਕੁਲਜੀਤ ਕੌਰ ਉਰਫ਼ ਜੋਤੀ ਅਤੇ ਪੀ.ਪੀ.ਐਚ.ਸੀ. ਇੰਦਰਜੀਤ ਸਿੰਘ ਦੀ ਕਥਿਤ ਸ਼ਾਦੀ ਸਬੰਧੀ ਇੱਕ ਵੀਡਿਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਇਸ ਵਿਚ ਸ਼ਾਦੀ ਦੇ ਬਹਾਨੇ ਉਸ ਨਾਲ ਜਿਨਸੀ ਸੋਸ਼ਣ ਕੀਤੇ ਜਾਣ ਦਾ ਹੈੱਡ ਕੋਂਸਟੇਬਲ ’ਤੇ ਦੋਸ਼ ਲਾ ਰਹੀ ਸੀ। ਜਿਸ ਵਿੱਚ ਕਿਹਾ ਗਿਆ ਕਿ ਉਸ ਨੇ ਆਪਣੀ ਚਮੜੀ ਬਚਾਉਣ ਲਈ ਸ਼ਾਦੀ ਕੀਤੀ ਹੈ ਅਤੇ ਉਸ ਨੂੰ ਨਸ਼ਿਆਂ ਵਿੱਚ ਧੱਕਿਆ ਹੈ।ਇਨਾਂ ਦੋਸ਼ਾਂ ਦੇ ਆਧਾਰ ’ਤੇ ਇੰਦਰਜੀਤ ਨੂੰ 4-9-2017 ਤੋਂ ਮੁਅੱਤਲ ਕੀਤਾ ਗਿਆ ਸੀ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਸੀ ਜੋ ਸ਼੍ਰੀ ਮਤੀ ਸੁਦਾਰਵਿਜ਼ੀ  ਆਈ.ਪੀ.ਐਸ. ਏ.ਡੀ.ਸੀ.ਪੀ. ਸਿਟੀ 2 ਜਲੰਧਰ ਨੇ ਕੀਤੀ ਸੀ। ਕੁਲਜੀਤ ਕੌਰ ਉਰਫ਼ ਜੋਤੀ ਵਿਭਾਗੀ ਜਾਂਚ ਦੌਰਾਨ ਵੀ ਆਪਣੇ ਬਿਆਨ ਤੋਂ ਪਲਟੀ ਸੀ ਅਤੇ ਇਨਕਾਰ ਕੀਤਾ ਸੀ ਕਿ ਇੰਦਰਜੀਤ ਨੇ ਉਸ ਨਾਲ ਸ਼ਾਦੀ ਕੀਤੀ ਸੀ। ਕੁਲਜੀਤ ਕੌਰ ਉਰਫ਼ ਜੋਤੀ ਵੱਲੋਂ ਇੰਦਰਜੀਤ ਸਿੰਘ ਵਿਰੁੱਧ ਦਾਇਰ ਕੀਤੀਆਂ ਸਾਰੀਆਂ ਸ਼ਿਕਾਇਤਾਂ ਦੇ ਦੋਸ਼ ਗੰਭੀਰ ਕਿਸਮ ਦੇ ਸਨ ਪਰ ਸਪਸ਼ਟ ਅਸੰਗਤ ਕਾਰਨਾਂ ਕਰਕੇ ਇਹ ਜਾਂਚ ਸਿਰੇ ਨਾ ਲੱਗ ਸਕੀ। 30/06/2018 ਨੂੰ ਗੁਰਜੀਤ ਕੌਰ ਮਾਤਾ ਕੁਲਜੀਤ ਕੌਰ ਉਰਫ਼ ਜੋਤੀ ਨੇ ਪੁਲਿਸ ਥਾਣਾ ਡਵੀਜਨ ਨੰ:2 ਜਲੰਧਰ ਵਿੱਚ ਇਕ ਰਸਮੀ ਸ਼ਿਕਾਇਤ ਦਰਜ ਕਰਾਈ ਜਿਸ ਵਿੱਚ ਦੋਸ਼ ਲਾਇਆ ਗਿਆ ਕਿ ਜੋਤੀ ਨੂੰ ਇੰਦਰਜੀਤ ਫਿਰ ਕਿਤੇ ਲੈ ਗਿਆ ਜਿਸ ਕਾਰਨ ਉਸ ਨੂੰ ਡਰ ਹੈ ਕਿ ਉਸ ਦੀਆਂ ਆਪਣੀ ਧੀ ਦੀਆਂ ਨਸ਼ਾ ਛੁਡਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਣਗੀਆਂ ਅਤੇ ਪੁਲਿਸ ਅਫ਼ਸਰ ਫਿਰ ਉਸ ਨੂੰ ਨਸ਼ਿਆਂ ਵਿਚ ਧੱਕ ਦੇਵੇਗਾ।