ਸਾਇੰਸਦੀਪ ਸਿੰਘ ਦੀ ਪੜਾਈ ਦਾ ਸਮੁੱਚਾ ਖ਼ਰਚਾ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਮੁਕਤਸਰ ਦਾ ਸਾਇੰਸਦੀਪ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਕਰ ਰਿਹੈ ਜਾਗਰੂਕ

ਚੰਡੀਗੜ, 2 ਜੁਲਾਈ(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕਤਸਰ ਜ਼ਿਲੇ ਦੇ ਨੌਜਵਾਨ ਸਾਇੰਸਦੀਪ ਸਿੰਘ ਦੀ ਪੜਾਈ ਦਾ ਸਮੁੱਚਾ ਖ਼ਰਚਾ ਖੁਦ ਸਹਿਣ ਕਰਨ ਦਾ ਐਲਾਨ ਕੀਤਾ ਹੈ। ਇਹ ਨੌਜਵਾਨ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਰਗਰਮ ਹੈ। ਮੁਕਤਸਰ ਦੇ ਐਸ.ਐਸ.ਪੀ. ਸੁਸ਼ੀਲ ਕੁਮਾਰ ਦੇ ਨਾਲ ਸਾਇੰਸਦੀਪ ਸਿੰਘ ਅੱਜ ਸ਼ਾਮ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਨੂੰ ਮਿਲਿਆ। ਚੱਕ ਸ਼ੇਰ ਵਾਲਾ ਦਾ ਸਾਇੰਸ ਦੀਪ ਸਿੰਘ ਨਸ਼ਿਆਂ ਦੇ ਕਾਰਣ ਆਪਣੇ ਪਿਤਾ ਅਤੇ ਦਾਦੇ ਦੋਵਾਂ ਨੂੰ ਗੁਵਾਅ ਚੁੱਕਾ ਹੈ ਜਿਸ ਨੇ ਉਸ ਨੂੰ ਸਮਾਜ ਦੇ ਲਈ ਕੁਝ ਹਾਂ-ਪੱਖੀ ਕਾਰਜ ਕਰਨ ਲਈ ਪ੍ਰੇਰਿਆ। ਇਸ ਤੋਂ ਬਾਅਦ ਉਹ ਨਸ਼ਿਆਂ ਦੀ ਲਾਹਨਤ ਤੋਂ ਪਰੇ ਰਹਿਣ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲੱਗ ਪਿਆ। ਇਸ ਨੌਜਵਾਨ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਮੁੱਖ ਮੰਤਰੀ ਨੇ ਹੋਰਾਂ ਨੌਜਵਾਨਾਂ ਨੂੰ ਵੀ ਸਾਇੰਸਦੀਪ ਸਿੰਘ ਵੱਲੋਂ ਅਪਣਾਏ ਇਸ ਮਿਸ਼ਨ ਨੂੰ ਸਫ਼ਲ ਕਰਨ ਦੀ ਅਪੀਲ ਕੀਤੀ ਤਾਂ ਜੋ ਇਹਨਾਂ ਸੁਹਿਰਦ ਯਤਨਾਂ ਨਾਲ ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਇਆ ਜਾ ਸਕੇ। ਸਾਇੰਸਦੀਪ ਸਿੰਘ ਅਤੇ ਉਸ ਦੇ ਪਰਿਵਾਨ ਨੇ ਨਸ਼ਈਆਂ ਨੂੰ ਸੰਵੇਦਨਸ਼ੀਲ ਬਨਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨਾਂ ਨੇ ਡਰਾਮਿਆਂ, ਸਕਿਟਾਂ ਅਤੇ ਸੰਗੀਤ ਦੇ ਮੁਕਾਬਲੇ ਆਯੋਜਿਤ ਕਰਾ ਕੇ ਮੁਕਤਸਰ ਦੇ ਪਿੰਡਾਂ ਅਤੇ ਨੇੜੇਲੇ ਜਿਲਿਆਂ ਵਿਚ ਆਪਣੇ ਕੰਮ ਨੂੰ ਸਫ਼ਲ ਅੰਜਾਮ ਦਿੱਤਾ ਹੈ। ਮੁੱਖ ਮੰਤਰੀ ਨੇ ਸਾਇੰਸਦੀਪ ਸਿੰਘ ਦੀ ਮਾਤਾ ਸਿਮਰਨਜੀਤ ਕੌਰ ਦੇ ਸਿਲਾਈ ਕਢਾਈ ਦੇ ਹੁਨਰ ਨੂੰ ਸੂਬਾ ਸਰਕਾਰ ਵੱਲੋਂ ਉਚਿਆਉਣ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਲਾਭਦਾਇਕ ਰੁਜ਼ਗਾਰ ਪ੍ਰਾਪਤ ਕਰ ਸਕੇ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ ਕਿ ਉਹ ਸਾਇੰਸਦੀਪ ਸਿੰਘ ਦੇ ਵੱਡੇ ਭਰਾ ਦੇ ਕਰਮਜੀਤ ਸਿੰਘ ਦੇ ਹੁਨਰ ਨੂੰ ਵੀ ਉਚਿਆਉਣ ਤਾਂ ਜੋ ਉਸ ਨੂੰ ਢੁਕਵੀਂ ਨੌਕਰੀ ਦਿੱਤੀ ਜਾ ਸਕੇ ਅਤੇ ਉਹ ਵਧੀਆ ਤਰੀਕੇ ਨਾਲ ਆਪਣੀ ਜੀਵਕਾ ਚਲਾ ਸਕੇ।