ਸਕੇ ਭਰਾ ਨੂੰ ਗੋਲੀ ਮਾਰ ਕੇ ਕੀਤਾ ਹਲਾਕ, ਜ਼ਮੀਨੀ ਵਿਵਾਦ ਨੇ ਵੱਡੇ ਭਰਾ ਹੱਥੋਂ ਕਤਲ ਕਰਵਾਇਆ ਛੋਟਾ ਵੀਰ

ਮੋਗਾ, 2 ਜੁਲਾਈ (ਜਸ਼ਨ)- ਅੱਜ ਮੋਗਾ ਜ਼ਿਲੇ  ਦੇ ਪਿੰਡ ਮੰਗੇਵਾਲਾ ‘ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਵਿਅਕਤੀ ਨੇ ਆਪਣੇ ਹੀ ਸਕੇ ਭਰਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੋਗਾ ਦੇ ਐੱਸ ਪੀ ਆਈ ਵਜੀਰ ਸਿੰਘ ਖਹਿਰਾ ਦੇ ਦੱਸਣ ਮੁਤਾਬਕ ਦੋਵਾਂ ਭਰਾਵਾਂ ਦਾ ਲੰਬੇ ਸਮੇਂ ਤੋਂ ਅਦਾਲਤ ਵਿਚ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਅਤੇ ਅੱਜ ਵੀ ਦੁਪਹਿਰ ਵੇਲੇ ਖੇਤਾਂ ਵਿਚ ਉਹਨਾਂ ਦੀ ਆਪਸੀ ਕਹਾ ਸੁਣੀ ਹੋ ਗਈ ਪਰ ਬਾਅਦ ਵਿਚ ਪਿੰਡ ਪਹੰੁਚਣ ’ਤੇ ਉਹਨਾਂ ਵਿਚ ਮੁੜ ਤੋਂ ਤਲਖ਼ ਕਲਾਮੀ ਹੋਈ ਤੇ ਵੱਡੇ ਭਰਾ ਨੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ । ਜ਼ਿਕਰਯੋਗ ਹੈ ਕਿ 42 ਸਾਲਾ ਮਿ੍ਰਤਕ ਜਸਵੀਰ ਸਿੰਘ ਜੱਸਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਹੈ ਜਦਕਿ ਵੱਡਾ ਭਰਾ ਜਗਸੀਰ ਸਿੰਘ ਕਾਂਗਰਸ ਪਾਰਟੀ ਦਾ ਸੂਬਾ ਸਕੱਤਰ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਅੱਜ ਦੁਪਹਿਰ ਸਮੇਂ ਮੋਗਾ ਜ਼ਿਲੇ ਦੇ ਪਿੰਡ ਮੰਗੇਵਾਲਾ ਵਿਖੇ ਕਾਂਗਰਸ ਦੇ ਸੂਬਾ ਸਕੱਤਰ ਜਗਸੀਰ ਸਿੰਘ ਮੰਗੇਵਾਲਾ ਵਲੋਂ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਛੋਟੇ ਭਰਾ ਨੂੰ ਗੋਲੀ ਮਾਰ ਦਿੱਤੀ। ਪਿੰਡ ਮੰਗੇਵਾਲਾ ਦੇ ਮਰਹੂਮ ਸਿਰਕੱਢ ਅਕਾਲੀ ਆਗੂ ਅਤੇ ਮੋਗੇ ਦੀ ਸਿਆਸਤ ਤੇ ਹਮੇਸ਼ਾ ਪ੍ਰਭਾਵ ਰੱਖਣ ਵਾਲੇ ਸੁਖਦੇਵ ਸਿੰਘ ਮੰਗੇਵਾਲਾ ਦੇ ਤਿੰਨ ਪੁੱਤਰ ਜਗਸੀਰ ,ਇਕਬਾਲ ਅਤੇ ਜਸਵੀਰ ਵੀ ਪਿਤਾ ਵਾਂਗ ਸਿਆਸੀ ਤੌਰ ’ਤੇ ਰੁਚੀ ਰੱਖਦੇ ਨੇ ਪਰ ਸੁਖਦੇਵ ਸਿੰਘ ਦੀ ਪਿਤਾ ਪੁਰਖੀ ਜ਼ਮੀਨ ਅਤੇ ਬਣਾਈ ਹੋਰ ਜਾਇਦਾਦ ਪਰਿਵਾਰ ਨੂੰ ਸੁੱਖ ਦੇਣ ਦੀ ਥਾਂ ਹਮੇਸ਼ਾ ਵਿਵਾਦ ਪੈਦਾ ਕਰਦੀ ਰਹੀ ਜਿਥੇ ਜਿਉਂਦੇ ਜੀਅ ਸੁਖਦੇਵ ਸਿੰਘ ਮੰਗੇਵਾਲਾ ਜਾਇਦਾਦ ਦੇ ਮਾਮਲਿਆਂ ਵਿਚ ਪੁੱਤਰਾਂ ਨੂੰ ਅਦਾਲਤ ਵਿਚ ਦੇਖਦਾ ਰਿਹਾ ਉੱਥੇ ਉਸ ਦੀ ਮੌਤ ਤੋਂ ਬਾਅਦ ਅੱਜ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਜਦੋਂ ਸਭ ਤੋਂ ਛੋਟਾ ਭਰਾ ਜਾਨ ਤੋਂ ਹੱਥ ਧੋ ਬੈਠਾ ਤੇ ਉਹ ਵੀ ਆਪਣੇ ਸਕੇ ਭਰਾ ਹੱਥੋਂ । ਜਗਸੀਰ ਸਿੰਘ ਦਾ ਆਪਣੇ ਛੋਟੇ ਭਰਾ ਜਸਵੀਰ ਸਿੰਘ ਨਾਲ ਜ਼ਮੀਨੀ ਵਿਵਾਦ ਚੱਲਦਾ ਸੀ ਅਤੇ ਇਸ ਇਹ ਮਾਮਲਾ ਅਜੇ ਵੀ ਅਦਾਲਤ ਵਿਚ ਸੀ ਕਿ ਅੱਜ ਜਦੋਂ ਦੁਪਹਿਰ ਸਮੇਂ ਜਗਸੀਰ ਸਿੰਘ ਖੇਤਾਂ ਵਿਚ ਗਿਆ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਉਸ ਦੇ ਛੋਟੇ ਭਰਾ ਜਸਵੀਰ ਸਿੰਘ ਨਾਲ ਉਸ ਦੀ ਤਲਖ਼ ਕਲਾਮੀ ਹੋ ਗਈ ਤੇ ਉਹ ਇਕ ਦੂਜੇ ਨੂੰ ਮਾਰ ਦੇਣ ਦੀਆਂ ਧਮਕੀਆਂ ’ਤੇ ਜਾ ਪੁੱਜੇ। ਜਿਸ ’ਤੇ ਗੁੱਸੇ ਵਿਚ ਆਏ ਜਗਸੀਰ ਸਿੰਘ ਨੇ ਘਰ ਜਾ ਕੇ ਆਪਣਾ ਲਾਇਸੈਂਸੀ ਪਿਸਤੌਲ ਚੁੱਕਿਆ ਅਤੇ ਮੁੜ ਖੇਤਾਂ ਵੱਲ ਨੂੰ ਤੁਰ ਪਿਆ ਅਤੇ ਰਸਤੇ ਵਿਚ ਹੀ ਉਸ ਨੂੰ ਅੱਗਿਓਂ ਉਸ ਦਾ ਭਰਾ ਜਸਵੀਰ ਸਿੰਘ ਆਉਂਦਾ ਦਿੱਸਿਆ ਤਾਂ ਜਗਸੀਰ ਨੇ ਉਸ ’ਤੇ ਗੋਲੀ ਚਲਾ ਦਿੱਤੀ ਜੋ ਕਿ ਜਸਵੀਰ ਦੇ ਦਿਲ ਵਿਚ ਜਾ ਵੱਜੀ। ਜਸਵੀਰ ਸਿੰਘ ਦੇ ਤਾਏ ਦਾ ਲੜਕਾ ਜਗਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਵਿਖੇ ਲੈ ਕੇ ਆਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਐਸ.ਪੀ. ਇਨਵੈਸਟੀਗੇਸ਼ਨ ਵਜ਼ੀਰ ਸਿੰਘ, ਡੀ.ਐਸ. ਪੀ. ਸਿਟੀ ਕੇਸਰ ਸਿੰਘ, ਥਾਣਾ ਸਦਰ ਦੇ ਐਸ.ਐਚ.ਓ. ਕਰਮਜੀਤ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ. ਕਿੱਕਰ ਸਿੰਘ ਮੌਕੇ ’ਤੇ ਪੁੱਜੇ । ਇਸ ਸਬੰਧੀ ਐਸ.ਪੀ.(ਆਈ) ਵਜ਼ੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮਿ੍ਰਤਕ ਜਸਵੀਰ ਸਿੰਘ ਦੇ ਪੁੱਤਰ ਜਗਮੀਤ ਸਿੰਘ ਦੇ ਬਿਆਨਾਂ ’ਤੇ ਜਗਸੀਰ ਸਿੰਘ, ਉਸ ਦੀ ਪਤਨੀ ਸਤਵਿੰਦਰ ਕੌਰ ਅਤੇ ਉਸ ਦੇ ਪੁੱਤਰ ਮਨਜਿੰਦਰ ਸਿੰਘ ’ਤੇ ਧਾਰਾ 302 34 ਆਈ.ਪੀ.ਸੀ. ਅਧੀਨ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਹਸਪਤਾਲ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ ਅਤੇ ਹੋਰ ਸੀਨੀਅਰ ਅਕਾਲੀ ਆਗੂ ਪਹੁੰਚੇ।
 ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ