ਪੰਜਾਬ ਸਟੇਟ ਐਰੋਨੌਟਿਕ ਇੰਜੀਨੀਅਰਿੰਗ ਕਾਲਜ (ਪੀ.ਐਸ.ਏ.ਈ.ਸੀ.) ਪਟਿਆਲਾ ਵਿਖੇ ਐਵੀਏਸ਼ਨ ਇੰਜੀਨੀਅਰਿੰਗ ਕੋਰਸ ਇਸੇ ਅਕਾਦਮਿਕ ਵਰੇ ਤੋਂ ਸੁਰੂ ਹੋਣਗੇ: ਵੀ.ਸੀ.

* ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਐਵੀਏਸ਼ਨ ਇੰਡਸਟਰੀ ਵਿਚ ਰੋਜ਼ਗਾਰ ਦੇ ਮੌਕੇ ਵੱਧ ਰਹੇ ਹਨ: ਉਪ-ਕੁਲਪਤੀ
ਬਠਿੰਡਾ,2 ਜੁਲਾਈ (ਜਸ਼ਨ)-ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਐਰੋਨੌਟਿਕ ਇੰਜੀਨੀਅਰਿੰਗ ਕਾਲਜ (ਪੀ.ਐਸ.ਏ.ਈ.ਸੀ.) ਪਟਿਆਲਾ ਨੂੰ ਦੇਸ਼ ਵਿਚ ਮਾਡਲ ਇੰਸਟੀਚਿਊਟ ਦੇ ਰੂਪ ਵਿਚ ਵਿਕਸਿਤ ਕਰਨ ਦੇ ਫ਼ੈਸਲੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ  ਉੱਪ-ਕੁਲਪਤੀ ਪ੍ਰੋ: ਮੋਹਨ ਪਾਲ ਸਿੰਘ ਈਸ਼ਰ ਨੇ ਯੂਨੀਵਰਸਿਟੀ ਅਤੇ ਕਾਲਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੁਨਿਆਦੀ ਢਾਂਚਾ ਉਸਾਰਨ, ਚੱਲ ਰਹੇ ਕੰਮਾਂ,  ਅਤੇ ਨਵੇਂ ਸੁਰੂ ਹੋਣ ਵਾਲੇ ਕੋਰਸਾਂ ਲਈ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਮੀਖਿਆ ਕੀਤੀ। ਅੱਜ ਜਾਰੀ ਪ੍ਰੈੱਸ ਨੋਟ ਵਿਚ ਡਾ: ਈਸ਼ਰ ਨੇ ਦੱਸਿਆ ਕਿ ਤਜਵੀਜ ਕੀਤੇ ਐਰੋੋਨੋਟਿਕਲ ਕਾਲਜ ਨੂੰ ਮੌਜੂਦਾ ਸੈਸ਼ਨ ਤੋ ਹੀ ਸੁਰੂ ਕਰ ਦਿੱਤਾ ਜਾਵੇਗਾ। ਇਸ ਵਿਚ ਬੀ. ਟੈੱਕ (ਐਰੋੋਨੋਟਿਕ ਇੰਜੀਨੀਅਰਿੰਗ) ਅਤੇ ਬੀ.ਐਸ.ਸੀ. (ਆਨਰਜ਼) ਏਅਰਕਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਦੀਆਂ ਕਲਾਸਾਂ ਯੂਨੀਵਰਸਿਟੀ ਵੱਲੋਂ ਅਗਸਤ ਦੇ ਪਹਿਲੇ ਹਫਤੇ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਜਦਕਿ ਬੀ.ਟੈੱਕ (ਐਰੋੋਸਪੇਸ ਇੰਜੀਨੀਅਰਿੰਗ) ਦਾ ਕੋਰਸ ਅਗਲੇ ਸੈਸ਼ਨ ਤੋਂ ਸੁਰੂ ਹੋ ਜਾਵੇਗਾ। ਉਨਾਂ ਕਿਹਾ ਕਿ ਦਾਖਲੇ ਦੀ ਪਰਿਕਿਰਿਆ ਛੇਤੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਡਾ: ਈਸ਼ਰ ਨੇ ਕਿਹਾ ਕਿ ਹਵਾਬਾਜ਼ੀ ਉਦਯੋਗ ਸੰਸਾਰ ਭਰ ਵਿਚ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਸ਼ਹਿਰੀ ਹਵਾਬਾਜ਼ੀ ਉਦਯੋਗ ਦੇ ਖੇਤਰ ਵਿਚ ਨੌਕਰੀਆਂ ਦੇ ਬੇਹਿਸਾਬ ਮੌਕੇ ਵਧੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਪਟਿਆਲਾ ਵਿਚ ਪੀ.ਐਸ.ਏ.ਈ.ਸੀ. ਸਥਾਪਨਾ ਲਈ ਰਾਹ ਪੱਧਰਾ ਕਰਨ ਲਈ 17 ਅਪ੍ਰੈਲ ਨੂੰ ਯੂਨੀਵਰਸਿਟੀ ਅਤੇ ਪੰਜਾਬ ਸਿਵਲ ਐਵੀਏਸ਼ਨ ਵਿਭਾਗ ਨਾਲ ਇਕ ਸਮਝੋਤਾ ਕੀਤਾ ਗਿਆ ਸੀ। ਪੰਜਾਬ ਦੇ ਮੱੁਖ ਮੰਤਰੀ ਨੇ ਇਸ ਕਾਲਜ ਨੂੰ ਦੇਸ਼ ਦਾ ਨਮੂਨੇ ਦਾ ਐਰੋਨੌਟਿਕ ਇੰਜੀਨੀਅਰਿੰਗ ਕਾਲਜ ਬਣਾਉਣ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਡਾ: ਈਸ਼ਰ ਨੇ ਆਸ ਪ੍ਰਗਟ ਕੀਤੀ ਕਿ ਪੀ.ਐਸ.ਏ.ਈ.ਸੀ. ਸੂਬੇ ਵਿਚ ਸਿਵਲ ਐਵੀਏਸ਼ਨ ਉਦਯੋਗ ਨੂੰ ਬੜਾਵਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗਾ। ਉਨਾਂ ਨੇ ਕਿਹਾ ਕਿ ਪਟਿਆਲਾ ਐਵੀਏਸ਼ਨ ਕਲੱਬ ਦੇ ਨਾਲ ਲੱਗਦਾ ਇਹ ਕਾਲਜ ਵਿਦਿਆਰਥੀਆਂ ਨੂੰ ਸਹੀ ਪ੍ਰੈਕਟੀਕਲ ਗਿਆਨ ਅਤੇ ਉਡਾਣ ਦਾ ਤਜਰਬਾ ਪ੍ਰਾਪਤ ਕਰਨ ਦੇ ਯੋਗ ਬਣਾਏਗਾ। ਉਨਾਂ ਨੇ ਦੱਸਿਆ ਕਿ ਫਲਾਇੰਗ ਕਰੂਜ਼ ਦੇ ਨਾਲ-ਨਾਲ ਗਰਾਊਂਡ ਟੈਕਨੀਕਲ ਸਟਾਫ, ਹਵਾਈ ਜਹਾਜ਼ ਦੀ ਉਡਾਣ ਨੂੰ ਸੁਰੱਖਿਆ ਪ੍ਰਦਾਨ ਕਰਨ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਦਾ ਹੈ। ਅਕਾਦਮਿਕ ਖੋਜ ਅਤੇ ਹੁਨਰ ਵਿਕਾਸ ਵਿਚ ਉੱਤਮਤਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਡਾ. ਈਸ਼ਰ ਨੇ ਕਿਹਾ ਕਿ ਸੁਰੱਖਿਆ ਦੀਆਂ ਜ਼ਰੂਰਤਾਂ ਦੇ ਕਾਰਨ ਹਵਾਬਾਜ਼ੀ ਵਿਚ ਉੱਚ ਪੱਧਰੀ ਹੁਨਰ, ਵਚਨਬੱਧਤਾਵਾਂ, ਸ਼ੁੱਧਤਾ ਅਤੇ ਉੱਚ ਮਿਆਰੀ ਸਿੱਖਿਆ ਦੀ ਬੇਹੱਦ ਲੋੜ ਹੈ। ਉਨਾਂ ਅਧਿਕਾਰੀਆਂ ਨੂੰ ਸਾਰਾ ਕੰਮ ਅਤੇ ਸੈਸ਼ਨ ਨੂੰ ਸਮੇਂ ਦੀ ਮਿੱਥੀ ਤਾਰੀਖ ਤੱਕ  ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਹਦਾਇਤ ਦਿੱਤੀ। ਇਸ ਮੌਕੇ ਯੂਨੀਵਰਸਿਟੀ ਤੇ ਕਾਲਜ਼ ਦੇ ਸੀਨੀਅਰ ਅਧਿਕਾਰੀ ਡਾ. ਗੁਰਸ਼ਰਨ ਸਿੰਘ, (ਡੀਨ ਅਕਾਦਮਿਕ), ਸ੍ਰੀ ਅਸੋਕ ਗੋਇਲ, ਸ੍ਰੀ ਸੁਭਾਸ਼ ਬਾਂਸਲ, ਸ੍ਰੀ ਹਰਜਿੰਦਰ ਸਿੱਧੂ, ਸ੍ਰੀਮਤੀ ਦੀਪਾਲੀ ਅਗਰਵਾਲ ਅਤੇ  ਸ੍ਰੀ ਹਰੀਸ਼ ਗੋਇਲ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ