ਵਿਜੀਲੈਂਸ ਵੱਲੋਂ ਦਿਆਲ ਸਿੰਘ ਕੋਲਿਆਂਵਾਲੀ ਖਿਲਾਫ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਮੁਕੱਦਮਾ ਦਰਜ

ਚੰਡੀਗੜ 1 ਜੁਲਾਈ :  (ਜਸ਼ਨ): ਪੰਜਾਬ ਵਿਜੀਲੈਂਸ ਬਿਓਰੋ ਨੇ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ  ਦਿਆਲ ਸਿੰਘ ਕੋਲਿਆਂਵਾਲੀ ਖਿਲਾਫ਼ ਆਮਦਨੀ ਦੇ ਜਾਣੰੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਵੱਲੋਂ ਸਾਲ 2009 ਤੋਂ ਸਾਲ 2014 ਦੇ ਸਮੇਂ ਦੌਰਾਨ ਉਕਤ ਮੁਲਜ਼ਮ ਵੱਲੋਂ ਉਕਤ ਅਹੁਦਿਆਂ ’ਤੇ ਰਹਿੰਦਿਆਂ ਜਾਇਦਾਦ ਬਣਾਉਣ ਸਬੰਧੀ ਪੜਤਾਲ ਕੀਤੀ ਗਈ ਅਤੇ ਉਸ ਵਲੋਂ ਇਸ ਸਮੇ ਦੌਰਾਨ ਆਪਣੇ ਜਾਣੰੂ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1.71 ਕਰੋੜ ਰੁਪਏ ਦਾ ਵੱਧ ਖਰਚਾ ਕੀਤਾ ਗਿਆ ਜੋ ਕਿ ਅਸਲ ਆਮਦਨ ਨਾਲੋਂ ਲੱਗਭੱਗ 71 ਫੀਸਦੀ ਵੱਧ ਬਣਦਾ ਹੈ। ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਦੋਸ਼ੀ ਨੇ ਆਪਣੇ ਰੁਤਬੇ ਦੀ ਕੁਵਰਤੋਂ ਕਰਦਿਆਂ ਹੋਏ ਸਰਕਾਰੀ ਗੱਡੀਅੲ ਦੀ ਦੁਰਵਰਤੋਂ ਕੀਤੀ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰਮਚਾਰੀਆਂ ਦੀਆਂ ਬਦਲੀਆਂ/ਤੈਨਾਤੀਆਂ ਕਰਵਾਕੇ ਭਾਰੀ ਰਕਮਾਂ ਹਾਸਲ ਕੀਤੀਆਂ ਗਈਆਂ ਅਤੇ ਗੈਰ ਕਾਨੂੰਨੀ ਅਨਸਰਾਂ ਦੀ ਮੱਦਦ ਰਾਹੀਂ ਪੈਸੇ ਇਕੱਠੇ ਕੀਤੇ ਗਏ। ਉਨਾਂ ਦੱਸਿਆ ਕਿ ਮੁਲਜ਼ਮ ਕੋਲਿਆਂਵਾਲੀ ਦੀ ਪੰਜਾਬ ਤੋਂ ਬਾਹਰਲੇ ਸੂਬਿਆਂ ਜਿਵੇਂ ਰਾਜਸਥਾਨ, ਉਤਰਾਖੰਡ ਆਦਿ ਰਾਜਾਂ ਵਿਚ ਵੀ ਜਾਇਦਾਦ/ਹੋਟਲ/ਖੇਤੀਬਾੜੀ ਫਾਰਮ ਹੋਣ ਬਾਰੇ ਵੀ ਪਤਾ ਲੱਗਿਆ ਹੈ। ਉਨਾਂ ਕਿਹਾ ਕਿ ਉਕਤ ਮੁਲਜ਼ਮ ਆਪਣੇ ਪਰਿਵਾਰ ਸਮੇਤ ਕਰੀਬ 5 ਏਕੜ ਦੇ ਮਹਿਲਨੁਮਾ ਫਾਰਮ ਹਾਊਸ ਵਿਚ ਰਿਹਾਇਸ਼ ਰੱਖਦਿਆਂ ਸ਼ਾਹੀ ਸਹੂਲਤਾਂ ਵਾਲੀ ਜਿੰਦਗੀ ਬਤੀਤ ਕਰ ਰਿਹਾ ਹੈ। ਪੜਤਾਲ ਦੌਰਾਨ ਉਕਤ ਚੈਕ ਪੀਰੀਅਡ ਦੇ ਸਮੇਂ ਦੌਰਾਨ ਉਸ ਵੱਲੋਂ ਆਪਣੇ ਲੜਕੇ ਦੇ ਵਿਆਹ ’ਤੇ ਭਾਰੀ ਰਕਮ ਵੀ ਖਰਚ ਕੀਤੀ ਗਈ।ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਸਪੱਸ਼ਟ ਹੋਇਆ ਹੈ ਕਿ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਆਮਦਨ ਦੇ ਜਾਣੂ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਅਤੇ ਜਿਸ ਕਰਕੇ ਉਸ ਖਿਲਾਫ ਵਿਜੀਲੈਂਸ ਬਿਓਰੋ ਦੇ ਐਸ.ਏ.ਐਸ. ਨਗਰ (ਮੁਹਾਲੀ) ਸਥਿਤ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਅਰੰਭ ਕਰ ਦਿੱਤੀ ਗਈ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ