ਕੈਪਟਨ ਅਮਰਿੰਦਰ ਸਿੰਘ ਸਾਹਿਬ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਦਾ ਲੋਕਾਂ ਨੂੰ ਜਵਾਬ ਦੇਣ ਜਾਂ ਦੱਸਣ ਕਿ ਹੁਣ ਪੰਜਾਬ ਵਿੱਚ ਨਸ਼ਾ ਕੌਣ ਵਿਕਾ ਰਿਹਾ ਹੈ ?

(ਵਿਸ਼ੇਸ਼ ਰਿਪੋਰਟ)-ਕੁਝ ਦਿਨਾਂ ਤੋਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨਾਂ ਦੀ ਮੌਤ ਦੀਆਂ ਅਖਬਾਰਾਂ ਦੀਆਂ ਸੁਰੱਖੀਆਂ ਬਣ ਰਹੀਆਂ ਨੇ ਜਿਸ ਨਾਲ ਕਾਂਗਰਸ ਸਰਕਾਰ ਦੀ ਨਸ਼ਿਆਂ ਖਿਲਾਫ ਵਿੱਢੀ ‘ਨਸ਼ਾ ਮੁਕਤ ਪੰਜਾਬ’ ਮੁਹਿੰਮ ’ਤੇ ਸਵਾਲੀਆਂ ਨਿਸ਼ਾਨ ਲਾ ਦਿੱਤਾ ਹੈ।  ਬੀਤੀ 22 ਜੂਨ ਨੂੰ ਛੇਹਰਟਾ ਦੀ ਪੁਰਾਣੀ ਸਬਜ਼ੀ ਮੰਡੀ ਸਥਿਤ ਇੱਕ ਘਰ ਵਿੱਚ ਦੋ ਦੋਸਤਾਂ ਨੇ ਨਸ਼ੇ ਦੀ ਵੱਧ ਮਾਤਰਾ ਲੈ ਲਈ ਤੇ ਉਨਾਂ ਦੀ ਮੌਤ ਹੋ ਗਈ,ਇਸੇ ਤਰਾਂ ਹੀ 23 ਜੂਨ ਨੂੰ ਕੋਟਕਪੂਰਾ ਦੇ ਜੀਵਨ ਨਗਰ ਸਥਿਤ ਇੱਕ ਖਾਲੀ ਪਲਾਟ ਵਿੱਚ ਨਸ਼ਈ ਨੌਜਵਾਨ ਦੀ ਲਾਸ਼ ਪਾਈ ਗਈ ਜਿਸ ਦੀ ਵੀਡਿਓ ਵੀ ਸੋਸ਼ਲ ਮੀਡੀਆਂ ਤੇ ਵਾਇਰਲ ਹੋਈ ਹੈ ਅਤੇ ਉਕਤ ਨੌਜਵਾਨ ਦੇ ਹੱਥ ਵਿੱਚ ਨਸ਼ਾ ਪਾਇਆ ਗਿਆ। ਮੀਡੀਆਂ ਅਨੁਸਾਰ ਪੰਜ ਦਿਨਾਂ (22 ਜੂਨ ਤੋ ਲੈ ਕੇ 27 ਜੂਨ) ਵਿੱਚ 11 ਨੌਜਵਾਨ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਚੱਲੇ ਗਏ। ਇਨਾਂ ਘਟਨਾਵਾਂ ਤੋਂ ਇਲਾਵਾਂ ਹੋਰ ਵੀ ਅਨੇਕਾਂ ਨੌਜਵਾਨ ਨਸ਼ੇ ਕਾਰਨ ਮੌਤ ਦੀ ਲਪੇਟ ਵਿੱਚ ਆ ਗਏ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਇਸ ਸਭ ਤੋਂ ਅੱਖਾਂ ਮੀਚੀ ਪਾਸਾ ਵੱਟ ਗਈ ।  ਵੋਟਾਂ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਚਾਰ ਹਫਤਿਆਂ ਅੰਦਰ ਨਸ਼ੇ ਨੂੰ ਖਤਮ ਕਰਨ ਲਈ ਖਾਧੀ ਸਹੁੰ ਨੂੰ ਸਰਕਾਰ ਬਣਦਿਆਂ ਹੀ ਕੈਪਟਨ ਸਾਹਿਬ ਸੁਪਨਾ ਸਮਝ ਕੇ ਭੁੱਲ ਗਏ ਪਰ ਇਨਾਂ ਘਟਨਾਵਾਂ ਨੇ ਆਮ ਲੋਕਾਂ ਦੀ ਸੋਚ ਉੱਪਰ ਡੂੰਘਾ ਅਸਰ ਕੀਤਾ ਤੇ ਆਮ ਲੋਕ ਅੱਜ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦੇ ਨਜ਼ਰ ਆ ਰਹੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਵੋਟਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਬਿਕਰਮ ਮਜੀਠੀਆਂ ‘ਤੇ ਨਸ਼ਾ ਵੇਚਣ ਦੇ ਦੋਸ਼ ਲਾ ਕੇ ਨਸ਼ੇ  ਦੇ ਵਪਾਰੀਆ ਨੂੰ ਜੇਲਾਂ ਵਿੱਚ ਸੁੱਟਣ ਦੇ ਦਾਅਵੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਦਿਆ ਹੀ ਉਨਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਕੈਪਟਨ ਸਾਹਿਬ ਵੱਲੋਂ ਪੰਜਾਬ ‘ਚੋਂ ਨਸ਼ਾ ਅਤੇ ਗੈਂਗਸਟਰਾਂ ਦੇ ਖਤਮੇ ਦੇ ਕੀਤੇ ਜਾ ਰਹੇ ਦਾਅਵੇ ਅੱਜ ਖੋਖਲੇ ਸਾਬਤ ਹੋ ਰਹੇ ਹਨ। ਕਾਂਗਰਸ ਸਰਕਾਰ ਆਪਣੇ ਡੇਢ ਸਾਲਾਂ ਦੇ ਲੰਮੇ ਸਫਰ ਵਿੱਚ ਪੰਜਾਬ ਅੰਦਰੋਂ ਨਸ਼ਾ ਖਤਮ ਨਹੀਂ ਕਰ ਸਕੀ ਪਰ ਇੱਥੇ ਸੋਚਣ ਵਾਲੀ ਇਹ ਵੀ ਗੱਲ ਹੈ ਕਿ ਅੱਜ ਅਕਾਲੀ ਦਲ ਸੱਤਾ ਵਿੱਚ ਨਹੀਂ ਹੈ ਤੇ ਕਾਂਗਰਸ ਸਰਕਾਰ ਦੇ ਡੇਢ ਸਾਲਾਂ ਦੇ ਰਾਜ ਦੌਰਾਨ ਕਿਸੇ ਵੀ ਨੇਤਾ ਨੇ ਪੰਜਾਬ ਵਿੱਚ ਝੁੱਲ ਰਹੀ ਨਸ਼ੇ ਦੀ ਹਨੇਰੀ ਸਬੰਧੀ ਮਜੀਠੀਏ ਜਾਂ ਕਿਸੇ ਹੋਰ ਵਿਰੋਧੀ ਆਗੂ ਖਿਲਾਫ ਬਿਆਨ ਨਹੀਂ ਦਿੱਤਾ ਜਿਸ ਤੋਂ ਇੰਝ ਜਾਪ ਰਿਹਾ ਹੈ ਕਿ ਹੁਣ ਅਕਾਲੀ ਦਲ ਨਾਲ ਸਬੰਧਿਤ ਨਸ਼ੇ ਦੇ ਸੌਦਾਗਰ ਚੁੱਪ ਬੈਠ ਗਏ ਹਨ ਜਾਂ ਫਿਰ ਉਨਾਂ ਦੇ ਧੰਦਿਆ ‘ਤੇ ਕਾਂਗਰਸ ਸਰਕਾਰ ਦੇ ਆਗੂਆਂ ਨੇ ਕਬਜਾ ਕਰ ਲਿਆ ਹੈ,ਇਹ ਗੱਲ ਆਮ ਲੋਕ ਸ਼ਰੇਆਮ ਕਹਿੰਦੇ ਨਜ਼ਰ ਆ ਰਹੇ ਹਨ। ਆਮ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਕਾਂਗਰਸ ਸਰਕਾਰ ਪੁਲਿਸ ਅਧਿਕਾਰੀਆਂ ਤੋਂ ਵੀ ਨਸ਼ੇ ਵਿਕਾ ਰਹੀ ਹੈ,ਜਿਸ ਦਾ ਤਾਜਾ ਸਬੂਤ ਕੋਟਕਪੂਰਾ ਦੀ ਘਟਨਾ ਹੈ। ਕੋਟਕਪੂਰਾ ਦੇ ਇੱਕ ਨੌਜਵਾਨ ਨੇ ਆਡੀਓ ਵਾਇਰਲ ਕਰਕੇ ਕਿਹਾ ਹੈ ਕਿ ਪ੍ਰੇਮ ਨਗਰ ਵਿੱਚ ਕੁਝ ਨੌਜਵਾਨ ਚਿੱਟਾ ਵੇਚਦੇ ਹਨ ਜਦ ਉਨਾਂ ਨੂੰ ਰੋਕਿਆ ਜਾਂਦਾ ਹੈ ਤਾਂ ਉਹ ਕਹਿੰਦੇ ਹਨ ਸਾਨੂੰ ਤਾਂ ਪੁਲਿਸ ਵਾਲੇ ਵੇਚਣ ਲਈ ਦੇ ਕੇ ਜਾਂਦੇ ਹਨ ਤੇ ਅਸੀਂ ਵੇਚ ਰਹੇ ਹਾਂ। ਪੁਲਿਸ ਕਿਉਂ  ਤੇ ਕਿਸ ਲਈ ਨਸ਼ਾ ਵਿਕਾ ਰਹੀ ਹੈ ਇਸ ਗੱਲ ਤੋਂ ਸਭ ਜਾਣੂ ਹਨ ਪਰ ਨਸ਼ਾ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਕੈਪਟਨ ਸਾਹਿਬ ਦੱਸਣ ਹੁਣ ਪੰਜਾਬ ਵਿੱਚ ਨਸ਼ਾ ਕਿੱਥੋਂ,ਕਿਵੇਂ ਆ ਰਿਹਾ ਹੈ ਤੇ ਇਸ ਨੂੰ ਕੌਣ ਵਿਕਾ ਰਿਹਾ ? ਜੇਕਰ ਨਸ਼ਾ ਕੋਈ ਵਿਰੋਧੀ ਪਾਰਟੀ ਦਾ ਵੱਡਾ ਲੀਡਰ ਜਾਂ ਆਗੂ ਵਿਕਾ ਰਿਹਾ ਹੈ ਤਾਂ ਉਸ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ? ਜੇਕਰ ਹੁਣ ਨਸ਼ਾ ਕਾਂਗਰਸ  ਦੀ ਸ਼ੈਅ ‘ਤੇ ਵਿੱਕ ਰਿਹਾ ਹੈ ਤਾਂ ਇਸ ’ਤੇ ਸ਼ਿੰਕਜਾ ਕੱਸਦਿਆਂ  ਇਸ ਨੂੰ ਮੁਕੰਮਲ ਬੰਦ ਕੀਤਾ ਜਾਵੇ ਕਿਉਂਕਿ ਅੱਜ ਨਸ਼ੇ ਦੀ ਵਿਕਰੀ ਅਕਾਲੀ ਸਰਕਾਰ ਦੇ ਸਮੇਂ ਨਾਲੋਂ ਕੀਤੇ ਜ਼ਿਆਦਾ ਦੁਗਣੀ ਹੋ ਗਈ ਹੈ। ਜੇਕਰ ਨਸ਼ੇ ਦੇ ਇਸ ਵਰਤਾਰੇ ’ਤੇ ਨਕੇਲ ਨਾ ਕੱਸੀ ਗਈ ਤਾਂ ਆਏ ਦਿਨ ਨੌਜਵਾਨ ਦੇ ਮਰਨ ਦੀ ਗਿਣਤੀ ਵਧਣ ਜਾਂ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਤੇ ਕਤਲਾਂ ਵਿਚ ਵਾਧਾ ਹੋਣਾ ਸੁਭਾਵਿਕ ਹੋ ਜਾਵੇਗਾ। 
ਜਸਵੰਤ ਗਿੱਲ ਸਮਾਲਸਰ
ਪਿੰਡ+ਡਾਕ ਸਮਾਲਸਰ (ਮੋਗਾ)
ਮੋ:97804-51878