ਨਵਜੋਤ ਸਿੰਘ ਸਿੱਧੂ ਵੱਲੋਂ ਚੰਡੀਗੜ ਵਿੱਚ ਮਾਂ ਬੋਲੀ ਦਾ ਖੁੱਸਿਆ ਵੱਕਾਰ ਬਹਾਲ ਕਰਨ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ

ਚੰਡੀਗੜ, 1 ਜੁਲਾਈ (ਪੱਤਰ ਪਰੇਰਕ)-ਪੰਜਾਬ ਤੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਚੰਡੀਗੜ ਵਿੱਚ ਪੰਜਾਬੀ ਮਾਂ ਬੋਲੀ ਦਾ ਖੁੱਸਿਆ ਵੱਕਾਰ ਹਾਸਲ ਕਰਨ ਲਈ ਲੋਕ ਲਹਿਰ ਖੜੀ ਕਰਨ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਪੰਜਾਬੀ ਸਾਡੀ ਪਹਿਚਾਣ ਤੇ ਗੈਰਤ ਹੈ ਅਤੇ ਜੇਕਰ ਇਸ ਨੂੰ ਗੁਆ ਬੈਠਾਂਗੇ ਤਾਂ ਸਾਡੀ ਹੋਂਦ ਹੀ ਨਹੀਂ ਰਹੇਗੀ ਇਸ ਲਈ ਮਾਂ ਬੋਲੀ ਦਾ ਰੁਤਬਾ ਬਹਾਲ ਕਰਨ ਲਈ ਅੰਦਲੋਨ ਖੜਾ ਕਰਨਾ ਪਵੇਗਾ ਅਤੇ ਚੰਡੀਗੜ ਦੀ ਇਸ ਲੜਾਈ ਵਿੱਚ ਹਰ ਪੰਜਾਬੀ ਨੂੰ ਕੁੱਦਣਾ ਪਵੇਗਾ ਤਾਂ ਹੀ ਇਸ ਨੂੰ ਬਣਦਾ ਮਾਣ ਸਤਿਕਾਰ ਮਿਲੇਗਾ। ਸ.ਸਿੱਧੂ ਨੇ ਇਹ ਸੱਦਾ ਅੱਜ ਇਥੇ ਸੈਕਟਰ 16 ਸਥਿਤ ਕਲਾ ਭਵਨ ਵਿਖੇ ਚੰਡੀਗੜ ਪੰਜਾਬੀ ਮੰਚ ਵੱਲੋਂ ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਚੰਡੀਗੜ ਪ੍ਰਸ਼ਾਸਨ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਰੁਤਬਾ ਦਿਵਾਉਣ ਲਈ ਸੱਦੀ ਗਈ ਪੰਜਾਬੀ ਹਿਤੈਸ਼ੀਆਂ ਦੀ ਪੰਚਾਇਤ ਦੌਰਾਨ ਸੰਬੋਧਨ ਕਰਦਿਆਂ ਦਿੱਤਾ। ਉਨਾਂ ਕਿਹਾ ਕਿ ਇਹ ਸੰਘਰਸ਼ ਸਾਨੂੰ ਇਕੱਠਿਆਂ ਮਿਲ ਕੇ ਲੜਨਾ ਪਵੇਗਾ ਅਤੇ ਲੋਕਾਂ ਦੇ ਰੋਹ ਅੱਗੇ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਹੋਵੇ, ਉਸ ਨੂੰ ਝੁਕਣਾ ਪੈਂਦਾ ਹੈ। ਉਨਾਂ ਕਿਹਾ ਕਿ ਚੰਡੀਗੜ ਪੰਜਾਬ ਦੀ ਰਾਜਧਾਨੀ ਹੈ ਅਤੇ ਇਥੇ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਉਹ ਖੁਦ ਇਸ ਸੰਘਰਸ਼ ਵਿੱਚ ਉਨਾਂ ਦੇ ਨਾਲ ਖੜੇ ਹਨ। ਸ. ਸਿੱਧੂ ਨੇ ਦੁਨੀਆਂ ਦੇ ਕਈ ਮੁਲਕਾਂ ਦੀਆਂ ਉਦਾਹਰਨਾਂ ਦਿੰਦਿਆਂ ਦੱਸਿਆ ਕਿ ਕੋਈ ਵੀ ਮੁਲਕ ਕਿੰਨੀ ਵੀ ਤਰੱਕੀ ਕਰ ਲਵੇ ਪਰ ਉਥੋਂ ਦੇ ਵਸਨੀਕਾਂ ਨੇ ਮਾਂ ਬੋਲੀ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ। ਉਨਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜੀ ਕਾਰਟੂਨਾਂ ਦੇ ਪ੍ਰਭਾਵ ਨਾਲ ਪੰਜਾਬੀ ਮਾਂ ਬੋਲੀ ਤੋਂ ਕਿਨਾਰਾ ਕਰ ਰਹੀ ਹੈ ਜਿਸ ਲਈ ਸਾਨੂੰ ਲੋੜ ਹੈ ਕਿ ਪੰਜਾਬੀ ਵਿੱਚ ਕਾਰਟੂਨ ਬਣਾਏ ਜਾਣ। ਉਨਾਂ ਕਿਹਾ ਕਿ ਉਨਾਂ ਦੇ ਵਿਭਾਗ ਵੱਲੋਂ ਪੰਜਾਬੀ ਦੇ ਨਾਮਵਰ ਲੇਖਕਾਂ ਜਿਵੇਂ ਭਾਈ ਵੀਰ ਸਿੰਘ, ਧਨੀ ਰਾਮ ਚਾਤਿ੍ਰਕ, ਨਾਨਕ ਸਿੰਘ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸ਼ਿਵ ਕੁਮਾਰ ਬਟਾਲਵੀ, ਅੰਮਿ੍ਰਤਾ ਪ੍ਰੀਤਮ, ਬਲਵੰਤ ਗਾਰਗੀ ਆਦਿ ਦੇ ਜੱਦੀ ਘਰਾਂ ਨੂੰ ਜੋੜਦਾ ਸਰਕਟ ਬਣਾਇਆ ਜਾਵੇਗਾ ਅਤੇ ਬਾਹਰੋਂ ਆਉਣ ਵਾਲੇ ਪੰਜਾਬੀਆਂ ਨੂੰ ਇਨਾਂ ਥਾਵਾਂ ਨੂੰ ਦਿਖਾਉਣ ਲਈ ਉਪਰਾਲਾ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੀ ਪੀੜੀ ਵੱਡੇ ਲੇਖਕਾਂ ਦੀ ਜੀਵਨ ਤੋਂ ਕੋਈ ਸੇਧ ਲੈ ਸਕੇ। ਉਨਾਂ ਕਿਹਾ ਕਿ ਜੇਕਰ ਇੰਗਲੈਂਡ ਵਿੱਚ ਵਿਲੀਅਮ ਸ਼ੈਕਸਪੀਅਰ ਦਾ ਘਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੋ ਸਕਦਾ ਹੈ ਤਾਂ ਸਾਡੇ ਕਿਸੇ ਪੰਜਾਬੀ ਲੇਖਕ ਦਾ ਘਰ ਕਿਉ ਨਹੀਂ। ਉਨਾਂ ਇਹ ਵੀ ਐਲਾਨ ਕੀਤਾ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਾਰੇ ਸ਼ਹਿਰਾਂ ਦੇ ਸਾਈਨ ਬੋਰਡਾਂ ’ਤੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦੇ ਆਦੇਸ਼ ਕੀਤੇ ਜਾਣਗੇ ਅਤੇ ਪੱਤਰ ਵਿਹਾਰ ਸਿਰਫ ਪੰਜਾਬੀ ਵਿੱਚ ਲਾਜ਼ਮੀ ਕੀਤਾ ਜਾਵੇਗਾ। ਪੰਜਾਬ ਕਲਾ ਪਰਿਸ਼ਦ ਦੇ ਚੇਅਰਪਰਸਨ ਪਦਮ ਸ੍ਰੀ ਡਾ ਸੁਰਜੀਤ ਪਾਤਰ ਨੇ ਬੋਲਦਿਆਂ ਕਿਹਾ ਕਿ ਉਹ ਕਿਸੇ ਵੀ ਦੂਜੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ ਸਗੋਂ ਸਭ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਨ ਪ੍ਰੰਤੂ ਮਾਂ ਬੋਲੀ ਪੰਜਾਬੀ ਦੀ ਕੀਮਤ ’ਤੇ ਕਿਸੇ ਦੂਜੀ ਭਾਸ਼ਾ ਨੂੰ ਅਪਣਾਉਣ ਦਾ ਵਿਰੋਧ ਕਰਦੇ ਹਾਂ। ਉਨਾਂ ਕਿਹਾ ਕਿ ਮਾਂ ਬੋਲੀ ਦੀ ਕੀਮਤ ’ਤੇ ਕਿਸੇ ਹੋਰ ਭਾਸ਼ਾਵਾਂ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ। ਉਨਾਂ ਉਦਾਹਰਨਾਂ ਸਮੇਤ ਦੱਸਿਆ ਕਿ ਜੇਕਰ ਪਹਿਲਾ ਬੱਚਾ ਪੰਜਾਬੀ ਪੜੇ ਅਤੇ ਫੇਰ ਅੰਗਰੇਜ਼ੀ ਜਾਂ ਹੋਰ ਭਾਸ਼ਾ ਸਿੱਖੇ ਤਾਂ ਉਹ ਵਧੀਆ ਭਾਸ਼ਾਵਾਂ ਸਿੱਖ ਸਕਦਾ ਹੈ। ਅੱਜ ਦੀ ਪੰਚਾਇਤ ਵਿੱਚ ਮੁੱਖ ਬੁਲਾਰੇ ਵਜੋਂ ਬੋਲਦਿਆਂ ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਮਾਣਕ ਨੇ ਸਾਨੂੰ ਭਾਸ਼ਾਈ ਗੁਲਾਮੀਆਂ ਦੀਆਂ ਜੰਜ਼ੀਰਾਂ ਵਿੱਚ ਬੰਨਿਆ ਗਿਆ ਜਿਸ ਨੂੰ ਤੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਕਿਹਾ ਕਿ ਸਿੱਖਿਆ ਤੇ ਪ੍ਰਸ਼ਾਸਨ ਦੀ ਭਾਸ਼ਾ ਮਾਂ ਬੋਲੀ ਹੀ ਹੋਣੀ ਚਾਹੀਦੀ ਹੈ। ਉਨਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਜ਼ਰੂਰੀ ਹੈ ਕਿ ਪ੍ਰਸ਼ਾਸਨਿਕ ਕੰਮਕਾਰ ਸਿਰਫ ਪੰਜਾਬੀ ਭਾਸ਼ਾ ਵਿੱਚ ਹੋਵੇ। ਉਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸਾਡੀ ਸੰਸਦ, ਵਿਧਾਨ ਸਭਾਵਾਂ ਅਤੇ ਅਦਾਲਤਾਂ ਦਾ ਕੰਮਕਾਰ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ ਜੋ ਕਿ ਸਾਡੇ ਨਾਲ ਸਰਾਸਰ ਧੱਕਾ ਹੈ। ਉਨਾਂ ਕਿਹਾ ਕਿ ਸਾਡਾ ਮੁਲਕ ਵੱਖ-ਵੱਖ ਸੱਭਿਆਤਾਵਾਂ ਅਤੇ ਭਾਸ਼ਾਈ ਵਿਭਿੰਨਤਾਵਾਂ ਵਾਲਾ ਹੈ ਜਿਸ ਕਰ ਕੇ ਹਰ ਖਿੱਤੇ ਤੇ ਸੂਬੇ ਦੀ ਆਪਣੀ ਸਥਾਨਕ ਭਾਸ਼ਾ ਵਿੱਚ ਕੰਮਕਾਰ ਹੋਣਾ ਚਾਹੀਦਾ ਹੈ। ਉਨਾਂ ਇਸ ਮੁੱਦੇ ’ਤੇ ਸਾਰੀਆਂ ਧਿਰਾਂ ਦੀ ਸਾਂਝੀ ਮੀਟਿੰਗ ਦਾ ਸੱਦਾ ਵੀ ਦਿੱਤਾ ਜਾਵੇ ਜਿਸ ਵਿੱਚ ਸਾਰੀਆਂ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਕਰ ਕੇ ਸਾਂਝੀ ਰਾਏ ਬਣਾਈ ਜਾਵੇ। ਦੂਜੇ ਬੁਲਾਰੇ ਵਜੋਂ ਬੋਲਦਿਆਂ ਭਾਸ਼ਾ ਮਾਹਿਰ ਡਾ.ਜੋਗਾ ਸਿੰਘ ਨੇ ਕਿਹਾ ਕਿ ਭਾਸ਼ਾ ਵਿਗਿਆਨੀ ਇਹ ਸਿੱਧ ਕਰ ਚੁੱਕੇ ਹਨ ਕਿ ਛੋਟਾ ਬੱਚਾ ਸਭ ਤੋਂ ਸੌਖਿਆ ਮਾਂ ਬੋਲੀ ਵਿੱਚ ਹੀ ਸਿੱਖ ਸਕਦਾ ਹੈ। ਉਨਾਂ ਤਰਕ ਦਿੰਦਿਆਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਣਾ ਕੇ ਚੰਡੀਗੜ ਪ੍ਰਸ਼ਾਸਨ ਸਥਾਨਕ ਲੋਕਾਂ ਨਾਲ ਵਿਤਕਰਾ ਕਰਦਾ ਹੈ। ਪੱਤਰਕਾਰ ਤਰਲਚੋਨ ਸਿੰਘ ਨੇ ਬੋਲਦਿਆਂ ਕਿਹਾ ਕਿ ਕਿੰਨੇ ਸਿਤਮ ਵਾਲੀ ਗੱਲ ਹੈ ਕਿ ਦੇਸ਼ ਦੇ 29 ਸੂਬਿਆਂ ਅਤੇ ਚੰਡੀਗੜ ਨੂੰ ਛੱਡ ਕੇ ਬਾਕੀ 6 ਕੇਂਦਰ ਸਾਸ਼ਿਤ ਪ੍ਰਦੇਸ਼ ਵਿੱਚ ਕਿਤੇ ਵੀ ਅੰਗਰੇਜ਼ੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਹਾਸਲ ਨਹੀਂ ਜਦੋਂ ਕਿ ਇਹ ਧੱਕਾ ਸਿਰਫ ਚੰਡੀਗੜ ਨਾਲ ਕੀਤਾ ਹੈ ਅਤੇ ਇਸੇ ਖਿਲਾਫ ਉਨਾਂ ਅੱਜ ਇਹ ਪੰਚਾਇਤ ਸੱਦੀ ਹੈ। ਚੰਡੀਗੜ ਪੰਜਾਬੀ ਮੰਚ ਦੇ ਦੇਵੀ ਦਿਆਲ ਸ਼ਰਮਾ ਨੇ ਕਿਹਾ ਕਿ 13 ਲੱਖ ਵਸੋਂ ਵਾਲੇ ਸ਼ਹਿਰ ਚੰਡੀਗੜ ਵਿੱਚ ਅੰਗਰੇਜ਼ੀ ਭਾਸ਼ਾ ਧੱਕੇ ਨਾਲ ਥੋਪੀ ਗਈ ਹੈ ਜੋ ਕਿ ਅਸੰਵਿਧਾਨਕ ਹੈ ਕਿਉਕਿ ਸਾਡੇ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਵਿੱਚ ਅੰਗਰੇਜ਼ੀ ਦਾ ਨਾਮ ਨਹੀਂ ਆਉਦਾ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡਾ.ਸਰਬਜੀਤ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਮੁੱਦਾ ਭਾਵੁਕ ਮੁੱਦਾ ਨਹੀਂ ਬਲਕਿ ਸਾਡੇ ਅਮੀਰ ਸੱਭਿਆਚਾਰ, ਪਿਛੋਕੜ ਅਤੇ ਸਾਡੀਆਂ ਜੜ੍ਵਾਂ ਦਾ ਮਾਮਲਾ ਹੈ ਅਤੇ ਸਾਨੂੰ ਮਿਲ ਕੇ ਲੜਨਾ ਪਵੇਗਾ। ਚੰਡੀਗੜ ਦੇ ਇਕ ਬਜ਼ਰੁਗ ਸਾਧੂ ਸਿੰਘ ਨੇ ਆਪਣੀਆਂ ਦਲੀਲਾਂ ਦਿੰਦੇ ਕਿਹਾ ਕਿ ਸਾਡੀ ਆਉਣ ਵਾਲੀ ਪੀੜੀ ਮਾਂ ਬੋਲੀ ਤੇ ਮਾਪਿਆਂ ਦੋਵਾਂ ਤੋਂ ਹੀ ਦੂਰ ਜਾ ਰਹੀ ਹੈ। ਰਘੁਬੀਰ ਸਿੰਘ ਨੇ ਸਮੂਹ ਗੁਰਦੁਆਰਾ ਸੰਗਠਨਾਂ ਵੱਲੋਂ ਬੋਲਦਿਆਂ ਇਸ ਸੰਘਰਸ਼ ਵਿੱਚ ਪੂਰਨ ਹਮਾਇਤ ਦੇਣ ਦੇ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ.ਲਖਵਿੰਦਰ ਜੌਹਲ ਨੇ ਸਭਨਾਂ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਮੁੱਦੇ ਦੀ ਲੜਾਈ ਜਿੱਤਣ ਲਈ ਰਲ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਅਤੇ ਅੱਜ ਦੀ ਇਕੱਤਰਤਾ ਇਸ ਦੀ ਗਵਾਹੀ ਭਰਦੀ ਹੈ ਕਿ ਅਸੀਂ ਕਿੰਨੇ ਗੰਭੀਰ ਹਨ। ਦੀਪਕ ਸ਼ਰਮਾ ਚਨਾਰਥ ਨੇ ਬਾਖੂਬੀ ਸਟੇਜ ਦੀ ਕਾਰਵਾਈ ਚਲਾਉਦਿਆਂ ਨਾਲੋ-ਨਾਲ ਆਪਣੀਆਂ ਤਕਰੀਰਾਂ ਨਾਲ ਪੰਜਾਬੀ ਮਾਂ ਬੋਲੀ ਦੀ ਇਸ ਲੜਾਈ ਨੂੰ ਜਿੱਤਣ ਲਈ ਲਈ ਹਰ ਸੰਭਵ ਯਤਨ ਕਰਨ ਦਾ ਵਚਨ ਦੁਹਰਾਇਆ। ਅੰਤ ਵਿੱਚ ਪੰਜਾਬੀ ਲੇਖਕ ਸਭਾ ਚੰਡੀਗੜ ਵੱਲੋਂ ਬਲਕਾਰ ਸਿੱਧੂ ਨੇ ਸਭਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ। ਪੰਜਾਬੀ ਲੇਖਕ ਸਭਾ ਚੰਡੀਗੜ ਦੀ ਦੇਖ ਰੇਖ ਹੇਠ ਪੇਂਡੂ ਸੰਘਰਸ਼ ਕਮੇਟੀ ਚੰਡੀਗੜ, ਕੇਂਦਰੀ ਪੰਜਾਬੀ ਲੇਖਕ ਸਭਾ, ਸਮੂਹ ਗੁਰਦੁਆਰਾ ਪ੍ਰਬੰਧਨ ਸੰਗਠਨ ਤੇ ਹੋਰ ਸਹਿਯੋਗੀ ਸੰਸਥਾਵਾਂ ਦੇ ਸਾਂਝੇ ਉਦਮ ਨਾਲ ਬਣੇ ਚੰਡੀਗੜ ਪੰਜਾਬੀ ਮੰਚ ਵੱਲੋਂ ਸੱਦੀ ਇਸ ਪੰਚਾਇਤ ਵਿੱਚ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ, ਸਿਰੀ ਰਾਮ ਅਰਸ਼, ਡਾ.ਦੀਪਕ ਮਨਮੋਹਨ ਸਿੰਘ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਸਰਬਜੀਤ ਕੌਰ ਸੋਹਲ, ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਸੁਸ਼ੀਲ ਦੁਸਾਂਝ, ਮਨਮੋਹਨ ਸਿੰਘ ਦਾੳੂਂ, ਕਰਮ ਸਿੰਘ ਵਕੀਲ ਆਦਿ ਸ਼ਾਮਲ ਹੋਏ।
  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ