ਬੀ.ਐਸ.ਸੀ ਨਰਸਿੰਗ ਪਾਸ ਆਈਲੈਟਸ ’ਚੋਂ ਸਾਢੇ ਛੇ ਬੈਂਡ ਲੈਣ ਵਾਲੀ ਲੜਕੀ ਨੂੰ ਪਤੀ ਨੇ ਧੱਕਿਆ ਨਸ਼ੇ ਦੀ ਦਲਦਲ ’ਚ,ਬਣੀ ਤਸਕਰ,ਪੰਥਕ ਜਥੇਬੰਦੀਆਂ ਤੇ ਪੁਲਸ ਨੇ ਕਰਵਾਇਆ ਹਸਪਤਾਲ ’ਚ ਦਾਖਲ

ਮੋਗਾ, 30 ਜੂਨ (ਜਸ਼ਨ)-ਟਰੱਕ ਚਾਲਕ ਦੂਸਰੇ ਪਤੀ ਵਲੋਂ ਆਪਣੀ ਨਰਸ ਤੇ ਬਾਸਕਟ ਬਾਲ ਦੀ ਨੈਸ਼ਨਲ ਖਿਡਾਰਣ ਪਤਨੀ ਨੂੰ ਨਸ਼ੇ ਦੀ ਦਲਦਲ ਵਿੱਚ ਅਜਿਹਾ ਸੁੱਟਿਆ ਕਿ ਉਹ ਚਾਹ ਕੇ ਵੀ ਇਸ ਦਲ ਦਲ ਤੋਂ ਬਾਹਰ ਨਹੀਂ ਨਿਕਲ ਸਕੀ, ਜਿਸ ਨੂੰ ਅੱਜ ਤਰਨਾ ਦਲ ਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਜ਼ਿਲਾ ਪੁਲਸ ਮੁੱਖੀ ਦੇ ਦਫਤਰ ਲਿਆਂਦਾ, ਤਾਂ ਜੋ ਸਮੁੱਚੀ ਦਾਸਤਾਨ ਜ਼ਿਲਾ ਪੁਲਸ ਮੁਖੀ ਮੋਗਾ ਦੇ ਧਿਆਨ ਵਿਚ ਲਿਆਂਦੀ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਤਰਨਾ ਦਲ ਤੇ ਸਤਿਕਾਰ ਕਮੇਟੀ ਵਲੋਂ ਪੁਲਸ ਮੁੱਖੀ ਦਫਤਰ ਲਿਆਂਦੀ ਔਰਤ ਨੂੰ ਪੁਲਸ ਵਲੋਂ ਨਸ਼ਾ ਛੁਡਾਉਣ ਦੇ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਪੁਲਸ ਵਲੋਂ ਮਹਿਲਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਨਾ ਦਲ ਦੇ ਜਿਲਾ ਮੁੱਖੀ ਅਰਸ਼ਦੀਪ ਸਿੰਘ ਤੇ ਸਤਿਕਾਰ ਕਮੇਟੀ ਦੇ ਮੈਂਬਰ ਰਾਜਾ ਖੁਖਰਾਣਾ, ਸਤਪਾਲ ਸਿੰਘ ਡੱਗਰੂ, ਸਤਿਨਾਮ ਸਿੰਘ , ਪ੍ਰਭਜੋਤ ਸਿੰਘ ਸਲੀਣਾ, ਗੁਰਮੀਤ ਸਿੰਘ ਕੋਰੇਵਾਲਾ ਨੇ ਦੱਸਿਆ ਕਿ ਸਾਨੂੰ ਕਈ ਦਿਨਾਂ ਤੋਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਕੋਟ ਈਸੇ ਖਾਂ-ਦੌਲੇਵਾਲਾ ਰੋਡ ਤੇ ਸਥਿਤ ਮੇਜਰ ਸਿੰਘ ਦੇ ਢਾਬੇ ’ਚ ਇਕ ਔਰਤ ਰਹਿੰਦੀ ਹੈ, ਜੋ ਖੁਦ ਚਿੱਟੇ ਦਾ ਸੇਵਨ ਵੀ ਕਰਦੀ ਹੈ ਤੇ ਦੌਲੇਵਾਲਾ ਤੋਂ ਲਿਆ ਕੇ ਟਰੱਕ ਚਾਲਕਾਂ ਤੇ ਹੋਰਾਂ ਨੂੰ ਸਪਲਾਈ ਕਰਦੀ ਹੈ ਤੇ ਕਈ ਲੋਕ ਉਸਦਾ ਗਲਤ ਇਸਤੇਮਾਲ ਵੀ ਕਰਦੇ ਹਨ, ਜਿਸ ਤੇ ਅੱਜ ਅਸੀਂ ਆਪਣੀ ਗੱਡੀ ਲੈ ਕੇ ਉਥੇ ਪਹੁੰਚੇ ਤੇ ਦੇਖਿਆ ਕਿ ਉਕਤ ਔਰਤ ਚਿੱਟੇ ਦੇ ਨਸ਼ੇ ’ਚ ਪੂਰੀ ਤਰਾਂ ਧੁੱਤ ਸੀ, ਜਿਸਨੂੰ ਅਸੀਂ ਉਸ ਨੂੰ ਆਪਣੀ ਭੈਣ ਦੱਸ ਕੇ ਕਿਸੇ ਤਰਾਂ ਆਪਣੇ ਨਾਲ ਜ਼ਿਲਾ ਪੁਲਸ ਮੁੱਖੀ ਦੇ ਦਫਤਰ ਮੋਗਾ ਲੈ ਕੇ ਆਏ ਤੇ ਕਿਹਾ ਕਿ ਅਸੀਂ ਤੈਂਨੂੰ ਨਸ਼ੇ ਤੋਂ ਮੁਕਤੀ ਦਿਵਾਵਾਂਗੇ, ਜਿਸ ਦੀ ਜਾਣਕਾਰੀ ਪੁਲਸ ਨੂੰ ਮਿਲਣ ਤੇ ਥਾਣਾ ਸਿਟੀ ਸਾੳੂਥ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਥਾਣੇਦਾਰ ਕੁਲਵਿੰਦਰ ਕੌਰ, ਸਹਾਇਕ ਥਾਣੇਦਾਰ ਗੁਰਨੇਕ ਸਿੰਘ ਤੇ ਹੋਰ ਪੁਲਸ ਕਰਮਚਾਰੀ ਉਥੇ ਪੁੱਜ ਗਏ , ਜਿੰਨਾਂ ਪੀੜਤ ਲੜਕੀ ਨੂੰ ਆਪਣੇ ਨਾਲ ਲੈ ਕੇ ਮੋਗਾ ਦੇ ਇਕ ਨਿੱਜੀ ਹਸਪਤਾਲ ’ਚ ਨਸ਼ਾ ਛੁਡਾਉਣ ਦੇ ਲਈ ਦਾਖਲ ਕਰਵਾ ਦਿੱਤਾ। ਤਰਨਾ ਦਲ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਸਤਪਤਾਲ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਪ੍ਰਭਜੋਤ ਸਿੰਘ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਇਹ ਦਾਅਵੇ ਕਰ ਰਹੀ ਹੈ ਕਿ ਨਸ਼ੇ ਦੀ ਵਿੱਕਰੀ ਬੰਦ ਹੋ ਚੁੱਕੀ ਹੈ ਪਰ ਪੰਜਾਬ ਵਿੱਚ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ ਤੇ ਪੁਲਸ ਵਿੱਚ ਕਈ ਕਾਲੀਆਂ ਭੇਂਡਾਂ ਜੋ ਨਸ਼ੇ ਦੀ ਵਿਕਰੀ ਕਰਵਾ ਰਹੀਆਂ ਹਨ ਪਰ ਹੁਣ ਅਸੀਂ ਸਰਕਾਰਾਂ ਦੀ ਝਾਕ ਵਿੱਚ ਪੰਜਾਬ ਦੀ ਹੋਰ ਤਬਾਹੀ ਨਹੀਂ ਕਰਵਾ ਸਕਦੇ ਤੇ ਚੇਤਾਵਨੀ ਦਿੰਦੇ ਹਾਂ ਕਿ ਤਰਨਾ ਦਲ ਤੇ ਸਤਿਕਾਰ ਕਮੇਟੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਨਹੀ ਬਖਸ਼ਣਗੇ।  ਉਨਾਂ ਕਿਹਾ ਕਿ ਭਾਵੇਂ ਸਰਕਾਰ ਨੇ ਕਿਹਾ ਹੈ ਕਿ ਜੇਕਰ ਕਿਸੇ ਥਾਣਾ ਮੁਖੀ ਦੇ ਇਲਾਕੇ ਵਿਚ ਚਿੱਟੇ ਦੀ ਸਪਲਾਈ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਤੁਰੰਤ ਕੱਢ ਦਿੱਤਾ ਜਾਵੇਗਾ, ਪਰ ਇਸ ਦੇ ਬਾਵਜੂਦ ਵੀ ਸ਼ਰੇਆਮ ਚਿੱਟੇ ਦੀ ਸਪਲਾਈ ਹੋ ਰਹੀ ਹੈ, ਜਿਸ ਦੀ ਮਿਸਾਲ ਉਕਤ ਲੜਕੀ ਤੁਹਾਡੇ ਸਾਹਮਣੇ ਹੈ, ਜੋ ਖੁਦ ਚਿੱਟੇ ਦੀ ਲਪੇਟ ਵਿੱਚ ਆਈ ਜਿਸ ਕਾਰਨ ਉਹ ਚਿੱਟਾ ਲਿਆ ਕੇ ਲੋਕਾਂ ਨੂੰ ਵੀ ਸਪਲਾਈ ਕਰਨ ਲੱਗੀ। ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਨੂੰ ਅਪੀਲ ਕੀਤੀ ਕਿ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲੱਗ ਜਾਣ ਸਰਕਾਰ ਤੁਰੰਤ ਨਸ਼ਾ ਤਸਕਰਾਂ ਨੂੰ ਕਾਬੂ ਕਰੇ ਤਾਂ ਜੋ ਪੰਜਾਬ ਵਿੱਚ ਚਿੱਟੇ ਦੇ ਨਸ਼ੇ ਦੀ ਦਲ ਦਲ ’ਚ ਡਿੱਗੇ ਨੌਜਵਾਨ ਲੜਕੇ ਲੜਕੀਆਂ ਨੂੰ ਬਚਾਇਆ ਜਾ ਸਕੇ । ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਪੀੜਤਾ ਨੇ ਕਿਹਾ ਕਿ ਉਹ ਬੀ.ਐਸ.ਸੀ ਨਰਸਿੰਗ ਪਾਸ ਹੈ ਤੇ ਆਈਲੈਟਸ ’ਚੋਂ ਸਾਢੇ ਛੇ ਬੈਂਡ ਹਨ, ਪਰ ਬਦਕਿਸਮਤੀ ਨਾਲ ਉਹ ਨਸ਼ੇ ਦੀ ਦਲ ਦਲ ਵਿੱਚ ਫਸ ਗਈ, ਜਿਸ ਵਿਚੋਂ ਮੈਂ ਨਿਕਲ ਨਹੀਂ ਸਕੀ। ਉਸਨੇ ਕਿਹਾ ਕਿ ਉਸ ਦਾ ਪਹਿਲਾ ਵਿਆਹ 2008 ਵਿਚ ਜਲਾਲਾਬਾਦ ਦੇ ਨੇੜੇ ਪਿੰਡ ਲੱਧੂਵਾਲਾ ‘ਚ ਹੋਇਆ ਸੀ ਪਰ ਉਸਦੇ ਪਤੀ ਵਲੋਂ ਮਾਰਕੁੱਟ ਕੀਤੇ ਜਾਣ ਤੋਂ ਤੰਗ ਆਕੇ ਉਸਨੇ ਤਲਾਕ ਲੈ ਲਿਆ ਅਤੇ ਬਾਅਦ ਵਿਚ ਲੁਧਿਆਣਾ ਦੇ ਇਕ ਪ੍ਰਾਈਵੇਟ ਕਾਲਜ ਤੋਂ ਨਰਸਿੰਗ ਦਾ ਕੋਰਸ ਕਰਨ ਲੱਗੀ, ਉਥੇ ਉਸਦੀ ਮੁਲਾਕਾਤ ਪਿਆਰਾ ਸਿੰਘ ਨਿਵਾਸੀ ਪਿੰਡ ਜੈਮਲਵਾਲਾ ਨਾਲ ਹੋਈ, ਜਿਸ ਦੀ ਮਾਂ ਉਕਤ ਹਸਪਤਾਲ ਵਿਚ ਦਾਖਲ ਸੀ, ਜਿਸ ਨਾਲ ਮੇਰੇ ਕਥਿਤ ਪ੍ਰੇਮ ਸਬੰਧ ਹੋ ਗਏ ਅਤੇ ਮੈਂ ਵਿਆਹ ਕਰਵਾ ਲਿਆ ਅਤੇ ਮੇਰਾ ਡੇਢ ਸਾਲ ਦਾ ਇਕ ਲੜਕਾ ਵੀ ਹੈ, ਜੋ ਅਪੰਗ ਸੀ ਉਸਦੀ ਮੌਤ ਹੋ ਚੁੱਕੀ ਹੈ। ਉਸਨੇ ਕਿਹਾ ਕਿ ਮੇਰੇ ਪਤੀ ਪਿਆਰਾ ਸਿੰਘ ਨੇ ਜੋ ਟਰੱਕ ਚਾਲਕ ਸੀ ਇਸ ਨਸ਼ੇ ਦੀ ਦਲਦਲ ਵਿਚ ਸੁੱਟ ਦਿੱਤਾ, ਜੇਕਰ ਮੈਂ ਵਿਰੋਧ ਕਰਦੀ ਤਾਂ ਉਹ ਮੈਂਨੂੰ ਬਲੇਕਮੇਲ ਕਰਨ ਲੱਗਾ, ਜਿਸ ਕਾਰਨ ਮੈਂ ਮਜਬੂਰ ਹੋ ਜਾਂਦੀ। ਉਸਨੇ ਕਿਹਾ ਕਿ ਇਸ ਕਾਰਨ ਮੇਰੇ ਪੇਕੇ ਵਾਲਿਆਂ ਨੇ ਵੀ ਮੈਂਨੂੰ ਛੱਡ ਦਿੱਤਾ ਅਤੇ ਮੈਂ ਘਰ ਤੋਂ ਦੂਰ ਸੁੰਨਸਾਨ ਜਗਾ ਤੇ ਰਹਿਣ ਦੇ ਲਈ ਮਜਬੂਰ ਹੋ ਗਈ ਜਿਸ ਦਾ ਪਤਾ ਦੌਲੇਵਾਲਾ ਦੇ ਨੇੜੇ ਪੈਂਦੇ ਇਕ ਢਾਬਾ ਸੰਚਾਲਕ ਮੇਜਰ ਸਿੰਘ ਨੂੰ ਲੱਗਾ ਜੋ ਅਪਾਹਿਜ ਹੈ, ਆਪਣੇ ਨਾਲ ਢਾਬੇ ’ਚ ਲੈ ਆਇਆ ਅਤੇ ਮੈਂ ਉਸਦੇ ਕੋਲ ਕਈ ਸਾਲਾਂ ਤੋਂ ਰਹਿ ਰਹੀ ਹਾਂ ਅਤੇ ਮੈਨੂੰ ਨਸ਼ਾ ਪੂਰਤੀ ਦੇ ਲਈ ਦੌਲੇਵਾਲਾ ਤੋਂ ਜਾ ਕੇ ਚਿੱਟਾ ਲਿਆਉਣਾ ਪੈਂਦਾ ਅਤੇ ਜਿਸ ਨੂੰ ਮੈਂ ਬਾਅਦ ਵਿਚ ਮੇਜਰ ਸਿੰਘ ਦੇ ਨਾਲ ਮਿਲ ਕੇ ਵਿੱਕਰੀ ਵੀ ਕਰਨ ਲੱਗੀ ਤੇ ਕਈ ਲੜਕਿਆਂ ਨੇ ਮੇਰੇ ਨਾਲ ਗਲਤ ਵਿਵਹਾਰ ਵੀ ਕੀਤਾ। ਜਦੋਂ ਇਸ ਸਬੰਧੀ ਜ਼ਿਲਾ ਪੁਲਸ ਮੁਖੀ ਐਸ.ਐਸ.ਪੀ ਰਾਜਜੀਤ ਸਿੰਘ ਹੁੰਦਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਉਕਤ ਮਾਮਲਾ ਗੰਭੀਰ ਹੈ ਜਲਦ ਹੀ ਨਸ਼ਾ ਵਿੱਕਰੀ ਕਰਨ ਵਾਲੇ ਤੇ ਨਸ਼ਾ ਵਿਕਾਉਣ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਨਸ਼ੇ ਦੇ ਖਿਲਾਫ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਤੇ ਅਸੀਂ ਵੀ ਜ਼ਿਲਾ ਮੋਗਾ ਨੂੰ ਨਸ਼ਾ ਮੁਕਤ ਦੇਖਣਾ ਚਾਹੰੁਦੇ ਹਾਂ। ਪੁਲਸ ਨੇ ਤਿੰਨ ਵਿਅਕਤੀਆਂ ਬਾਬਾ ਨਿਵਾਸੀ ਦੌਲੇਵਾਲਾ, ਮੰਗਤੂ ਅਤੇ ਮੇਜਰ ਸਿੰਘ ਹੋਟਲ ਸੰਚਾਲਕ ਦੇ ਖਿਲਾਫ ਥਾਣਾ ਸਿਟੀ ਸਾੳੂਥ ’ਚ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣਾ ਮੁਖੀ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਨਸ਼ਾ ਵਿੱਕਰੀ ਕਰਨ ਵਾਲੇ ਤੇ ਜਿੰਨਾਂ ਦੀ ਸ਼ਹਿ ਤੇ ਨਸ਼ਾ ਵਿਕਦਾ ਹੈ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਸ ਪਾਰਟੀ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।