ਪਟਿਆਲਾ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗਿ੍ਰਫਤਾਰ

ਚੰਡੀਗੜ, 30 ਜੂਨ : (ਪੱਤਰ ਪਰੇਰਕ)- ਰਾਜਵਿਆਪੀ ਸ਼ੋਸ਼ਲ ਮੀਡੀਆ ਅਲਰਟ ਦੇ ਮੱਦੇਨਜ਼ਰ, ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਪਟਿਆਲਾ ਵਿਖੇ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਹਾਦਸੇ ਦੇ ਮੁੱਖ ਦੋਸ਼ੀ ਨੂੰ ਗਿ੍ਰਫਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਲਖਨਦੀਪ ਸਿੰਘ ਉਰਫ ਵਾਰਿਸ ਰੰਧਾਵਾ ਵਜੋਂ ਕੀਤੀ ਗਈ ਹੈ ਜਿਸਨੂੰ ਕਿ ਪਟਿਆਲਾ ਪੁਲਿਸ ਵੱਲੋਂ ਜਾਰੀ ਚੇਤਾਵਨੀ ਦੇ ਬਾਅਦ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸਹਿਯੋਗ ਨਾਲ ਗਿ੍ਰਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਪੁਲਿਸ ਵੱਲੋਂ ਪਹਿਲਾਂ ਦੋ ਹੋਰ ਦੋਸ਼ੀ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਸਿਕੰਦਰ ਸਿੰਘ ਵੀ ਫੜੇ ਗਏ ਹਨ। ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਐਚ.ਪੀ.ਐਸ. ਖੱਖ ਅਨੁਸਾਰ ਭਰੋਸੇਯੋਗ ਸੂਤਰਾਂ ਤੋ ਸੰਕੇਤ ਮਿਲੇ ਸਨ ਕਿ ਮੁੱਖ ਦੋਸ਼ੀ ਪਟਿਅਲਾ ਤੋਂ ਆਪਣੇ ਪਿੰਡ ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਜਾਂਦਿਆਂ ਜਲੰਧਰ ਵਿੱਚੋਂ ਦੀ ਹੋ ਕੇ ਲੰਘੇਗਾ। ਇਹ ਸੂਚਨਾ ਤੁਰੰਤ ਸਿਟੀ ਪੁਲੀਸ ਨਾਲ ਸਾਂਝੀ ਕੀਤੀ ਗਈ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਡਵੀਜ਼ਨ ਨੰਬਰ 6 ਦੀਆਂ ਸਾਂਝੀਆਂ ਟੀਮਾਂ ਨੇ ਜਲੰਧਰ ਬੱਸ ਅੱਡੇ ਨੇੜੇ ਆਪਣਾ ਜਾਲ ਵਿਛਿਆ ਜਿੱਥੋਂ ਕਿ 21 ਸਾਲਾ ਲਖਨਦੀਪ ਨੂੰ ਗਿ੍ਰਫਤਾਰ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ  ਲਖਨਦੀਪ ਪੁਲੀਸ ਥਾਨਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿੱਕਾ ਥਥਰਕਾ ਦੇ ਰਹਿਣ ਵਾਲੇ ਸਵਿੰਦਰ ਸਿੰਘ ਦਾ ਮੁੰਡਾ ਹੈ ਜਿਸਨੇ ਕਿ ਸਾਲ 2013-14 ’ਚ ਬਾਰਵੀਂ ਕਰਨ ਤੋਂ ਬਾਅਦ ਆਪਣੀ ਪੜਾਈ ਛੱਡ ਦਿੱਤੀ ਅਤੇ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਬਿਲਿੰਗ ਆਪਰੇਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜੁਲਾਈ 2017 ਵਿੱਚ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਚਚੇਰੇ ਭਰਾ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਹਾਈਜੀਨ ਬਾਇਓਟੈੱਕ ਨਾਮੀ ਫਰਮ ਵਿੱਚ ਸੇਲਜ਼ ਨੁਮਾਇੰਦੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰੋਫੈਸਰ ਕਲੋਨੀ, ਪਟਿਆਲਾ ਵਿਖੇ ਉਨਾਂ ਦੇ ਘਰ ਹੀ ਰਹਿਣ ਲੱਗਾ। ਅੱਗੇ ਹੋਰ ਜਾਣਕਾਰੀ ਦਿੰਦਿਆਂ ਖੱਖ ਨੇ ਦੱਸਿਆ ਕਿ ਪਟਿਆਲਾ ਵਿਖੇ ਮੁੱਖ ਦੋਸ਼ੀ ਲਖਨਦੀਪ ਸਿੰਘ ਫੇਸਬੁੱਕ ਜ਼ਰੀਏ ਹਰਪ੍ਰੀਤ ਸਿੰਘ ਉਰਫ ਮੱਖਣ ਵਾਸੀ ਸੈਫਦੀਪੁਰ ਪਟਿਆਲੇ ਦੇ ਸੰਪਰਕ ਵਿੱਚ ਆਇਆ। ਦੋਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਰੋਜ਼ ਮਿਲਣਾ ਸ਼ੁਰੂ ਕਰ ਦਿੱਤਾ। ਮਾਰਚ 2018 ’ਚ ਲਖਨਦੀਪ ਨੇ ਨੌਕਰੀ ਛੱਡ ਦਿੱਤੀ ਅਤੇ ਆਪਣੇ ਜੱਦੀ ਘਰ ਡੇਰਾ ਬਾਬਾ ਨਾਨਕ ਚਲਾ ਗਿਆ ਪਰ ਹਰਪ੍ਰੀਤ ਨਾਲ ਉਸਦੀ ਮਿੱਤਰਤਾ ਜਾਰੀ ਰਹੀ ਅਤੇ ਦੋਵੇਂ ਅਕਸਰ ਮੋਬਾਇਲ ਫੋਨ ਅਤੇ ਫੇਸਬੁੱਕ ਜ਼ਰੀਏ ਚੈਟ ਕਰਿਆ ਕਰਦੇ ਸਨ। ਇੱਕ ਮੌਕਾ ਅਜਿਹਾ ਆਇਆ ਜਦ ਹਰਪ੍ਰੀਤ ਨੇ ਲਖਨਦੀਪ ਉਰਫ ਵਾਰਿਸ ਨੂੰ ਟੈਲੀਫੋਨ ਤੇ ਦੱਸਿਆ ਕਿ ਉਹ ਇੱਕ ਅਣਜਾਨ ਵਿਅਕਤੀ ਦਾ ਪਿੱਛਾ ਕਰ ਰਿਹਾ ਹੈ, ਜਿਸ ਕੋਲ ਲਾਇਸੰਸੀ ਪਿਸਤੌਲ ਹੈ ਅਤੇ ਪਟਿਆਲਾ ਦੇ ਅਰਬਨ ਅਸਟੇਟ ਏਰੀਏ ’ਚ ਰੋਜ਼ਾਨਾ ਉਸਦਾ ਆਉਣਾ ਜਾਣਾ ਹੈ। ਦੋਵਾਂ ਨੇ ਇੱਕ ਵੱਡੇ ਅਪਰਾਧ ਵਿੱਚ ਸ਼ਾਮਲ ਹੋਣ ਦੇ ਟੀਚੇ ਨਾਲ ਉਸ ਵਿਅਕਤੀ ਤੋਂ ਪਿਸਤੌਲ ਖੋਹਣ ਦੀ ਸਾਜਿਸ਼ ਰਚੀ। ਸਹਿਮਤੀ ਤੋਂ ਬਾਅਦ ਵਾਰਿਸ 16 ਜੂਨ 2018 ਨੂੰ ਪਟਿਆਲਾ ਗਿਆ ਅਤੇ ਯੂਨੀਵਰਸਿਟੀ ਨੇੜੇ ਹਰਪੀ੍ਰਤ ਨੂੰ ਮਿਲਿਆ ਜਿੱਥੇ ਹਰਪ੍ਰੀਤ ਨੇ ਸਿਕੰਦਰ ਨਾਮੀ ਲੜਕੇ ਨਾਲ ਉਸਦੀ ਜਾਣ ਪਛਾਣ ਕਰਵਾਈ ਜੋ ਕਿ ਪੀ.ਜੀ. ਵਿੱਚ ਰਹਿ ਰਿਹਾ ਸੀ। ਤਿੰਨੋਂ ਚੋਰੀ ਦੀ ਯੋਜਨਾ ਬਣਾਉਣ ਲਈ ਪੀ.ਜੀ. ਦੇ ਕਮਰੇ ਅੰਦਰ ਗਏ ਅਤੇ ਸਿਕੰਦਰ ਨੂੰ ਕਿਹਾ ਕਿ ਉਹ ਅਜਿਹੇ ਏਰੀਏ ਦਾ ਪਤਾ ਲਗਾਵੇ ਜਿੱਥੇ ਕਿ ਪਿਸਤੌਲ ਮਾਲਕ ਰੋਜ਼ਾਨਾ ਤੋਰੇ ਫੇਰੇ ਲਈ ਆਉਂਦਾ ਹੈ। ਅਗਲੇ ਦਿਨ, ਜਦੋਂ ਸਿਕੰਦਰ ਨੇ 32 ਬੋਰ ਪਿਸਤੌਲ, ਦੋ 315 ਬੋਰ ਪਿਸਤੌਲਾਂ ਅਤੇ 4 ਜਿੰਦਾ ਕਾਰਤੂਸਾਂ ਦਾ ਇੰਤਜ਼ਾਮ ਕੀਤਾ ਉਸ ਵਕਤ ਹਰਪ੍ਰੀਤ ਸਮੈਕ (ਡਰੱਗ) ਲੈ ਕੇ ਪਹੁੰਚਿਆ ਜਿਸਨੂੰ ਤਿੰਨਾਂ ਨੇ ਰਲ ਕੇ ਪੀਤਾ। ਸਿਕੰਦਰ ਨੇ ਬਾਕੀਆਂ ਨੂੰ ਕਿਹਾ ਕਿ ਉਸਨੇ ਫੈਸਲਾ ਕੀਤਾ ਹੈ ਕਿ ਉਨਾਂ ਨੂੰ ਪਿਸਤੌਲ ਚੋਰੀ ਦੀ ਯੋਜਨਾ ਤਿਆਗ ਕੇ  ਉਸ ਰਾਤ ਪੈਟਰੋਲ ਪੰਪ ਲੁੱਟਣਾ ਚਾਹੀਦਾ ਹੈ। ਫਿਰ ਤਿੰਨੋਂ ਸਿਕੰਦਰ ਵੱਲੋਂ ਲਿਆਂਦੇ ਕਾਲੇ ਰੰਗ ਦੇ ਬੁਲੈਟ ਮੋਟਰਸਾਈਕਲ ਤੇ ਸਵਾਰ ਹੋ ਕੇ ਬਹਾਦੁਰਗੜ ਰਾਜਪੁਰਾ ਸੜਕ ਤੇ ਪੈਂਦੇ ਪੈਟਰੋਲ ਪੰਪ ਵੱਲ ਚੱਲ ਪਏ।  ਉਨਾਂ ਬਹਾਦੁਰਗੜ ਰਾਜਪੁਰਾ ਸੜਕ ਤੇ ਪੈਂਦੇ ਐਚ.ਪੀ. ਪੈਟਰੋਲ ਪੰਪ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਪੰਪ ਤੇ ਜ਼ਿਆਦਾ ਭੀੜ ਹੋਣ ਕਾਰਨ ਉਨਾਂ ਇਹ ਵਿਚਾਰ ਤਿਆਗ ਦਿੱਤਾ ਅਤੇ ਆਪਣੇ ਮੂੰਹ ਢੱਕ ਕੇ ਚਮਾਰ ਹਰੀ ਪਿੰਡ ਨੇੜੇ ਪੈਂਦੇ ਐਚ.ਪੀ. ਕੰਪਨੀ ਦੇ ਪੈਟਰੋਲ ਪੰਪ ਵੱਲ ਵਧੇ। ਖਖ ਨੇ ਅੱਗੇ ਦੱਸਿਆ ਕਿ ਜਦੋਂ ਉਨਾਂ ਪੰਪ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਟਰੱਕ ਡਰਾਇਵਰ ਨੇ ਵਿੱਚ ਦਖ਼ਲ ਦਿੱਤਾ, ਜਿਸ ਦੌਰਾਨ ਸਿਕੰਦਰ ਨੇ ਆਪਣੀ 32 ਬੋਰ ਪਿਸਤੌਨ ਨਾਲ ਉਸ ’ਤੇ ਗੋਲੀ ਚਲਾਈ ਜਿਸ ਨਾਲ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਜਾਂਚ ਉਪਰੰਤ ਮਿਲੀ ਜਾਣਕਾਰੀ ਅਨੁਸਾਰ ਪੈਸੇ ਲੁੱਟਣ ਤੋਂ ਬਾਅਦ ਜਦ ਉਨਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਹੋਰ ਵਿਅਕਤੀ ਗੋਲੀ ਦੀ ਆਵਾਜ਼ ਸੁਣ ਕੇ ਨੇੜੇ ਦੇ ਢਾਬੇ ਤੋਂ ਉਨਾਂ ਵੱਲ ਆਇਆ। ਵਾਰਿਸ ਨੇ ਆਪਣੇ 315 ਬੋਰ ਪਿਸਤੌਲ ਨਾਲ ਉਸ ਤੇ ਗੋਲੀ ਚਲਾ ਦਿੱਤੀ ਅਤੇ ਤਿੰਨੋਂ ਵੱਖ ਵੱਖ ਦਿਸ਼ਾਵਾਂ ਵੱਲ ਭੱਜੇ ਅਤੇ ਬੱਚ ਨਿਕਲਣ ਵਿੱਚ ਕਾਮਯਾਬ ਹੋਏ। ਹਾਲਾਂਕਿ ਪਟਿਆਲਾ ਪੁਲਿਸ ਵੱਲੋਂ ਸੋਸ਼ਲ ਮੀਡੀਆ ਗਰੁੱਪਾਂ ’ਚ  ਸੀ.ਸੀ.ਟੀ.ਵੀ. ਫੁਟੇਜ਼ ਦੇ ਜਾਰੀ ਕਰਨ ਤੋਂ ਬਾਅਦ ਪੁਲਿਸ ਦੋ ਦੋਸ਼ੀਆਂ ਨੂੰ ਗਿ੍ਰਫਤਾਰ ਕਰਨ ਵਿੱਚ ਕਾਮਯਾਬ ਰਹੀ ਜਦ ਕਿ ਲਖਨਦੀਪ ਉਰਫ ਵਾਰਿਸ ਚਕਮਾ ਦੇ ਕੇ ਬੱਚ ਨਿਕਲਿਆ। ਇਸ ਤੋਂ ਬਾਅਦ ਆਈ.ਜੀ. ਪਟਿਆਲਾ ਵੱਲੋਂ ਰਾਜਵਿਆਪੀ ਅਲਰਟ ਜਾਰੀ ਕਰਨ ਤੋਂ ਬਾਅਦ ਪੁਲਿਸ ਨੇ ਆਖਿਰਕਾਰ ਵਾਰਿਸ ਨੂੰ ਦਬੋਚ ਲਿਆ ਜਿਸ ਪਾਸੋਂ ਇੱਕ ਸਵਦੇਸ਼ੀ ਪਿਸਤੌਲ ਤੋਂ ਇਲਾਵਾ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਆਰਮਜ਼ ਐਕਟ ਅਧੀਨ ਪੁਲਿਸ ਥਾਣੇ ਡਿਵੀਜ਼ਨ ਨੰਬਰ 6 ਕਮਿਸ਼ਨਰੇਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਂਚ ਅਧੀਨ ਹੈ।