ਲੁਧਿਆਣਾ ਦੇ ਖੇਡ ਪੱਤਰਕਾਰਾਂ ਵੱਲੋਂ 2 ਜੁਲਾਈ ਨੂੰ ’ਸਪੋਰਟਸ ਜਰਨਲਿਸਟ ਡੇਅ’ ਮਨਾਇਆ ਜਾਵੇਗਾ,ਸੀਨੀਆਰ ਪੱਤਰਕਾਰ ਅਨਿਲ ਦੱਤ ਦਾ ਹੋਵੇਗਾ ’ਲਾਈਫ ਟਾਈਮ ਅਚੀਵਮੈਂਟ’ ਨਾਲ ਸਨਮਾਨ

ਲੁਧਿਆਣਾ,28 ਜੂਨ (ਪੱਤਰ ਪਰੇਰਕ) -ਲੁਧਿਅਣਾ ਦੇ ਖੇਡ ਪੱਤਰਕਾਰਾਂ ਵੱਲੋਂ 2 ਜੁਲਾਈ ਨੂੰ ’ਸਪੋਰਟਸ ਜਰਨਲਿਸਟ ਡੇਅ’ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ। ਅੱਜ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਚੋਣਵੇਂ ਖੇਡ ਪੱਤਰਕਾਰਾਂ ਦੀ ਜਰੂਰੀ ਮੀਟਿੰਗ ਹੋਈ ਜਿਸ ਵਿਚ ਜਗਰੂਪ ਸਿੰਘ ਜਰਖੜ, ਪਰਮੇਸ਼ਰ ਸਿੰਘ, ਅਮਰਪਾਲ ਸਿੰਘ ਹਿੰਦੁਸਤਾਨ ਟਾਈਮਜ਼, ਕੇ.ਜੀ ਸ਼ਰਮਾ ਡੇਲੀ ਪੋਸਟ, ਰਾਹੁਲ ਗੁਪਤਾ ਟਾਈਮਜ਼ ਆਫ ਇੰਡੀਆ, ਕਿ੍ਰਸ਼ਨ ਕੁਮਾਰ ਜਾਗਰਣ, ਦਿਨੇਸ਼ ਵਰਮਾ ਭਾਸਕਰ, ਹਰਮੇਲ ਸਿੰਘ ਕਾਲਾ, ਪਰਮਦੀਪ ਸਿੰਘ ਜਾਗਰਣ, ਆਦਿ ਹੋਰ ਨਾਮੀ ਪੱਤਰਕਾਰਾਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਦੀ ਕਾਰਵਾਈ ਸਬੰਧੀ ਅਮਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਪੱਤਰਕਾਰਾਂ ਵੱਲੋਂ ਖੇਡਾਂ ਦੀ ਬਿਹਤਰੀ ਲਈ ਹਰ ਸਾਲ ਜਿੱਥੇ ਖੇਡ ਸੈਮੀਨਾਰ ਕਰਵਾਉਣ ਦਾ ਫੈਸਲਾ ਕੀਤਾ ਉਥੇ ਹੀ ਸੀਨੀਅਰ ਪੱਤਰਕਾਰ ਅਤੇ ਨੌਜਵਾਨ ਪੱਤਰਕਾਰਾਂ ਨੂੰ ਉਨਾਂ ਦੀ ਕਾਰਗੁਜ਼ਾਰੀ ਬਦਲੇ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਇਆ ਕਰੇਗਾ। ਸੀਨੀਅਰ ਪੱਤਰਕਾਰ ਪਰਮੇਸ਼ਰ ਸਿੰਘ ਨੇ ਦੱਸਿਆ ਕਿ 2 ਜੁਲਾਈ ਨੂੰ ਸਪੋਰਟਸ ਜਰਨਲਿਸਟ ਦੇ ਸਮਾਗਮ ਦੌਰਾਨ ਟਿ੍ਰਬਿਊਨ ਗਰੁੱਪ ਦੇ ਸੀਨੀਅਰ ਖੇਡ ਪੱਤਰਕਾਰ ਅਨਿਲ ਦੱਤ ਨੂੰ ਉਨਾਂ ਦੀਆਂ ਪੱਤਰਕਾਰੀ ਦੇ ਖੇਤਰ ਵਿਚ ਦਿੱਤੀਆਂ ਵਧੀਆ ਸੇਵਾਵਾਂ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਅਤੇ ਵੱਖ-ਵੱਖ ਖੇਡ ਐਸੋਸੀਏਸ਼ਨਾਂ ਦੇ ਨੁਮਾਇੰਦੇ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ।