ਕੈਪਟਨ ਅਮਰਿੰਦਰ ਸਿੰਘ ਵੱਲੋਂ ਜੋਧਪੁਰ ਦੇ ਨਜ਼ਰਬੰਦਾਂ ਨੂੰ ਚੈੱਕ ਪ੍ਰਦਾਨ ਕਰਨ ਦਾ ਕਾਂਗਰਸ ਦੀ ਜ਼ਿਲਾ ਇਕਾਈ ਵੱਲੋਂ ਸਵਾਗਤ-- ਕਰਨਲ ਬਾਬੂ ਸਿੰਘ

ਮੋਗਾ, 28 ਜੂਨ(ਜਸ਼ਨ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਜੋਧਪੁਰ ਦੇ ਨਜ਼ਰਬੰਦਾਂ ਨੂੰ 4.5 ਕਰੋੜ ਰੁਪਏ ਦੇ ਮੁਆਵਜ਼ਾ ਚੈੱਕ ਪ੍ਰਦਾਨ ਕਰਨ ’ਤੇ ਮੋਗਾ ਕਾਂਗਰਸ ਦੀ ਜ਼ਿਲਾ ਇਕਾਈ ਵੱਲੋਂ ਸਵਾਗਤ ਕੀਤਾ ਗਿਆ ਹੈ। ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਆਖਿਆ ਕਿ ਕੈਪਟਨ ਨੇ ਹਮੇਸ਼ਾ ਜੋ ਕਿਹਾ ਉਹੀ ਕੀਤਾ ਤੇ ਆਪਣੇ ਕੀਤੇ ਵਾਅਦੇ ਨੂੰ ਇੰਨ ਬਿੰਨ ਲਾਗੂ ਕਰਨ ਦੇ ਯਤਨ ਕੀਤੇ ਹਨ । ਕਰਨਲ ਬਾਬੂ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਨਜ਼ਰਬੰਦਾਂ ਨੂੰ ਆਪਣੇ ਹਿੱਸੇ ਦੀ ਰਾਸ਼ੀ ਵੰਡਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਵੱਲੋਂ ਪ੍ਰਭਾਵਿਤ ਵਿਅਕਤੀਆਂ ਨੂੰ ਨਾ ਸਿਰਫ਼ ਸੂਬਾ ਸਰਕਾਰ ਦੇ ਹਿੱਸੇ ਦੀ ਰਾਸ਼ੀ ਦਿੱਤੀ ਗਈ ਹੈ ਸਗੋਂ ਇਹ ਵਾਅਦਾ ਵੀ ਕੀਤਾ ਗਿਆ ਹੈ ਕਿ ਜੇ ਕੇਂਦਰ ਆਪਣੇ ਹਿੱਸੇ ਦੀ ਮੁਆਵਜ਼ਾ ਰਾਸ਼ੀ ਦੇਣ ਤੋਂ ਹੱਥ ਪਿਛਾਹ ਖਿੱਚਦਾ ਹੈ ਤਾਂ ਸੂਬਾ ਸਰਕਾਰ ਕੇਂਦਰ ਸਰਕਾਰ ਵਾਲਾ ਹਿੱਸਾ ਵੀ ਪੀੜਤਾਂ ਨੂੰ ਦੇਵੇਗੀ ਤਾਂ ਕਿ ਉਹਨਾਂ ਨਾਲ ਪੂਰਨ ਇਨਸਾਫ਼ ਹੋ ਸਕੇ। ਕਰਨਲ ਬਾਬੂ ਸਿੰਘ ਨੇ ਆਖਿਆ ਕਿ ਜ਼ਿੰਦਗੀ ਦੇ ਕੀਮਤੀ ਵਰੇ ਜੇਲ ਵਿਚ ਗੁਜ਼ਾਰਨ ਵਾਲੇ ਇਹਨਾਂ ਵਿਅਕਤੀਆਂ ਦੇ ਦਰਦ ਨੂੰ ਮਹਿਸੂਸ ਕਰਨ ਅਤੇ ਮੁਆਵਜ਼ਾ ਦੇਣ ਦੇ ਕੈਪਟਨ ਦੇ ਫੈਸਲੇ ਨਾਲ ਨਾ ਸਿਰਫ਼ ਵਿਰੋਧੀਆਂ ਦੇ ਮੂੰਹ ਬੰਦ ਹੋਏ ਨੇ ਸਗੋਂ ਸ਼ੋ੍ਰਮਣੀ ਅਕਾਲੀ ਦਲ ਦੀ ਭਾਈਵਾਲ ਸਰਕਾਰ ਐਨ ਡੀ ਏ ਵੱਲੋਂ ਇਸ ਮੁਆਵਜ਼ੇ ਖਿਲਾਫ਼ ਮੁੜ ਤੋਂ ਰਿਟ ਦਾਇਰ ਕਰਨ ਨਾਲ ਹਿਹ ਗੱਲ ਵੀ ਸਾਫ਼ ਹੋ ਗਈ ਹੈ ਕਿ ਕੇਂਦਰ ਪੀੜਤਾਂ ਨੂੰ ਇਨਸਾਫ਼ ਦੇਣ ਦੀ ਬਜਾਏ ਮਾਨਸਿਕ ਤੌਰ ’ਤੇ ਹੋਰ ਪਰੇਸ਼ਾਨ ਕਰਨਾ ਚਾਹੰੁਦਾ ਹੈ। ਉਹਨਾਂ ਆਖਿਆ ਕਿ ਕੈਪਟਨ ਵੱਲੋਂ 40 ਨਜ਼ਰਬੰਦਾ ਤੋਂ ਇਲਾਵਾ ਬਾਕੀ 325 ਕੇਸ ਨਾ ਕਰਨ ਵਾਲੇ ਨਜ਼ਰਬੰਦਾਂ ਨੂੰ ਵੀ ਮੁਆਵਜ਼ਾ ਰਾਸ਼ੀ ਦੇਣ ਦੇ ਐਲਾਨ ਨਾਲ ਪੰਜਾਬੀਆਂ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਹਿਤੈਸ਼ੀ ਹੋਣ ਦਾ ਭਰੋਸਾ ਹੋਰ ਵਧਿਆ ਹੈ ਅਤੇ ਇਹ ਗੱਲ ਵੀ ਨੰਗੇ ਚਿੱਟੇ ਸੱਚ ਵਾਂਗ ਉੱਭਰ ਕੇ ਸਾਹਮਣੇ ਆਈ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਨਾ ਕਰਦੇ ਤਾਂ ਕੇਂਦਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਮੁਆਵਜ਼ੇ ਖਿਲਾਫ਼ ਕੀਤੀ ਅਪੀਲ ਨਾਲ ਇਹ ਮਸਲਾ ਠੰਡੇ ਬਸਤੇ ਵਿਚ ਪੈ ਜਾਣਾ ਸੀ ।