ਸਹੁਰਿਆਂ ਵੱਲੋਂ ਪਾਏ ਦਾਜ ਦਹੇਜ ਦੇ ਕੇਸ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ ,ਭੈਣ ਦੇ ਲਾਇਸੰਸੀ ਹਥਿਆਰ ਨਾਲ ਦਿੱਤਾ ਘਟਨਾ ਨੂੰ ਅੰਜਾਮ


ਬਾਘਾ ਪੁਰਾਣਾ,27 ਜੂਨ (ਲਛਮਣਜੀਤ ਪੁਰਬਾ)- ਥਾਣਾ ਬਾਘਾ ਪੁਰਾਣਾ ਦੇ ਅਧੀਨ ਆਉਂਦੇ ਸ਼ਹਿਰ ਵਿੱਚ ਅੱਜ ਸਵੇਰੇ 4 ਵਜੇ ਦੇ ਕਰੀਬ ਪਰਗਟ ਸਿੰਘ ਨਾਮੀ ਵਿਅਕਤੀ ਨੇ ਘਰ ਵਿੱਚ ਪਏ 32 ਬੋਰ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ, ਜਿਸਦਾ ਪਤਾ ਲਗਦਿਆਂ ਹੀ ਬਾਘਾਪੁਰਾਣਾ ਪੁਲਿਸ ਦੇ ਡੀ.ਐੱਸ.ਪੀ. ਸੁਖਦੀਪ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਜਿੱਥੇ ਕਿ ਪਰਿਵਾਰ ਦੇ ਮੈਂਬਰ ਪਹਿਲਾਂ ਹੀ ਗੰਭੀਰ ਜਖ਼ਮੀ ਹੋਏ ਪਰਗਟ ਸਿੰਘ ਨੂੰ ਹਸਪਤਾਲ ਲਿਜਾ ਚੁੱਕੇ ਸਨ, ਜਿਸਦੀ ਮੌਤ ਲੁਧਿਆਣਾ ਜਾ ਕੇ ਹੋਈ । ਜਦੋਂ ਇਸ ਘਟਨਾ ਸਬੰਧੀ ਮਿ੍ਰਤਕ ਦੀ ਭੈਣ ਨਾਲ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਖੁਦਕੁਸ਼ੀ ਕਰਨ ਦਾ ਕਾਰਨ ਉਸਦੇ ਸਹੁਰਿਆਂ ਵੱਲੋਂ ਉਸ ਉੱਪਰ ਫਿਰੋਜ਼ਪੁਰ ਵਿੱਚ ਡੀ.ਐੱਸ.ਪੀ. ਦਫ਼ਤਰ ਵਿੱਚ ਦਾਜ-ਦਹੇਜ ਨੂੰ ਲੈ ਕੇ ਦਰਖਾਸਤ ਪਾਈ ਹੋਈ ਸੀ ਜਿਸਦੀ ਤਰੀਕ ਅੱਜ ਸੀ ਤੇ ਜਿਸ ਕਾਰਨ ਉਹ ਪ੍ਰੇਸ਼ਾਨੀ ਵਿਚ ਸੀ, ਉਹਨਾਂ ਇਹ ਵੀ ਦੱਸਿਆ ਕਿ ਮਿ੍ਰਤਕ ਦੀ ਪਤਨੀ 1 ਮਹੀਨਾ ਪਹਿਲਾਂ ਹੀ ਆਪਣੀ ਛੋਟੀ ਬੱਚੀ ਨੂੰ ਛੱਡ ਕੇ ਪੇਕੇ ਪਿੰਡ ਚਲੀ ਗਈ ਸੀ । ਚਲਦੇ ਕੇਸ ਨੂੰ ਲੈ ਕੇ ਪ੍ਰੇਸ਼ਾਨੀ ਵਿੱਚ ਅੱਜ ਸਵੇਰੇ ਪਰਗਟ ਸਿੰਘ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ । ਮਿਲੀ ਜਾਣਕਾਰੀ ਅਨੁਸਾਰ ਪਰਗਟ ਸਿੰਘ 3 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਹ ਆਪਣੇ ਪਿੱਛੇ ਢਾਈ ਸਾਲ ਦੀ ਛੋਟੀ ਬੱਚੀ ਵੀ ਛੱਡ ਗਿਆ ਹੈ ।
ਜਦੋਂ ਇਸ ਸਬੰਧ ਵਿੱਚ ਡੀ.ਐੱਸ.ਪੀ. ਸੁਖਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬਾਘਾਪੁਰਾਣਾ ਸ਼ਹਿਰ ਦੇ ਵਾਰਡ ਨੰਬਰ 4 ਵਿੱਚ ਪਰਗਟ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਜਿਹੜੇ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ ਉਹ ਉਸਦੀ ਭੈਣ ਦਾ ਹੈ ਜਿਸਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


