ਪੰਜਾਬ ਦੇ ਸਰਕਾਰੀ ਸਕੂਲ ਬਣਨਗੇ ਸਮਾਰਟ,ਸਿੱਖਿਆ ਵਿਭਾਗ ਨੇ 2800 ਸਕੂਲਾਂ ਵਿੱਚ ਸ਼ੁਰੂ ਕੀਤੀ ਪਹਿਲਕਦਮੀ

ਚੰਡੀਗੜ੍ਹ, 18 ਜੂਨ : (ਜਸ਼ਨ): ਪੰਜਾਬ ਵਿੱਚ ਸਕੂਲੀ ਸਿੱਖਿਆ ਨੂੰ ਸਮੇਂ ਦੀ ਹਾਣ ਦੀ ਬਣਾਉਣ ਲਈ ਰਾਜ ਸਰਕਾਰ ਨੇ ਸਾਲ 2018-19 ਵਿੱਚ ਰਾਜ ਦੇ 2800 ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਮੰਤਵ ਸਿੱਖਣ ਪ੍ਰਕਿਰਿਆ ਨੂੰ ਸੁਖਾਲਾ ਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣਾ ਹੈ।ਸਮਾਰਟ ਸਕੂਲ ਮੁਹਿੰਮ ਤਹਿਤ 64 ਕਰੋੜ ਰੁਪਏ ਦੀ ਲਾਗਤ ਨਾਲ ਇਕ ਹਜ਼ਾਰ ਪ੍ਰਾਇਮਰੀ ਤੇ 1800 ਸੈਕੰਡਰੀ ਸਕੂਲਾਂ ਨੂੰ ਲੈਪਟਾਪ, ਮਲਟੀਮੀਡੀਆ ਪ੍ਰਾਜੈਕਟਰਾਂ ਤੇ ਉੱਚ ਰਫ਼ਤਾਰ ਵਾਲੇ ਇੰਟਰਨੈੱਟ ਨਾਲ ਲੈਸ ਕੀਤਾ ਜਾਵੇਗਾ। ਇਹ ਸਮਾਰਟ ਸਕੂਲ ਪ੍ਰੋਗਰਾਮ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਚ.ਆਰ.ਡੀ.) ਵੱਲੋਂ ਪ੍ਰਵਾਨ ਕੀਤੇ 900 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਹਿੱਸਾ ਹੈ। ਇਕ ਹਜ਼ਾਰ ਪ੍ਰਾਇਮਰੀ ਸਕੂਲਾਂ ਵਿੱਚੋਂ ਹਰੇਕ ਨੂੰ ਆਪਣੇ ਦੋ ਕਲਾਸ ਰੂਮਾਂ ਨੂੰ ਸਮਾਰਟ ਕਲਾਸ ਰੂਮਾਂ ਵਿੱਚ ਬਦਲਣ ਲਈ 50-50 ਹਜ਼ਾਰ ਰੁਪਏ ਦਿੱਤੇ ਜਾਣਗੇ, ਜਦੋਂ ਕਿ 1800 ਸੀਨੀਅਰ ਸੈਕੰਡਰੀ ਸਕੂਲਾਂ ਨੂੰ ਇਸ ਮੰਤਵ ਲਈ ਤਿੰਨ-ਤਿੰਨ ਲੱਖ ਰੁਪਏ ਮਿਲਣਗੇ। ਇਸ ਪ੍ਰੋਗਰਾਮ ਦਾ ਉਦੇਸ਼ ਸਿੱਖਣ ਪ੍ਰਕਿਰਿਆ ਨੂੰ ਵੱਧ ਪ੍ਰਭਾਵਸ਼ਾਲੀ ਤੇ ਸਿਰਜਣਾਤਮਕ ਬਣਾਉਣਾ ਹੈ।ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਸ਼ਾਂਤ ਗੋਇਲ ਨੇ ਦੱਸਿਆ ਕਿ ਬੱਚਿਆਂ ਨੂੰ ਸਮੇਂ ਦੇ ਹਾਣ ਦਾ ਬਣਾਉਣ ਅਤੇ ਸਿੱਖਣ ਪ੍ਰਕਿਰਿਆ ਨੂੰ ਰੌਚਕ ਬਣਾਉਣ ਲਈ 2800 ਸਕੂਲਾਂ ਵਿੱਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਕਿ ਬੱਚੇ ਆਸਾਨੀ ਨਾਲ ਸਿੱਖ ਸਕਣ। ਉਨਾਂ ਦੱਸਿਆ ਕਿ ਸਮਾਰਟ ਕਲਾਸ ਰੂਮਾਂ ਤੋਂ ਇਲਾਵਾ 880 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਪੰਜ-ਪੰਜ ਕਿਲੋਵਾਟ ਦੇ ਸੌਰ ਊਰਜਾ ਪਲਾਂਟ ਲਾਉਣ ਦੀ ਵੀ ਤਜਵੀਜ਼ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਨਾਂ ਪ੍ਰੋਗਰਾਮਾਂ ਲਈ ਫੰਡ ਲੈਣ ਸਬੰਧੀ ਕੇਸ ਕੇਂਦਰ ਸਰਕਾਰ ਕੋਲ ਰੱਖਿਆ ਹੈ ਅਤੇ ਕੇਂਦਰ ਸਰਕਾਰ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ।ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਇਹ ਸਿੱਖਿਆ ਨੂੰ ਸਮੇਂ ਦੇ ਹਾਣ ਦੀ ਬਣਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ। ਉਨਾਂ ਕਿਹਾ ਕਿ ਸਮਾਰਟ ਕਲਾਸਾਂ ਸ਼ੁਰੂ ਹੋਣ ਨਾਲ ਰਾਜ ਵਿੱਚ ਧੜਾਧੜ ਖੁੱਲ ਰਹੇ ਪ੍ਰਾਈਵੇਟ ਸਕੂਲਾਂ ਨੂੰ ਠੱਲ ਪਏਗੀ ਅਤੇ ਬੱਚੇ ਸਰਕਾਰੀ ਸਕੂਲਾਂ ਵੱਲ ਆਉਣਗੇ। ਇਸ ਕਦਮ ਨਾਲ ਸਰਕਾਰੀ ਸਕੂਲਾਂ ਦੇ ਬੱਚੇ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਦੇ ਯੋਗ ਹੋ ਸਕਣਗੇ।   
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ