ਤੰਦਰੁਸ਼ਤ ਪੰਜਾਬ ਮਿਸ਼ਨ : ਪੰਜਾਬ ਦੇ ਸਾਰੇ ਸ਼ਹਿਰ/ਕਸਬੇ 30 ਜੂਨ ਤੱਕ ਹੋਣਗੇ ਖੁੱਲੇ ਵਿੱਚ ਸੌਚ ਤੋਂ ਮੁਕਤ

ਚੰਡੀਗੜ, 18 ਜੂਨ(ਜਸ਼ਨ):  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਰੰਭੇ ‘ਤੰਦਰੁਸਤ ਪੰਜਾਬ ਮਿਸ਼ਨ’ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਸਾਰੇ ਸ਼ਹਿਰਾਂ ਨੂੰ ਖੁੱਲੇ ਵਿੱਚ ਸੌਚ (ਓ.ਡੀ.ਐਫ.) ਤੋਂ ਮੁਕਤ ਕਰਨ ਦੇ ਵਿੱਢੇ ਅਭਿਆਨ ਨੂੰ ਤੇਜ਼ ਕਰਦਿਆਂ 30 ਜੂਨ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ਤੇ ਕਸਬਿਆਂ ਵਿੱਚ ਇਸ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਤੱਕ 120 ਸ਼ਹਿਰ ਖੁੱਲੇ ਵਿੱਚ ਸੌਚ ਤੋਂ ਮੁਕਤ ਹੋ ਗਏ ਹਨ ਜਦੋਂ ਕਿ ਬਾਕੀ ਰਹਿੰਦੇ 47 ਸ਼ਹਿਰ/ਕਸਬੇ 30 ਜੂਨ ਤੱਕ ਇਹ ਟੀਚਾ ਪੂਰਾ ਕਰ ਲੈਣਗੇ। ਇਸ ਮਿਸ਼ਨ ਦੀ ਪ੍ਰਾਪਤੀ ਲਈ ਵਿਭਾਗ ਵੱਲੋਂ 40.82 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।
        ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰਾਂ ਵਿੱਚ ਖੁੱਲੇਆਮ ਫੈਲਾਈ ਜਾਂਦੀ ਗੰਦਗੀ ਦੀ ਸਮੱਸਿਆ ਨੂੰ ਦੂਰ ਕਰਨ ਦਾ ਅਹਿਦ ਲਿਆ ਗਿਆ ਹੈ। ਪੰਜਾਬ ਵਿੱਚ ਮੌਜੂਦ 167 ਸ਼ਹਿਰੀ ਸਥਾਨਕ ਇਕਾਈਆਂ ਵਿੱਚੋਂ 120 ਨੇ ਹੁਣ ਤੱਕ ਸਵੈ ਘੋਸ਼ਣਾ ਵਿੱਚ ਖੁੱਲੇ ਵਿੱਚ ਸੌਚ ਤੋਂ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਹੈ। ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਇਸ ਦੀ ਪੁਸ਼ਟੀ ਲਈ ਤੀਜੀ ਪਾਰਟੀ ਵੱਲੋਂ ਸਰਵੇਖਣ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਹੁਣ ਤੱਕ 72 ਸਥਾਨਕ ਸ਼ਹਿਰੀ ਇਕਾਈਆਂ ਦੇ ਸਵੈ ਘੋਸ਼ਣਾ ਦੀ ਪੁਸ਼ਟੀ ਹੋ ਗਈ ਹੈ ਜਦੋਂ ਕਿ ਬਾਕੀ ਦਾ ਕੰਮ ਜਾਰੀ ਹੈ।
ਬੁਲਾਰੇ ਨੇ ਦੱਸਿਆ ਕਿ ਬਾਕੀ ਰਹਿੰਦੀਆਂ 47 ਸ਼ਹਿਰੀ ਸਥਾਨਕ ਇਕਾਈਆਂ ਵੀ 30 ਜੂਨ ਤੱਕ ਖੁੱਲੇ ਵਿੱਚ ਸੌਚ ਤੋਂ ਮੁਕਤ ਹੋ ਜਾਣਗੀਆਂ ਜਿਸ ਉਪਰੰਤ ਪੰਜਾਬ ਦੇ ਸਮੂਹ ਸ਼ਹਿਰ ਤੇ ਕਸਬੇ ਕਵਰ ਹੋ ਜਾਣਗੇ। ਇਸ ਟੀਚੇ ਨੂੰ ਹਰ ਹੀਲੇ ਪੂਰਾ ਕਰਨ ਲਈ ਵਿਭਾਗ ਵੱਲੋਂ ਵੀ ਇਨਾਂ 47 ਸ਼ਹਿਰੀ ਸਥਾਨਕ ਇਕਾਈਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਘਰਾਂ ਵਿੱਚ ਬਣਨ ਵਾਲੇ ਵਿਅਕਤੀਗਤ ਪਖਾਨਿਆਂ ਅਤੇ ਕਮਿੳੂਨਟੀ ਤੇ ਜਨਤਕ ਪਖਾਨਿਆਂ ਲਈ ਆਈ ਮੰਗ ਅਨੁਸਾਰ ਵਿਭਾਗ ਵੱਲੋਂ ਸ਼ਹਿਰੀ ਇਕਾਈਆਂ ਨੂੰ 40.82 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਤੈਅ ਸਮੇਂ ਅੰਦਰ ਟੀਚਾ ਪੂਰਾ ਕੀਤਾ ਜਾ ਸਕੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ