ਮੋਗਾ ਦੇ ਫੋਕਲ ਪੁਆਇੰਟ ‘ਚ ਗੱਤਾ ਅਤੇ ਪਲਾਸਟਿਕ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਲੱਖਾ ਦਾ ਨੁਕਸਾਨ


ਮੋਗਾ, 25 ਮਈ (ਜਸ਼ਨ)- ਬੀਤੀ ਦੇਰ ਰਾਤ ਮੋਗਾ ਦੇ ਫੋਕਲ ਪੁਆਇੰਟ ਵਿਚ 450 ਵਰਗ ਗਜ ਵਿਚ ਬਣੇ ਗੋਦਾਮਾਂ ’ਚ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਅਚਾਨਕ ਲੱਗੀ ਅੱਗ ਕਾਰਨ ਸੈਕੜੇ ਟਨ ਗੱਤਾ, ਪਲਾਸਟਿਕ ਦੇ ਡਰਮ ਅਤੇ ਕੈਟਲ ਫੀਡ ਸੜ ਕੇ ਸੁਆਹ ਹੋ ਗਏ। ਅੱਗ ਦੀ ਖਬਰ ਮਿਲਦਿਆ ਹੀ ਦਮਕਲ ਦੀਆਂ ਗੱਡੀਆਂ ਮੌਕੇ ਤੇ ਪੁੱਜ ਗਈਆਂ ਅਤੇ ਕਰੀਬ ਤਿੰਨ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ । ਅੱਗ ਲਗਣ ਦੇ ਕਾਰਨਾ ਦਾ ਹਾਲੇ ਪਤਾ ਨਹੀ ਲੱਗ ਸਕਿਆ ਹੈ। ਗੋਦਾਮ ਵਿਚ ਲੱਗੀ ਅੱਗ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀ ਹੋਇਆ ਪਰ ਗੋਦਾਮ ਮਾਲਿਕ ਮੁਤਾਬਕ ਉਹਨਾਂ ਦਾ ਲੱਖਾ ਦਾ ਮਾਲ ਸੜ ਕੇ ਸੁਆਹ ਹੋ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਦਾਮ ਮਾਲਕ ਭਾਨੂ ਪ੍ਰਤਾਪ ਨੇ ਦੱਸਿਆ ਕਿ ਉਹਨਾ ਕੋਲ ਨੈਸਲੇੇ ਫੈਕਟਰੀ ਵਿਚੋਂ ਸਾਰੇ ਕਬਾੜ ਨੂੰ ਚੁੱਕਣ ਦਾ ਠੇਕਾ ਹੈ ਮੰਦੀ ਦੇ ਚੱਲਦਿਆ ਉਹਨਾਂ ਦੇ ਗੋਦਾਮ ਵਿੱਚ 15 ਲੱਖ ਤੋਂ ਵਧੇਰੇ ਦਾ ਮਾਲ ਜਿਸ ਵਿਚ ਸੈਕੜੇ ਟਨ ਗੱਤਾ, ਪਲਾਸਟਿਕ ਦੇ ਡਰਮ ਅਤੇ ਕੈਟਲ ਫੀਡ ਰੱਖਿਆ ਹੋਇਆ ਸੀ । ਉਹਨਾਂ ਦੱਸਿਆ ਕਿ ਰਾਤ ਉਹ ਆਪਣੇ ਮੁੰਡੇ ਨਾਲ 8 ਵਜੇ ਗੋਦਾਮਾਂ ਨੂੰ ਬੰਦ ਕਰਕੇ ਘਰ ਗਏ ਸਨ ਅਤੇ 9 ਵਜੇ ਉਹਨਾ ਨੂੰ ਗੋਦਾਮ ਦੇ ਬਾਹਰ ਰਹਿਣ ਵਾਲੇ ਉਹਨਾ ਦੇ ਮੁਲਾਜ਼ਮ ਨੇ ਅੱਗ ਲਗਣ ਦੀ ਜਾਣਕਾਰੀ ਦਿੱਤੀ ਜਿਸ ਤੇ ਉਹਨਾਂ ਨੂੰ ਫਾਇਰ ਬਿ੍ਰਗੇਡ ਨੂੰ ਸੂਚਨਾ ਦਿੱਤੀ ਅਤੇ ਗੱਡੀਆਂ ਨੇ ਮੌਕੇ ਤੇ ਪੁੱਜਕੇ ਅੱਗ ਤੇ ਕਾਬੂ ਤਾਂ ਪਾ ਲਿਆ ਪਰ ਗੋਦਾਮਾਂ ਵਿਚ ਰੱਖਿਆ ਸਾਰਾ ਮਾਲ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਨੂੰ ਜਾਣਨ ਲਈ ਜਦੋਂ ਥਾਣਾ ਫੋਕਲ ਪੁਆਇੰਟ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਆਖਿਆ ਕਿ ਗੋਦਾਮ ’ਚ ਅੱਗ ਤਾਂ ਰਾਤ ਲੱਗੀ ਸੀ ਪਰ ਸਾਡੇ ਕੋਲ ਗੋਦਾਮ ਮਾਲਕ ਨੇ ਕਿਸੇ ਕਿਸਮ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਇਸ ਕਰਕੇ ਉਹਨਾਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਹੈ।


