ਪ੍ਰਦੂਸ਼ਿਤ ਪਾਣੀ ਨੂੰ ਦਰਿਆਵਾਂ, ਨਦੀਆਂ ਵਿੱਚ ਮਿਲਣ ਤੋਂ ਰੋਕਣ ਦੇ ਅਸਮਰੱਥ ਰਿਹਾ ਪ੍ਰਦੂਸ਼ਣ ਕੰਟਰੋਲ ਬੋਰਡ, ਜਿੰਮੇਵਾਰ ਅਫ਼ਸਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ- ਐਡਵੋਕੇਟ ਕੇ.ਪੀ. ਬਾਵਾ

ਮੋਗਾ 24 ਮਈ (ਜਸ਼ਨ): ਪੰਜਾਬ ਵਿੱਚ ਵੱਡੀਆਂ ਫੈਕਟਰੀਆਂ ਦਾ ਜ਼ਹਿਰੀਲਾ ਪਦਾਰਥ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦੇ ਸੋਮਿਆਂ ਭਾਵ ਦਰਿਆਵਾਂ ਨਹਿਰਾਂ ਵਿੱਚ ਬਿਨ੍ਹਾਂ ਕਿਸੇ ਰੁਕਾਵਟ ਦੇ ਘੁਲ ਰਿਹਾ ਹੈ ਪ੍ਰੰਤੂ ਪੰਜਾਬ ਦਾ ਪ੍ਰਦੂਸ਼ਨ ਕੰਟਰੋਲ ਬੋਰਡ ਤੇੇ ਸਰਕਾਰਾਂ ਹਰ ਰੋਜ ਲੱਖਾਂ ਰੁਪਏ ਖਰਚ ਕਰ ਰਹੀਆਂ ਹਨ ਮੂਕ ਦਰਸ਼ਕ ਬਣਿਆ ਬੈਠਾ ਹੈ, ਜਿਸ ਦਾ  ਨਤੀਜਾ ਪੰਜਾਬ ਵਿੱਚ ਲੰਮੇ ਸਮੇਂ ਤੋਂ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਉਪਜਣਾ ਹੈ। ਸਰਕਾਰਾਂ ਦੀ ਅਣਗਹਿਲੀ ਕਾਰਨ ਧਰਤੀ ਥੱਲਿੳਂ ਪਾਣੀ ਮੁੱਕਣ ਕਿਨਾਰੇ ਹੈ ਕਿਉਂਕਿ ਇਹ ਲਗਦਾ ਨਹੀਂ ਕਿ ਅਸੀਂ ਲੰਬਾ ਸਮਾਂ ਧਰਤੀ ਦੇ ਥੱਲਿੳਂ ਪਾਣੀ ਕੱਢ ਕੇ ਵਰਤ ਸਕਾਂਗੇ। ਇਸ ਪਾਣੀ ਦੀ ਬੇਦਰਦੀ ਨਾਲ ਵਰਤੋਂ ਨੂੰ ਸਾਡੀ ਮਾਂ ਸਮਾਨ ਧਰਤੀ ਜ਼ਿਆਦਾ ਲੰਮਾ ਸਮਾਂ ਨਹੀਂ ਝੱਲੇਗੀ, ਫਿਰ ਭਾਵੇਂ ਪੰਜਾਬ ਦਾ ਕਾਫੀ ਹਿੱਸਾ ਉਹਨਾਂ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਪੀਣ ਲਈ ਅੱਜ ਵੀ ਮਜਬੂਰ ਹੈ ਅਤੇ ਥੋੜੇ ਸਮੇਂ ਬਾਅਦ ਅਸੀਂ ਸਾਰੇ ਪੰਜਾਬੀ ਇਨ੍ਹਾਂ ਕੁਦਰਤੀ ਸਰੋਤਾਂ ਤੋਂ ਆ ਰਹੇ ਪਾਣੀ ਪੀਣ ਲਈ ਮਜਬੂਰ ਹੋਵਾਂਗੇ ਪ੍ਰੰਤੂ ਪ੍ਰਦੂਸ਼ਨ ਕੰਟਰੋਲ ਬੋਰਡ ਜਾਂ ਤਾਂ ਬਹੁਤ ਵੱਡੀ ਅਣਗਹਿਲੀ ਕਰਕੇ ਉਨ੍ਹਾਂ ਫੈਕਟਰੀ ਮਾਲਕਾਂ ਨੂੰ ਜ਼ਹਿਰੀਲੇ ਪਾਣੀ ਨੂੰ ਕੁਦਰਤੀ ਪਾਣੀਆਂ ਵਿੱਚ ਬਿਨ੍ਹਾਂ ਕਿਸੇ ਰੋਕ ਟੋਕ ਦੇ ਮਿਲਣ ਦੀ ਆਗਿਆ ਦੇ ਰਿਹਾ ਹੈ ਜਾਂ ਫਿਰ ਉਹ ਵੱਡੇ ਵੱਡੇ ਸਰਮਾਏਦਾਰਾਂ ਨੂੰ ਬਿਨ੍ਹਾਂ ਕਿਸੇ ਰੋਕ ਟੋਕ ਦੇ ਆਪਸ ਵਿੱਚ ਘਿਓ ਖਿਚੜੀ ਹੋ ਕੇ ਪੰਜਾਬੀਆਂ ਦੀਆਂ ਬਹੁਮੁਲੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਨੂੰ ਕੁਦਰਤੀ ਪਾਣੀਆਂ ਵਿੱਚ ਮਿਲਾ ਰਿਹਾ ਹੈ, ਜਿਸ ਕਾਰਨ ਪੰਜਾਬ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਸਿਰਫ ਮਨੁਖਤਾ ਨੂੰ ਹੀ ਨਹੀਂ ਸਗੋਂ ਜੀਵ ਜੰਤੂ ਅਤੇ ਪਸ਼ੂਆਂ ਨੂੰ ਵੀ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ ਹਜਾਰਾਂ ਲੋਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਮਰੀਜਾਂ ਦੇ ਇਲਾਜ ਕਰਾਉਂਦਿਆਂ ਉਨ੍ਹਾਂ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਹਨ। ਕਈਆਂ ਜਾਨਵਰਾਂ ਦੀ ਹੋਂਦ ਖਤਰੇ ਵਿੱਚ ਹੈ। ਇਸ ਸਬੰਧੀ ਲੋਕ ਸੇਵਾ ਸੰਗਠਨ (ਰਜਿ) ਦੇ ਪ੍ਰਧਾਨ ਸ਼੍ਰੀ ਕੇ.ਪੀ. ਬਾਵਾ ਐਡਵੋਕੇਟ ਨੇ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਨੂੰ ਪੱਤਰ ਲਿਖ ਕੇ ਸੁਚੇਤ ਕੀਤਾ ਕਿ ਅੱਜ ਅਸੀਂ ਫਸਲਾਂ ਦੇ ਨਾੜ ਸਾੜਨ ਅਤੇ ਫੈਕਟਰੀਆਂ ਦੇ ਧੂਏਂ ਕਾਰਨ ਪ੍ਰਦੂਸ਼ਤ ਹਵਾ ਤੋਂ ਸਾਹ ਲੈਣ ਲਈ ਜੂਝ ਰਹੇ ਹਾਂ, ਖਾਣ ਲਈ ਕੋਈ ਸ਼ੁਧ ਵਸਤਾਂ ਨਹੀਂ ਹਨ, ਪੀਣ ਲਈ ਪਾਣੀ ਦਿਨੋੋਂ ਦਿਨ ਦੂਸ਼ਤ ਹੋ ਰਿਹਾ ਹੈ, ਇਸ ਨਾਲ ਮਨੁੱਖਤਾ ਵੀ ਖਤਰੇ ਵਿੱਚ ਹੈ। ਜੇਕਰ ਟਾਇਮ ਰਹਿੰਦੇ ਸਰਕਾਰਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਕੀਤਾ ਤਾਂ ਇਸ ਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਭਿਆਨਕ ਨਤੀਜੇ ਭੁਗਤਨ ਲਈ ਸਾਨੂੰ ਤਿਆਰ ਰਹਿਣਾ ਪਵੇਗਾ। ਉਨ੍ਹਾਂ ਪ੍ਰਦੂੂਸ਼ਨ ਕੰਟਰੋਲ ਬੋਰਡ ਦੇ ਉਨ੍ਹਾਂ ਅਫ਼ਸਰਾਂ ਦੇ ਖਿਲਾਫ ਕਾਰਵਾਈ ਲਈ ਕਿਹਾ ਹੈ ਜਿਨ੍ਹਾਂ ਨੇ ਪ੍ਰਦੂਸ਼ਿਤ ਪਾਣੀ ਨੂੰ ਦਰਿਆਵਾਂ, ਨਦੀਆਂ ਵਿੱਚ ਮਿਲਣ ਤੋਂ ਨਹੀਂ ਰੋਕਿਆ।