ਅਫ਼ਵਾਹਾਂ ਦੇ ਬਾਵਜੂਦ ਪ੍ਰਾਇਮਰੀ ਸਕੂਲ ਦੇ 58 ਬੱਚਿਆਂ ਨੇ ਲਗਵਾਏ ਐੱਮ ਆਰ ਟੀਕੇ

ਸਮਾਲਸਰ,16 ਮਈ (ਜਸਵੰਤ ਗਿੱਲ)-ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਸਮਾਲਸਰ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਖਸਰਾ ਅਤੇ ਰੂਬੈਲਾ ਮੁਹਿੰਮ ਤਹਿਤ 58 ਬੱਚਿਆਂ ਦੇ ਐੱਮ ਆਰ ਟੀਕੇ ਲਗਾਏ ਗਏ। ਇਸ ਮੌਕੇ ਸਿਹਤ ਵਿਭਾਗ ਤੋਂ ਪਹੁੰਚੇ ਸੁਪਰਵਾਈਜਰ ਸ਼੍ਰੀ ਮਤੀ ਬਲਵੰਤ ਕੌਰ,ਏ ਐੱਨ ਐੱਮ.ਪਾਲ ਕੌਰ, ਏ ਐੱਨ ਐੱਮ ਰਜਨੀ ਰਾਣੀ ਨੇ ਦੱਸਿਆ ਕਿ ਨਿੱਕਿਆਂ ਬੱਚਿਆਂ ਨੇ ਅਫਵਾਹਾਂ ਦੇ ਮੂੰਹ ‘ਤੇ ਚਪੇੜ ਮਾਰ ਕੇ,ਵੱਡੀ ਗਿਣਤੀ ਵਿੱਚ ਆਪਣੇ ਮਾਪਿਆਂ ਦੀ ਹਾਜ਼ਰੀ  ਵਿੱਚ ਐੱਮ ਆਰ ਦੇ ਟੀਕੇ ਲਗਵਾਏ ਹਨ। ਉਨਾਂ ਦੱਸਿਆ ਕਿ ਜਿੱਥੇ ਵੱਡੇ ਅਫਵਾਹਾਂ ਵਿੱਚ ਉਲਝੇ ਹੋਏ ਹਨ ਉੱਥੇ ਹੀ ਆਪਣੀ ਸਿਹਤ ਦਾ ਧਿਆਨ ਰੱਖ ਕੇ ਨਿੱਕੇ ਬੱਚੇ ਆਪਣੇ ਮਾਪਿਆਂ ਨੂੰ ਇਸ ਟੀਕੇ ਸਬੰਧੀ ਸਮਝਾ ਰਹੇ ਹਨ। ਸੁਪਰਵਾਈਜ਼ਰ ਸ਼੍ਰੀ ਮਤੀ ਬਲਵੰਤ ਕੌਰ ਨੇ ਕਿਹਾ ਕਿ ਜਾਨਲੇਵਾ ਬਿਮਾਰੀਆਂ ਖਸਰਾ ਅਤੇ ਰੁਬੈਲਾ ਤੋਂ ਬਚਾਅ ਲਈ ਐੱਮਆਰ ਟੀਕਾ ਲਗਾਉਣਾ ਬੇਹੱਦ ਜ਼ਰੂਰੀ ਹੈ। ਉਨਾਂ ਹੋਰ ਵੀ ਮਾਪਿਆਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਨੂੰ ਛੱਡ ਕੇ ਆਪਣੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਐੱਮ ਆਰ ਟੀਕੇ ਜ਼ਰੂਰ ਲਗਾਉਣ ਤਾਂ ਜੋ ਇੰਨਾ ਬਿਮਾਰੀਆਂ ਤੋਂ ਬੱਚਿਆਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਮੁੱਖ ਅਧਿਆਪਕ ਅਮਰਜੀਤ ਕੌਰ,ਅਧਿਆਪਕ ਖੁਸ਼ਵੰਤ ਕੌਰ ਤੋਂ ਇਲਾਵਾ ਸਮੂਹ ਸਕੂਲ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।