ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਸਮਾਜਿਕ ਸੁਰੱਖਿਆ ਫੰਡ ਲਈ ਯੋਗਦਾਨ ਪਾਉਣ ਦਾ ਸੱਦਾ

ਚੰਡੀਗੜ, 13 ਮਈ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਸਮਾਜ ਭਲਾਈ ਦਾ ਏਜੰਡਾ ਲਾਗੂ ਕਰਨ ਲਈ ਸੂਬਾ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾਉਣ ਦਾ ਸੱਦਾ ਦਿੰਦਿਆਂ ਹਾਲ ਹੀ ਵਿੱਚ ਸਥਾਪਤ ਕੀਤੇ ਸਮਾਜਿਕ ਸੁਰੱਖਿਆ ਫੰਡ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਆਪਣਾ ਯੋਗਦਾਨ ਪਾਉਣ ਲਈ ਆਖਿਆ ਹੈ। 
    ਮੁੱਖ ਮੰਤਰੀ ਨੇ ਨਵੀਂ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਸਨਅਤਕਾਰਾਂ ਦੇ ਵਿਚਾਰ ਤੇ ਫੀਡਬੈਕ ਜਾਣਨ ਲਈ ਸ਼ਨਿਚਰਵਾਰ ਦੀ ਸ਼ਾਮ ਸੂਬੇ ਦੇ ਕੁਝ ਵੱਡੇ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। 
    ਮੁੱਖ ਮੰਤਰੀ ਨੇ ਸਮਾਜ ਦੇ ਕਮਜ਼ੋਰ ਤਬਕਿਆਂ ਖਾਸ ਕਰਕੇ ਦਲਿਤਾਂ ਲਈ ਸਮਾਜਿਕ ਸੁਰੱਖਿਆ ਦੇ ਢਾਂਚੇ ਦੇ ਨਿਰਮਾਣ ਲਈ ਸਨਅਤਕਾਰਾਂ ਨੂੰ ਸੂਬਾ ਸਰਕਾਰ ਨਾਲ ਹੱਥ ਮਿਲਾਉਣ ਦਾ ਵਿਚਾਰ ਪੇਸ਼ ਕੀਤਾ।
    ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਨਅਤੀ ਦਿੱਗਜ਼ਾਂ ਨੇ ਇਸ ਸੁਝਾਅ ਨਾਲ ਸਹਿਮਤੀ ਪ੍ਰਗਟਾਈ ਜਿਸ ਨਾਲ ਸੂਬਾ ਸਰਕਾਰ ਬੱਚਤ ਦਾ ਮੁੜ ਨਿਵੇਸ਼ ਕਰ ਸਕੇਗੀ ਜੋ ਸਨਅਤੀ ਹੁਲਾਰੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚਿਆ ਜਾ ਸਕੇਗਾ। ਸੂਬਾ ਭਰ ਦੇ ਫੋਕਲ ਪੁਆਇੰਟਾਂ ਵਿੱਚ ਸੜਕਾਂ ਦੇ ਬੁਨਿਆਦੀ ਢਾਂਚੇ ਦੀ ਹਾਲਤ ਸੁਧਾਰਨ ’ਤੇ ਸਨਅਤਕਾਰ ਇਕਮਤ ਸਨ।
    ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਕੱਠਿਆਂ ਮਿਲ ਕੇ ਸੂਬੇ ਵਿੱਚ ਇਕ ਆਈ.ਟੀ.ਆਈ. ਸਥਾਪਤ ਕਰਨ ਲਈ ਆਖਿਆ। ਉਨਾਂ ਕਿਹਾ ਕਿ ਸਨਅਤ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਸਹਿਯੋਗ ਕਰ ਸਕਦਾ ਹੈ ਜਿਸ ਨਾਲ ਸੂਬੇ ਵਿੱਚ ਨੌਕਰੀ ਦੇ ਮੌਕੇ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਉਦਯੋਗਪਤੀਆਂ ਨੇ ਇਨਾਂ ਸੁਝਾਵਾਂ ’ਤੇ ਕੰਮ ਕਰਨ ਲਈ ਰਜ਼ਾਮੰਦੀ ਜ਼ਾਹਰ ਕਰਦਿਆਂ ਮੰਨਿਆ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ।
    ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਨਵੀਂ ਸਨਅਤੀ ਨੀਤੀ ’ਤੇ ਬਿਨਾਂ ਕਿਸੇ ਝਿਜਕ ਤੋਂ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕਰਨ ਦਾ ਸੱਦਾ ਦਿੱਤਾ ਤਾਂ ਕਿ ਸਨਅਤਕਾਰਾਂ ਦੀਆਂ ਚਿੰਤਾਵਾਂ ਤੇ ਮੰਗਾਂ ਦੇ ਅਨੁਕੂਲ ਦਿਸ਼ਾ-ਨਿਰਦੇਸ਼ਾਂ ਨੂੰ ਹੋਰ ਮਜ਼ਬੂਤ ਬਣਾ ਕੇ ਵੱਧ ਤੋਂ ਵੱਧ ਨਿਵੇਸ਼ ਲਿਆਂਦਾ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸਨਅਤ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਸਮਾਂਬੱਧ ਕਰਨ ਦਾ ਪ੍ਰਸਤਾਵ ਹੈ ਤਾਂ ਕਿ ਵੱਖ-ਵੱਖ ਪ੍ਰਵਾਨਗੀਆਂ ਦਾ ਨਿਪਟਾਰਾ ਫੌਰੀ ਕੀਤਾ ਜਾ ਸਕੇ।
    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਕਿ ਸੂਬਾ ਵਿੱਤੀ ਤੰਗੀ ਦੇ ਮੱਦੇਨਜ਼ਰ ਇਸ ਹਾਲਤ ਵਿੱਚ ਨਹੀਂ ਹੈ ਕਿ ਸਨਅਤ ਲਈ ਦਿੱਤੀ ਜਾ ਚੁੱਕੀ ਬਿਜਲੀ ਸਬਸਿਡੀ ਤੋਂ ਇਲਾਵਾ ਹੋਰ ਵਿੱਤੀ ਰਿਆਇਤਾਂ ਦੇ ਸਕੇ ਪਰ ਉਨਾਂ ਦੀ ਸਰਕਾਰ ਵਪਾਰ ਤੇ ਹੋਰ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਕੇ ਹਾਂ-ਪੱਖੀ ਮਾਹੌਲ ਸਿਰਜਣ ਲਈ ਹਰ ਸੰਭਵ ਕਦਮ ਚੁੱਕੇਗੀ।
    ਏਵਨ ਸਾਈਕਲ ਦੇ ਚੇਅਰਮੈਨ ਤੇ ਐਮ.ਡੀ. ਸ੍ਰੀ ਓਂਕਾਰ ਪਾਹਵਾ ਨੇ ਬਿਜਲੀ ਸਬਸਿਡੀ ਦੇ ਬਾਵਜੂਦ ਛੋਟੇ ਪੱਧਰ ਦੀਆਂ ਸਨਅਤੀ ਇਕਾਈਆਂ ਲਈ ਬਿਜਲੀ ਦੀ ਕੀਮਤ ਵੱਧ ਰਹਿਣ ’ਤੇ ਆਪਣੀ ਚਿੰਤਾ ਜ਼ਾਹਰ ਕੀਤੀ ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਇਹ ਖਰਚਾ ਘਟਾਉਣ ਲਈ ਰਾਹ ਲੱਭਣ ਵਾਸਤੇ ਐਸ.ਐਮ.ਈ.ਐਸ. ਨਾਲ ਮਾਮਲਾ ਉਠਾਉਣ ਲਈ ਆਖਿਆ।    
    ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਸੂਬੇ ਵਿੱਚ ਕੱਪੜਾ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਿਸ ਦੀਆਂ ਵਸਤਾਂ ਦੀ ਬਰਾਮਦ ਤੋਂ ਵੱਡੀ ਸਮਰਥਾ ਉਭਰ ਰਹੀ ਹੈ। ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਇਸ ਸੈਕਟਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
    ਆਈਵੀ ਹੈਲਥਕੇਅਰ ਗਰੁੱਪ ਦੇ ਚਅਰਮੈਨ ਸ. ਗੁਰਤੇਜ ਸਿੰਘ ਦੇ ਸੁਝਾਅ ’ਤੇ ਮੁੱਖ ਮੰਤਰੀ ਨੇ ਸਿਹਤ ਸੰਭਾਲ ਉਦਯੋਗ ਨੂੰ ਹੋਰ ਲਾਭ ਦੇਣ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਭਾਵੇਂ ਕਿ ਨਵੀਂ ਸਨਅਤੀ ਨੀਤੀ ਵਿੱਚ ਬਿਜਲੀ ਸਬੰਧੀ ਇਸ ਸੈਕਟਰ ਨੂੰ ਵੀ ਦੂਜੀਆਂ ਵੱਖ-ਵੱਖ ਸਨਅਤਾਂ ਵਾਂਗ ਸਹੂਲਤਾਂ ਦੇਣ ਦੇ ਉਪਬੰਧਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੀਟਿੰਗ ਵਿੱਚ ਸੂਬੇ ’ਚ ਮੈਡੀਕਲ ਸੈਰ-ਸਪਾਟਾ ਨੂੰ ਹੋਰ ਉਤਸ਼ਾਹਤ ਕਰਨ ਲਈ ਕਈ ਕਦਮਾਂ ’ਤੇ ਵਿਚਾਰ-ਚਰਚਾ ਕੀਤੀ ਗਈ।
    ਵਰਧਮਾਨ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਸਚਿਤ ਜੈਨ ਨੇ ਪੰਜਾਬ ਵਿੱਚ ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਉਦਯੋਗਪਤੀਆਂ ਨੂੰ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਲਈ ਮੁੱਖ ਮੰਤਰੀ ਦੇ ਸੁਝਾਅ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਉਦਯੋਗਾਂ ਵੱਲੋਂ ਸਕੂਲ ਵਿੱਚ ਪ੍ਰਗਤੀ ਦੀ ਨਿਗਰਾਨੀ ਕਰਨ ਦਾ ਵਿਚਾਰ ਵੀ ਮੀਟਿੰਗ ਵਿੱਚ ਰੱਖਿਆ। ਸ੍ਰੀ ਜੈਨ ਜੋ ਸੀ.ਆਈ.ਆਈ. ਦੇ ਉੱਤਰੀ ਖਿੱਤੇ ਦੇ ਚੇਅਰਮੈਨ ਵੀ ਹਨ, ਨੇ ਬਿਜਲੀ ਦਰਾਂ ਘਟਾਉਣ ਦੀ ਸ਼ਲਾਘਾ ਕਰਦਿਆਂ ਸੂਬੇ ਵਿੱਚ ਮੌਜੂਦਾ ਸਨਅਤ ਦੇ ਵਿਸਥਾਰ ਨੂੰ ਉਤਸ਼ਾਹਤ ਕਰਨ ਲਈ ਨਿਵੇਸ਼ ਵਾਸਤੇ ਹੋਰ ਰਿਆਇਤਾਂ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।
    ਮਿਸ ਬੈਕਟਰ’ਜ਼ ਫੂਡ ਸਪੈਸ਼ਲਿਟੀਜ਼ ਲਿਮਟਡ ਦੀ ਐਮ.ਡੀ. ਅਨੂਪ ਕੁਮਾਰ ਨੇ 100 ਫੀਸਦੀ ਬਰਾਮਦ ਕਰਨ ਵਾਲੇ ਯੂਨਿਟਾਂ ਨੂੰ ਸਰਕਾਰ ਪਾਸੋਂ ਰਿਆਇਤਾਂ ਦੇਣ ਲਈ ਆਖਿਆ। ਇੰਜਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ (ਨਾਰਦ ਇੰਡੀਆ) ਦੇ ਚੇਅਰਮੈਨ ਕਾਮਨਾ ਅਗਰਵਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਸਨਅਤ ਵਿਭਾਗ ਨੂੰ ਹੋਰ ਸਰਗਰਮੀ ਨਾਲ ਕੰਮ ਕਰਨ ਦੀ ਲੋੜ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ‘ਨਿਵੇਸ਼ ਪੰਜਾਬ’ ਦੇ ਪੰਜ ਜ਼ਿਲਾ ਪੱਧਰੀ ਦਫ਼ਤਰ ਸਥਾਪਤ ਕਰਨ ਦਾ ਪ੍ਰਸਤਾਵ ਹੈ ਤਾਂ ਕਿ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਸਨਅਤ ਲਈ ਪ੍ਰਿਆਵਾਂ ਨੂੰ ਹੋਰ ਸੁਖਾਲਾ ਬਣਾਇਆ ਜਾ ਸਕੇ।
    ਸੋਨਾਲੀਕਾ ਆਈ.ਟੀ.ਐਲ. ਦੇ ਚੇਅਰਮੈਨ ਐਲ.ਡੀ. ਮਿੱਤਲ ਨੇ ਖੇਤੀ ਸੰਦਾਂ ਵਰਗੀਆਂ ਵਸਤਾਂ ਲਈ ਇਨਪੁਟ ਤੇ ਆੳੂਟਪੁਟ ਲਈ ਜੀ.ਐਸ.ਟੀ. ਵਿੱਚ ਵਖਰੇਵਾਂ ਹੋਣ ਦਾ ਮੁੱਦਾ ਉਠਾਇਆ ਜਦਕਿ ਮਹਿੰਦਰਾ ਐਂਡ ਮਹਿੰਦਰਾ ਦੇ ਸਵਰਾਜ ਟਰੈਕਟਰ ਡਿਵੀਜ਼ਨ ਦੇ ਸੀ.ਓ.ਓ. ਵਿਰੇਨ ਪੋਪਲੀ ਨੇ ਕਿਹਾ ਕਿ ਸਨਅਤੀ ਨੀਤੀ ਵਿੱਚ ਖੋਜ ਤੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਰਿਆਇਤਾਂ ਸ਼ਾਮਲ ਨਾ ਕਰਨ ਦਾ ਨੁਕਸਾਨ ਪਹੁੰਚਿਆ ਹੈ।
    ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਸੁਝਾਵਾਂ ’ਤੇ ਗੌਰ ਕਰਨਗੇ ਅਤੇ ਸਨਅਤਕਾਰਾਂ ਵੱਲੋਂ ਜ਼ਾਹਰ ਕੀਤੇ ਫਿਕਰਾਂ ਤੇ ਦਿੱਤੇ ਮਸ਼ਵਰਿਆਂ ਮੁਤਾਬਕ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਤੈਅ ਕਰਨ ਨੂੰ ਯਕੀਨੀ ਬਣਾਉਣਗੇ। ਉਨਾਂ ਨੇ ਸੂਬੇ ਵਿੱਚ ਸਨਅਤੀ ਵਿਕਾਸ ਨੂੰ ਮੁੜ ਪੱਟੜੀ ’ਤੇ ਚਾੜਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦਰਸਾਉਂਦਿਆਂ ਕਿਹਾ ਕਿ ਇਨਾਂ ਉਪਰਾਲਿਆਂ ਸਦਕਾ ਹੀ ਸੂਬੇ ਦੀ ਆਰਥਿਕ ਤਰੱਕੀ ਨੂੰ ਬੁਲੰਦੀਆਂ ’ਤੇ ਲਿਜਾਇਆ ਜਾ ਸਕਦਾ ਹੈ।
    ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਗਿਰੀਸ਼ ਦਯਾਲਨ ਅਤੇ ਪ੍ਰੋਟੋਕੋਲ ਅਫਸਰ ਐਸ.ਪੀ. ਗਰਗ ਹਾਜ਼ਰ ਸਨ।
    ਇਸ ਮੌਕੇ ਉੱਘੇ ਉਦਯੋਗਪਤੀਆਂ ਵਿੱਚ ਨਾਹਰ ਇੰਟਰਪ੍ਰਾਈਜ਼ ਲਿਮਟਡ ਦੇ ਉਪ ਚੇਅਰਮੈਨ ਤੇ ਐਮ.ਡੀ. ਕਮਲ ਓਸਵਾਲ, ਕੁਆਰਕਸਿਟੀ ਮੁਹਾਲੀ ਦੇ ਚੇਅਰਮੈ ਫਰੈਂੱਡ ਇਬਰਾਹੀਮੀ, ਕਰੀਮਿਕਾ ਫੂਡ ਇੰਡਸਟਰੀਜ਼ ਲਿਮਟਡ ਦੇ ਐਮ.ਡੀ. ਅਕਸ਼ੇ ਬੈਕਟਰ, ਕੰਧਾਰੀ ਬੈਵਰੇਜ ਲਿਮਟਡ ਜਸਪਾਲ ਕੰਧਾਰੀ ਅਤੇ ਆਈ.ਟੀ.ਸੀ. ਦੇ ਐਮ.ਡੀ. ਸਚਿਦ ਮਦਾਨ ਵੀ ਹਾਜ਼ਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ