ਸ਼ਹੀਦ ਭਾਈ ਜੁਗਰਾਜ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਯੂਥ ਪ੍ਰਧਾਨ ਗੁਰਜੰਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਸਮਾਲਸਰ, 13 ਮਈ (ਗਗਨਦੀਪ ਸ਼ਰਮਾ): ਪਿਛਲੇ ਲਗਭਗ ਤੀਹ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੀ ਸੇਵਾ ਕਰਦੇ ਆ ਰਹੇ ਸ਼ਹੀਦ ਭਾਈ ਜੁਗਰਾਜ ਸਿੰਘ ਦੀ ਮਾਤਾ ਰਣਜੀਤ ਕੌਰ ਅਤੇ ਲੰਮੇ ਸਮੇਂ ਤੋਂ ਪਾਰਟੀ ਦੇ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਦੇ ਆ ਰਹੇ ਸਾਬਕਾ ਜਿਲ੍ਹਾ ਯੂਥ ਪ੍ਰਧਾਨ ਗੁਰਜੰਟ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਤਾ ਰਣਜੀਤ ਕੌਰ ਤੇ ਗੁਰਜੰਟ ਸਿੰਘ ਸਮਾਲਸਰ ਨੇ ਦੱਸਿਆ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਪਾਰਟੀ ਦੀ ਨਿਰਸਵਾਰਥ ਸੇਵਾ ਕਰਦੇ ਆ ਰਹੇ ਹਾਂ ਅਤੇ ਪਿਛਲੇ ਕੁਝ ਸਮੇਂ ਤੋਂ ਦੇਖ ਰਹੇ ਹਾਂ ਕਿ ਪਾਰਟੀ ਦੀ ਲੋਕਪਿ੍ਰਯਤਾ ਦਾ ਘੇਰਾ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਪਾਰਟੀ ਦੇ ਜਨਰਲ ਸਕੱਤਰਾਂ ਦੀ ਫੌਜ ਪਿੰਡਾਂ ਵਿੱਚ ਲੋਕਾਂ ਦਾ ਮੇਲ ਮਿਲਾਪ ਰੱਖਣ ਦੀ ਬਜਾਏ ਸ: ਸਿਮਰਨਜੀਤ ਸਿੰਘ ਮਾਨ ਦੀ ਗੱਡੀ ‘ਚੋਂ ਬਾਹਰ ਨਹੀਂ ਆ ਰਹੇ। ਦੂਜਾ ਵੱਡਾ ਕਾਰਨ ਇਹ ਹੈ ਕਿ ਪਾਰਟੀ ਨੇ ਕਦੇ ਵੀ ਕੇਡਰ ਕੈਂਪ ਲਗਾ ਕੇ ਆਪਣੇ ਹੇਠਲੇ ਪੱਧਰ ਦੇ ਆਗੂਆਂ ਨੂੰ ਕੋਈ ਸਿਖਲਾਈ ਨਹੀਂ ਦਿੱਤੀ ਅਤੇ ਨਾ ਹੀ ਪਾਰਟੀ ਨੇ ਕਦੇ ਕਿਸੇ ਆਗੂ ਨੂੰ ਅਹੁਦਾ ਦੇਣ ਤੋਂ ਬਾਅਦ ਉਸ ਦੇ ਕੰਮ ਕਾਰ ਵੱਲ ਧਿਆਨ ਦਿੱਤਾ ਹੈ ਕਿ ਉਹ ਆਗੂ ਪਾਰਟੀ ਲਈ ਕੋਈ ਕੰਮ ਕਰ ਰਿਹਾ ਹੈ ਜਾਂ ਨਹੀਂ। ਪਾਰਟੀ ਦੇ ਸਭ ਛੋਟੇ ਵੱਡੇ ਲੀਡਰ ਇਕੱਲੇ ਅਖਬਾਰੀ ਬਿਆਨਾਂ ਤੱਕ ਸੀਮਿਤ ਹੋ ਕੇ ਰਹਿ ਗਏ ਹਨ। ਪਾਰਟੀ ਅੰਦਰ ਭਿ੍ਰਸ਼ਟਾਚਾਰ ਸਭ ਹੱਦਾਂ ਬੰਨੇ ਟੱਪ ਚੁੱਕਿਆ ਹੈ, ਜੇ ਇੰਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਪਾਰਟੀ ਦੇ ਕੁਝ ਵਫਾਦਾਰ ਆਗੂਆਂ ਨੇ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਅਨੁਸ਼ਾਸ਼ਨ ਦਾ ਕੁਹਾੜਾ ਚਲਾ ਕੇ ਪਾਰਟੀ ‘ਚੋਂ ਹੀ ਕੱਢ ਦਿੱਤਾ ਗਿਆ। ਅਸੀਂ ਫਿਰ ਵੀ ਕੋਈ ਆਸ ਲਗਾ ਕੇ ਬੈਠੇ ਰਹੇ ਕਿ ਸ਼ਾਇਦ ਕੋਈ ਹੱਲ ਨਿਕਲੇਗਾ ਪਰ ਉਲਟਾ ਜਿਲ੍ਹਾ ਜੱਥੇਬੰਦੀ ਦੇ ਆਗੂਆਂ ਨੇ ਸਾਡਾ ਫੋਨ ਚੁੱਕ ਕੇ ਗੱਲ ਕਰਨੀ ਹੀ ਛੱਡ ਦਿੱਤੀ। ਹੱਦ ਤਾਂ ਉਦੋਂ ਹੋ ਗਈ ਜਦੋਂ ਪਾਰਟੀ ਦੇ ਜਿਲ੍ਹਾ ਜਨਰਲ ਸਕੱਤਰ ਪ੍ਰੋ. ਮਹਿੰਦਰਪਾਲ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਮੇਰੇ ਸਮੇਤ ਪਾਰਟੀ ਦੇ ਕਈ ਆਗੂਆਂ ਨੂੰ ਮੂਰਖ ਤੇ ਮਹਾਂ ਬੇਵਕੂਫ ਵਰਗੇ ਖਿਤਾਬ ਬਖਸ਼ ਦਿੱਤੇ ਤਾਂ ਫਿਰ ਸਾਨੂੰ ਵੀ ਲੱਗਿਆ ਕਿ ਪਾਰਟੀ ਵਿੱਚ ਰਹਿ ਕੇ ਜਲੀਲ ਹੋਣ ਨਾਲੋਂ ਘਰ ਬੈਠ ਜਾਣਾ ਬੇਹਤਰ ਹੋਵੇਗਾ। ਸੋ ਅਸੀਂ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ (ਅ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਾਂ ਅੱਜ ਦੇ ਬਾਅਦ ਸਾਡਾ ਪਾਰਟੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੋਵੇਗਾ।