ਹਾਕੀ ਓਲੰਪੀਅਨ ਪਿ੍ਰਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਸ਼ੂਰੂ,ਕਿਲ੍ਹਾ ਰਾਏਪੁਰ, ਮੋਗਾ ਤੇ ਰਾਮਪੁਰ ਵੱਲੋਂ ਜੇਤੂ ਸ਼ੂਰੁਆਤ

ਲੁਧਿਆਣਾ, 13 ਮਈ (ਜਗਰੂਪ ਸਿੰਘ ਜਰਖੜ)-ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਖੇਡ ਵਿਭਾਗ ਅਤੇ ਹਾਕੀ  ਇੰਡੀਆ ਦੇ ਸਹਿਯੋਗ ਨਾਲ 8ਵਾਂ ਓਲੰਪੀਅਨ ਪਿ੍ਰਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ ਟੂਰਨਾਮੈਂਟ ਬੀਤੀ ਰਾਤ ਬਰਸਾਤੀ ਮੌਸਮ ਹੋਣ ਦੇ ਬਾਵਜੂਦ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਟੂਰਨਾਮੈਂਟ ਵਿਚ ਸੀਨੀਅਰ ਅਤੇ ਜੂਨੀਅਰ ਵਰਗ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ਦੇ ਮੈਦਾਨ ਉਤੇ  ਫਲੱਡ ਲਾਈਟਾਂ ਦੀ ਰੌਸ਼ਨੀ ‘ਚ ਖੇਡੇ ਗਏ। ਪਹਿਲੇ ਮੈਚਾਂ ਵਿਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ, ਅਤੇ ਨੀਟ੍ਹਾ ਕਲੱਬ ਰਾਮਪੁਰ ਨੇ ਆਪਣੀ ਜੇਤੂ ਮੁਹਿੰਮ ਦਾ ਆਗਾਜ਼ ਕੀਤਾ। ਗਰੇਵਾਲ ਕਲੱਬ ਕਿਲ੍ਹਾ ਰਾਏੋੁਰ ਨੇ ਮਾਸਟਰ ਰਾਮ ਸਿੰਘ ਕਲੱਬ ਚਚਰਾੜੀ (ਜਗਰਾਉਂ) ਨੂੰ 8-5 ਨਾਲ ਹਰਾਇਆ। ਅੱਧੇ ਸਮੇਂ ਤਕ ਦੋਵੇਂ ਟੀਮਾਂ 3-3 ’ਤੇ ਬਰਾਬਰ ਸਨ। ਕਿਲ੍ਹਾ ਰਾਏਪੁਰ ਦੀ ਜਿੱਤ ਦਾ ਮੁੱਖ ਹੀਰੋ ਨਵਜੋਤ ਸਿੰਘ ਰਿਹਾ। ਜਿਸਨੇ ਦੂਸਰੇ ਅੱਧ ਵਿਚ ਉਪਰੋਥਲੀ 5 ਗੋਲ ਕਰਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਕਿਲ੍ਹਾ ਰਾਏਪੁਰ ਵੱਲੋਂ ਨਵਜੋਤ ਸਿੰਘ ਨੇ 5, ਸੰਦੀਪ ਸਿੰਘ, ਸਤਵਿੰਦਰ ਸਿੰਘ ਅਤੇ ਸਤਵੀਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਜਗਰਾਉਂ ਵੱਲੋਂ ਗੁਰਵਿੰਦਰ ਸਿੰਘ ਨੇ 2, ਗੁਰਕਰਨ ਸਿੰਘ ਅਮਨਦੀਪ ਸਿੰਘ, ਤਨਵੀਰ ਸਿੰਘ ਨੇ 1-1 ਗੋਲ ਕੀਤਾ। ਅੱਜ ਦੇ ਦੂਸਰੇ ਮੁਕਾਬਲੇ ਵਿਚ ਨੀਟ੍ਹਾ ਕਲੱਬ ਰਾਮਪੁਰ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 9-4 ਦੀ ਕਰਾਰੀ ਮਾਤ ਦਿੱਤੀ। ਅੱਧੇ ਸਮੇਂ ਤਕ ਮੁਕਾਬਲਾ 3-3 ਦੇ ਬਰਾਬਰ ਸੀ। ਮੈਚ ਦੇ ਆਖਰੀ ਕੁਆਟਰ ਵਿਚ ਸੁਨਾਮ ਦਾ ਕਿਲ੍ਹਾ ਢਹਿ ਢੇਰੀ ਹੋਇਆ ਜਿਸ ਨਾਲ ਰਾਮਪੁਰ ਨੂੰ ਵੱਡੀ ਜਿੱਤ ਮਿਲੀ। ਜੇਤੂ ਟੀਮ ਵੱਲੋਂ ਲਵਜੀਤ ਸਿੰਘ ਨੇ 4 , ਰਵੀਦੀਪ ਤੇ ਰਵਿੰਦਰ ਨੇ 2-2, ਰਜਿੰਦਰ ਸਿੰਘ ਨੇ 1 ਗੋਲ ਕੀਤਾਸੁਨਾਮ ਵਲੋਂ ਸੰਜੇ ਅਤੇ ਗੁਰਪ੍ਰੀਤ ਨੇ 2-2 ਗੋਲ ਕੀਤੇ। ਖੇਡੇ ਗਏ ਆਖਰੀ ਮੈਚ ਵਿਚ ਗੁਰੂ ਗੋਬਿੰਦ ਸਿੰਘ ਕਲੱਬ ਮੋਗਾ ਨੇ ਯੰਗ ਸਪੋਰਟਸ ਕਲੱਬ ਸਮਰਾਲਾ ਨੂੰ 5-3 ਨਾਲ ਹਰਾਇਆ। ਅੱਧੇ ਸਮੇਂ ਤਕ 1-0 ਨਾਲ ਅੱਗੇ ਸੀ।

ਅੱਜ ਦੇ ਉਦਘਾਟਨੀ ਸਮਾਰੋਹ ਦੌਰਾਨ ਇਕਬਾਲ ਸਿੰਘ ਸੰਧੂ ਏ.ਡੀ.ਸੀ (ਜਨਰਲ) ਲੁਧਿ. ਨੇ ਮੁੱਖ ਮਹਿਮਾਨ ਵਜੋਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਅਤੇ ਉਦਘਾਟਨੀ ਮੈਚ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਕਰਦਿਆਂ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਅਤੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਰਖੜ ਅਕੈਡਮੀ ਖੇਡਾਂ ਕਾਸ ਕਰਕੇ ਹਾਕੀ ਦੀ ਉੱਤਮ ਸੇਵਾ ਕਰਕੇ ਪੂਰੇ ਮੁਲਕ ਵਿਚ ਨਾਮਣਾ ਖੱਟ ਰਹੀ ਹੈ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਰਖੜ ਸਟੇਡੀਅਮ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਇਸ ਮੌਕੇ ਜਰਖੜ ਕਲੱਬ ਦੇ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ (ਏ.ਆਈ.ਜੀ) ਇੰਟੈਲੀਜੈਂਸੀ ਫਿਰੋਜ਼ਪੁਰ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਤੇ ਖਿਡਾਰੀਆਂ ਨੂੰ ਜੀ ਆਇਆਂ ਆਖਿਆ। ਦੂਸਰੇ ਮੈਚ ਦੀਆਂ ਟੀਮਾਂ ਨਾਲ ਨਰਿੰਦਪਾਲ ਸਿੰਘ ਸਿੱਧੂ (ਪੀ.ਪੀ.ਐਸ) ਨੇ ਟੀਮਾਂ ਨਾਲ ਜਾਣਾ ਪਹਿਚਾਣ ਕੀਤੀ। ਇਸ ਮੌਕੇ ਜਰਖੜ ਅਕੈਡਮੀ ਦੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਨੀਟੂ, ਰਣਜੀਤ ਸਿੰਘ ਦੁਲੇਂਅ, ਤੇਜਿੰਦਰ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਅਜੀਤ ਸਿੰਘ ਲਾਦੀਆਂ, ਪਹਿਲਵਾਨ ਹਰਮੇਲ ਸਿੰਘ, ਡਾ. ਕੁਲਬੀਰ ਸਿੰਘ ਧਮੋਟ, ਮੋਹਨ ਸਿੰਘ ਗਿੱਲ ਕੁੱਕੂ ਧਮੋਟ, ਬਾਬਾ ਰੁਲਦਾ ਸਿੰਘ, ਸਿਮਰਜੀਤ ਸਿੰਘ ਢਿੱਲੋਂ, ਗੁਰਸਤਿੰਦਰ ਸਿੰਘ ਪਰਗਟ, ਗੁਰਦੀਪ ਸਿੰਘ ਕਿਲ੍ਹਾ ਰਾਏਪੁਰ, ਪ੍ਰੇਮ ਸਿੰਘ ਰਾਮਪੁਰ, ਆਦਿ ਖੇਡ ਜਗਤ ਦੀਆਂ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ। ਇਸ ਹਾਕੀ ਫੈਸਟੀਵਲ ਦੇ ਸਾਰੇ ਮੇਚ ਸ਼ਨਿਚਰਵਾਰ ਤੇ ਐਤਵਾਰ ਨੂੰ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਹੋਣਗੇ ਜਦਕਿ ਫਾਈਨਲ ਮੁਕਾਬਲਾ 3 ਜੂਨ ਨੂੰ ਖੇਡਿਆ ਜਾਵੇਗਾ।