ਪੰਜਾਬ ਸਰਕਾਰ ਵਲੋਂ ਮਈ ’ਚ ਕਰਜ਼ਾ ਰਾਹਤ ਵਾਸਤੇ 3.26 ਲੱਖ ਸੀਮਾਂਤ ਕਿਸਾਨਾਂ ਦੀ ਸ਼ਨਾਖਤ ,31 ਅਕਤੂਬਰ ਤੱਕ ਬੈਂਕ ਕਰਜ਼ੇ ਨਾਲ ਸਬੰਧਤ ਕਿਸਾਨਾਂ ਲਈ ਸਕੀਮ ਅਮਲ ਵਿਚ ਲਿਆਉਣ ਦਾ ਭਰੋਸਾ

ਚੰਡੀਗੜ, 10 ਮਈ: (ਜਸ਼ਨ): ਇਸ ਸਾਲ ਨਵੰਬਰ ਤੋਂ ਪਹਿਲਾਂ 10.25 ਲੱਖ ਕਿਸਾਨਾਂ ਨੂੰ ਖੇਤੀ ਕਰਜ਼ਾ ਮੁਆਫੀ ਦੀ ਸਮੁੱਚੀ ਪ੍ਰਕਿਰਅਿਾ ਹੇਠ ਲਿਆਉਣ ਦੀਆਂ ਕੋਸ਼ਿਸਾਂ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਮਈ ਮਹੀਨੇ ਵਿੱਚ ਕਿਸਾਨਾਂ ਨੂੰ ਕਰਜ਼ਾ ਰਾਹਤ ਦੇਣ ਦੇ ਵਾਸਤੇ 3.26 ਲੱਖ ਸੀਮਾਂਤ ਕਿਸਾਨਾਂ ਦੀ ਸ਼ਨਾਖਤ ਕਰ ਲਈ ਹੈ। ਇਸ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਕਿਸਾਨਾਂ ਦਾ ਕਰਜ਼ਾ ਮੁਆਫੀ ਵਾਸਤੇ ਸ਼ਨਾਖਤ ਕੀਤੇ ਲਾਭਪਾਤਰੀਆਂ ਨੂੰ ਤੇਜ਼ੀ ਨਾਲ ਰਾਹਤ ਮੁਹਈਆ ਕਰਵਾਉਣ ਲਈ ਤਹਿਸੀਲ ਪੱਧਰ ’ਤੇ ਸਮਾਰੋਹ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਤਹਿਸੀਲ ਪੱਧਰੀ ਸਮਾਰੋਹਾਂ ਦੌਰਾਨ ਮੰਤਰੀ ਅਤੇ ਵਿਧਾਇਕ ਲਾਭਪਾਤਰੀਆਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਤਕਸੀਮ ਕਰਨਗੇ। 
    ਮੁੱਖ ਮੰਤਰੀ ਨੇ ਕਿਹਾ ਕਿ ਜਿਨਾਂ ਕਿਸਾਨਾਂ ਨੇ ਜਨਤਕ ਸੈਕਟਰ ਅਤੇ ਵਪਾਰਕ ਬੈਂਕਾਂ ਤੋਂ ਕਰਜ਼ੇ ਲਏ ਹਨ ਉਨਾਂ ਨੂੰ ਅਗਲੇ ਪੜਾਅ ਦੌਰਾਨ ਇਸ ਸਕੀਮ ਹੇਠ ਲਿਆਂਦਾ ਜਾਵੇਗਾ। ਵਿੱਤ ਵਿਭਾਗ ਰਾਜ ਪੱਧਰੀ ਬੈਂਕਰ ਕਮੇਟੀਆਂ ਦੇ ਨਾਲ ਮੀਟਿੰਗਾਂ ਕਰ ਰਿਹਾ ਹੈ ਤਾਂ ਜੋ ਇਨਾਂ ਬੈਂਕਾਂ ਤੋਂ ਅੰਕੜੇ ਪ੍ਰਾਪਤ ਕਰਕੇ ਯੋਗ ਕਿਸਾਨਾਂ ਦਾ ਪਤਾ ਲਗਾਇਆ ਜਾ ਸਕੇ। ਉਨਾਂ ਕਿਹਾ ਕਿ ਡਾਟਾ ਪ੍ਰਾਪਤ ਹੋਣ ਤੋਂ ਬਾਅਦ ਕਰਜ਼ੇ ਦੀ ਰਾਸ਼ੀ ਇਨਾਂ ਬੈਂਕਾਂ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ 31 ਅਕਤੂਬਰ, 2018 ਤੱਕ ਇਸ ਸਕੀਮ ਦੀ ਪੂਰੀ ਤਰਾਂ ਸ਼ੁਰੂਆਤ ਕਰਨ ਲਈ ਵਚਨਬੱਧ ਹੈ। 
    ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਦੱਸਿਆ ਕਿ ਸਹਿਕਾਰੀ ਸੰਸਥਾਵਾਂ ਤੋਂ ਕਰਜ਼ਾ ਲੈਣ ਵਾਲੇ 2.02 ਲੱਖ ਸੀਮਾਂਤ ਕਿਸਾਨਾਂ ਨੂੰ ਕਰਜ਼ਾ ਰਾਹਤ ਮੁਹਈਆ ਕਰਵਾ ਦਿੱਤੀ ਹੈ ਜਿਸ ਦੀ ਰਾਸ਼ੀ 999.97 ਲੱਖ ਬਣਦੀ ਹੈ। ਇਹ ਰਾਸ਼ੀ ਪਿਛਲੇ ਸਾਲ 17 ਅਕਤੂਬਰ ਨੂੰ ਸਰਕਾਰ ਵਲੋਂ ਨੋਟੀਫਾਈ ਕੀਤੀ ਸਕੀਮ ਹੇਠ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਦਾ ਹੋਰ ਸੁਧਾਰਨੀਕਰਨ ਕਰਨ ਵਾਸਤੇ ਸਰਕਾਰ ਨੇ 16 ਫਰਵਰੀ, 2018 ਨੂੰ ਇਕ ਹੋਰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਜੋ ਕਿਸਾਨਾਂ ਦੀ ਮੌਤ ਹੋਣ, ਐਨ ਆਰ ਆਈ ਕੇਸਾਂ ਅਤੇ ਆਧਾਰ ਕਾਰਡ ਨਾ ਹੋਣ ਵਾਲੇ ਕਿਸਾਨਾਂ ਨੂੰ ਕਰਜ਼ਾ ਰਾਹਤ ਦੀ ਸੁਵਿਧਾ ਮੁਹਈਆ ਕਰਵਾਈ ਜਾ ਸਕੇ। ਉਨਾਂ ਕਿਹਾ ਕਿ ਸਬੰਧਤ ਐਸ ਡੀ ਐਮ ਦੀ ਨਿਗਰਾਨੀ ਹੇਠ ਇਕ ਕਮੇਟੀ ਵਲੋਂ ਹੁਣ ਇਸ ਤਰਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। 
    ਮੁੱਖ ਮੰਤਰੀ ਨੇ ਦੋਹਰਾਇਆ ਕਿ ਵਿੱਤੀ ਸਮੱਸਿਆਵਾਂ ਦੇ ਬਾਵਜੂਦ ਉਨਾਂ ਦੀ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਕਿਸਾਨਾਂ ਦਾ ਬੋਝ ਘਟਾਉਣ ਵਾਸਤੇ ਰਾਹਤ ਦੇਣ ਲਈ ਢੁੱਕਵੇ ਫੰਡਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ