ਕੋਟ ਈਸੇ ਖਾਂ ਨਗਰ ਪੰਚਾਇਤ ਚੋਣਾਂ ਲਈ 9 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ

ਧਰਮਕੋਟ, 14 ਮਈ-(ਹਰਦੀਪ ਸਿੰਘ )
ਨਗਰ ਪੰਚਾਇਤ ਕੋਟ ਈਸੇ ਖਾਂ ਦੀ ਚੋਣ ਪ੍ਰਕਿਰਿਆ ਲੰਘੇ ਕੱਲ੍ਹ ਤੋਂ ਸ਼ੁਰੂ ਹੋ ਗਈ ਸੀ। ਇਨ੍ਹਾਂ ਚੋਣਾਂ ਲਈ ਕੱਲ੍ਹ ਤਿੰਨ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਸਨ। ਜਿਨ੍ਹਾਂ ਵਿੱਚੋਂ ਦੋ ਉਮੀਦਵਾਰ ਅਕਾਲੀ ਦਲ ਨਾਲ ਸਬੰਧਤ ਅਤੇ ਇੱਕ ਆਜ਼ਾਦ ਉਮੀਦਵਾਰ ਸ਼ਾਮਲ ਸੀ।ਇਸੇ ਤਰ੍ਹਾਂ ਹੀ ਅੱਜ ਕੁਲ 6 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ ਹਨ। ਜਿਨ੍ਹਾਂ ਵਿੱਚੋਂ 4 ਅਕਾਲੀ ਅਤੇ ਦੋ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਰੇ ਹਨ। ਚੋਣ ਅਧਿਕਾਰੀ ਕਮ ਐਸਡੀਐਮ ਗੁਰਵਿੰਦਰ ਸਿੰਘ ਜੌਹਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੋਟ ਈਸੇ ਖਾਂ ਦੇ ਵਾਰਡ ਨੰਬਰ ਦੋ ਤੋਂ 1, ਤਿੰਨ ਨੰਬਰ ਵਾਰਡ ਤੋਂ 1,ਛੇ ਨੰਬਰ ਵਾਰਡ ਤੋਂ 2, ਅੱਠ ਨੰਬਰ ਵਾਰਡ ਤੋਂ 1,ਦਸ ਨੰਬਰ ਵਾਰਡ ਤੋਂ 2, ਗਿਆਰਾਂ ਨੰਬਰ ਵਾਰਡ ਤੋਂ 1 ਅਤੇ ਬਾਰ੍ਹਾਂ ਨੰਬਰ ਵਾਰਡ ਤੋਂ 1 ਉਮੀਦਵਾਰ ਨੇ ਆਪਣੇ ਨਾਂਮ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੁੱਚੀ ਚੋਣ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਕਾਗਜ਼ ਭਰਨ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।


