ਵਰਲਡ ਕੈਂਸਰ ਕੇਅਰ ਨੇ ਮੋਗਾ ਵਿਖੇ ਲਗਾਇਆਂ ਵਿਸ਼ਾਲ ਕੈਂਸਰ ਜਾਂਚ ਮੇਲਾ,1753 ਮਰੀਜ਼ਾਂ ਦੀ ਕੀਤੀ ਜਾਂਚ
ਪੰਜਾਬ ਨੂੰ ਜਾਅਲੀ ਕਰੰਸੀ, ਨਸ਼ਾ ਜਿਹੀਆਂ ਅਲਾਮਤਾਂ ਮਗਰੋਂ ਹੁਣ ਬਿਮਾਰੀਆਂ ਨੇ ਘੇਰਿਆ- ਪਦਮ ਸ੍ਰੀ ਵਿਜੇ ਚੋਪੜਾ
ਮੋਗਾ,16 ਨਵੰਬਰ (ਜਸ਼ਨ)-ਵਿਸ਼ਵ ਭਰ ਵਿਚ ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਸਬੰਧੀ ਹਰ ਵਿਅਕਤੀ ਨੂੰ ਜਾਗਰੂਕ ਕਰਨ ਲਈ ਵੱਡਾ ਜੱਹਾਦ ਛੇੜਨ ਵਾਲੇ ’ਵਰਲਡ ਕੈਂਸਰ ਕੇਅਰ’ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵਲੋਂ ਅੱਜ ਆਪਣੀ ਮਾਤਾ ਸਰਦਾਰਨੀ ਸੁਖਚਰਨ ਕੌਰ ਦੀ ਯਾਦ ਵਿਚ ਮਾਲਵਾ ਖਿੱਤੇ ਦਾ ਵਿਸ਼ਾਲ ਕੈਂਸਰ ਜਾਂਚ ਮੇਲਾ ਮੋਗਾ ਦੇ ਵਿੰਡਸਰ ਗਾਰਡਨ ਵਿਖੇ ਲਗਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਕੇਸਰੀ ਪੱਤਰ ਸਮੂੰਹ ਦੇ ਮੁੱਖ ਸੰਪਾਦਕ ਪਦਮ ਸ੍ਰੀ ਵਿਜੇ ਚੋਪੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਵਿਸ਼ਵ ਦੇ ਵਿਕਸਤ ਮੁਲਕਾਂ ਇੰਗਲੈਡ, ਕੈਨੇਡਾ ਅਤੇ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਵਿਚ ਵੀ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਲੋਕਾਂ ਦੀ ਗਿਣਤੀ ਬਹੁਤ ਹੈ, ਪ੍ਰੰਤੂ ਉੱਥੇ ਜਾਗਰੂਕਤਾ ਕਰਕੇ ਮੌਤ ਦਰ ਘੱਟ ਹੈ। ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਰਤ ਵਿਚ ਬਿਮਾਰੀ ਤੋਂ ਪੀੜਿਤ ਲੋਕ ਨੂੰ ਜਾਗਰੂਕਤਾ ਦੀ ਘਾਟ ਕਰਕੇ 70 ਫੀਸਦੀ ਤੀਜੀ ਸਟੇਜ ’ਤੇ ਪਤਾ ਲੱਗਦਾ ਹੈ ਜਿਸ ਤੋਂ ਬਾਅਦ ਮਰੀਜ਼ ਦੀ ਜ਼ਿੰਦਗੀ ਬਚ ਨਹੀਂ ਸਕਦੀ।
ਉਨਾਂ ਕਿਹਾ ਕਿ ਹੁਣ ਤੱਕ ਵਰਲਡ ਕੈਂਸਰ ਕੇਅਰ ਵਲੋਂ 8200 ਤੋਂ ਉੱਪਰ ਪਿੰਡਾਂ ਵਿਚ ਚੈੱਕ-ਅੱਪ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਅਗਲੇ ਤਿੰਨ ਵਰਿਆਂ ਵਿਚ 1500 ਕੈਂਪ ਲਗਾਉਣ ਦਾ ਹੋਰ ਟੀਚਾ ਮਿਥਿਆ ਹੈ। ਲੋਕ ਸਭਾ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੇ ਸੰਸਥਾ ਦੇ ਇਸ ਕੰਮ ਨੂੰ ਨੇਕ ਕੰਮ ਦੱਸਦਿਆਂ ਕਿਹਾ ਕਿ ਮਾਲਵਾ ਖਿੱਤੇ ਵਿਚ ਇਸ ਬਿਮਾਰੀ ਤੋਂ ਪੀੜਿਤਾਂ ਦੀ ਗਿਣਤੀ ਜ਼ਿਆਦਾ ਹੈ। ਉਨਾਂ ਸੰਸਥਾ ਦੇ ਉੱਦਮ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ। ਸਮਾਗਮ ਦੇ ਮੁੱਖ ਮਹਿਮਾਨ ਪਦਮ ਸ੍ਰੀ ਵਿਜੇ ਚੋਪੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚੋਂ ਹਰਿਆਣਾ ਅਤੇ ਹਿਮਾਚਲ ਦੀ ਵੰਡ ਮਗਰੋਂ ਲੰਮੀ ਸਰਹੱਦ ਨਿੱਕੇ ਜਿਹੇ ਪੰਜਾਬ ਕੋਲ ਬਚੀ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਜਾਅਲੀ ਕਰੰਸੀ, ਨਸ਼ਾ ਅਤੇ ਹੋਰ ਅਲਾਮਤਾਂ ਦੇ ਨਾਲ- ਨਾਲ ਭਿਆਨਕ ਬਿਮਾਰੀਆਂ ਨੇ ਘੇਰ ਲਿਆ ਹੈ। ਉਨਾਂ ਕਿਹਾ ਕਿ ਚੁਣੌਤੀਆਂ ’ਚ ਘਿਰੇ ਪੰਜਾਬ ਲਈ ਸ੍ਰੀ ਧਾਲੀਵਾਲ ਦੀ ਅਗਵਾਈ ਹੇਠ ਵਰਲਡ ਕੈਂਸਰ ਕੇਅਰ ਜੋ ਉਪਰਾਲੇ ਕਰ ਰਹੀ ਹੈ, ਉਹ ਕਾਬਲੇ ਤਾਰੀਫ਼ ਹਨ। ਇਸ ਮੌਕੇ 1753 ਮਰੀਜ਼ਾ ਜਿੰਨਾਂ ਵਿਚ 813 ਮਰਦਾਂ ਅਤੇ 940 ਔਰਤਾਂ ਦੇ ਕੈਂਸਰ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਦੀ ਜਾਂਚ ਦੇ ਨਾਲ- ਨਾਲ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਕੈਂਪ ਇੰਚਾਰਜ਼ ਦਵਿੰਦਰਪਾਲ ਸਿੰਘ ਰਿੰਪੀ, ਪੰਜਾਬ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਮੈਂਬਰ ਲੋਕ ਸਭਾ ਪ੍ਰੋ. ਸਾਧੂ ਸਿੰਘ, ਵਿਧਾਇਕ ਡਾ. ਹਰਜੋਤ ਕਮਲ ਦੀ ਧਰਮ ਪਤਨੀ ਡਾ. ਰਜਿੰਦਰ ਕਮਲ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸੰਤ ਸਿੰਘ ਧਾਲੀਵਾਲ, ਸ਼ਹਿਰੀ ਕਾਂਗਰਸ ਪ੍ਰਧਾਨ ਵਿਨੋਦ ਬਾਂਸਲ ,ਈ. ਟੀ. ਟੀ. ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਬਾਘਾਪੁਰਾਣਾ, ਆਮ ਆਦਮੀ ਪਾਰਟੀ ਦੇ ਯੂਥ ਆਗੂ ਜਗਦੀਪ ਸਿੰਘ ਜੈਮਲਵਾਲਾ, ਆਈ. ਐਸ. ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਡਾ. ਪਵਨ ਥਾਪਰ, ਰੀਜ਼ਨ ਚੇਅਰਮੈਨ ਲਾਇਨ ਡਾ. ਪਵਨ ਗਰੋਵਰ, ਲਾਇਨਜ਼ ਕਲੱਬ ਮੋਗਾ ਵਿਸ਼ਾਲ ਦੇ ਪ੍ਰਧਾਨ ਅਵਿਨਾਸ਼ ਗੁਪਤਾ, ਲਾਇਨ ਰਾਕੇਸ਼ ਜੈਸਵਾਲ, ਲਾਇਨ ਸੁਭਾਸ਼ ਪਲਤਾ, ਲਾਇਨ ਦੀਪਇੰਦਰ ਸਿੰਘ ਸੰਧੂ, ਲਾਇਨ ਅਸ਼ਵਨੀ ਮਨੀਆ, ਕਾਕਾ ਬਰਾੜ ਚੇਅਰਮੈਨ, ਰਾਮਪਾਲ ਧਵਨ, ਐਸ. ਕੇ. ਬਾਂਸਲ, ਲਾਇਨ ਪੰਕਜ ਵਰਮਾ, ਬੂਟਾ ਸਿੰਘ ਦੌਲਤਪੁਰਾ, ਅਸ਼ੋਕ ਕਥੂਰੀਆ ਜ਼ੀਰਾ, ਭਾਵਾਦਸ ਆਗੂ ਨਰੇਸ਼ ਬੋਹਤ, ਨਵੀਨ ਕਲਾ ਮੰਦਿਰ ਦੇ ਪ੍ਰਧਾਨ ਰਮੇਸ਼ ਕੁੱਕੂ, ਤਰੁਨ ਸਿੰਗਲਾ, ਰਾਮਪਾਲ ਧਵਨ, ਦਵਿੰਦਰ ਅਕਾਲੀਆਂਵਾਲਾ ਤੋਂ ਇਲਾਵਾ ਵੱਡੀ ਤਾਦਾਦ ’ਚ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਕੈਂਪ ਦੌਰਾਨ ਪਦਮ ਸ੍ਰੀ ਵਿਜੇ ਚੋਪੜਾ ਵਲੋਂ ਪੰਜਾਬ ਅੰਦਰ ਪਹਿਲੀ ਮੋਬਾਈਲ ’ਬੋਨ ਕੈਂਸਰ ਜਾਂਚ’ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਕੈਂਸਰ ਪੀੜਤਾ ਨੂੰ ਕਿੱਥੋਂ-ਕਿੱਥੋਂ ਮਿਲਦੀ ਵਿੱਤੀ ਸਹਾਇਤਾ
ਕੈਂਸਰ ਪੀੜਤਾ ਨੂੰ ਪੰਜਾਬ ਸਰਕਾਰ ਵਲੋਂ ਡੇਢ ਲੱਖ ਰੁਪਏ, ਸ਼੍ਰੋਮਣੀ ਕਮੇਟੀ ਵਲੋਂ 20 ਹਜ਼ਾਰ ਅਤੇ ਕੇਂਦਰ ਸਰਕਾਰ ਵਲੋਂ ਸਾਢੇ 4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਵਲੋਂ ਇਹ ਸਹਾਇਤਾ ਰਾਸ਼ੀ ਸੁਰੂ ਕਰਵਾਈ ਸੀ, ਜਦੋਂਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੇ ਕੈਂਸਰ ਪੀੜਤਾ ਲਈ ਸਾਢੇ 4 ਲੱਖ ਦੀ ਮਾਲੀ ਸਹਾਇਤਾ ਸ਼ੁਰੂ ਕਰਵਾਈ ਸੀ।