ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਂ ਦਾ ਨਹੀਂ ਕੋਈ ਅੰਤ ,25 ਸਾਲ ਪਹਿਲਾਂ ਪੁਲਿਸ ਵੱਲੋਂ ਚੁੱਕੇ ਧੰਨਾ ਸਿੰਘ ਦੀ ਅੱਜ ਵੀ ਉਡੀਕ ਹੈ ਪਰਿਵਾਰ ਨੂੰ
ਬਰਨਾਲਾ,11 ਨਵੰਬਰ (ਹਰਪ੍ਰੀਤ ਕੌਰ ਘੁੰਨਸ) ਪੰਜਾਬ ਦੇ ਕਾਲੇ ਦਿਨਾਂ ਦੀ ਦਾਸਤਾਂ ਦਾ ਕੋਈ ਅੰਤ ਨਹੀਂ ਅਤੇ ਅਜਿਹੀ ਹੀ ਹੱਡਬੀਤੀ ਹੈ ਬਰਨਾਲਾ ਜ਼ਿਲੇ ਦੇ ਪਿੰਡ ਘੰੁਨਸ ਦੀ ਜਿੱਥੇ 25 ਸਾਲ ਪਹਿਲਾਂ ਪੁਲਿਸ ਵੱਲੋਂ ਚੁੱਕੇ ਵਿਅਕਤੀ ਧੰਨਾ ਸਿੰਘ ਦੀ ਅੱਜ ਵੀ ਉਸ ਦੇ ਪਰਿਵਾਰ ਨੂੰ ਉਡੀਕ ਹੈ । ਦਰਅਸਲ ਬਰਨਾਲਾ ਜ਼ਿਲੇ ਦੇ ਘੁੰਨਸ ਪਿੰਡ ਵਿੱਚ ਧੰਨਾ ਸਿੰਘ ਨਾਮ ਦਾ ਮਿਹਨਤੀ ਕਿਸਾਨ ਆਪਣੀ ਪਤਨੀ ਨਾਲ ਰਹਿੰਦਾ ਸੀ। ਧੰਨਾ ਸਿੰਘ ਸਾਬਤ ਸੂਰਤ ਭਾਵ ਅੰਮਿ੍ਰਤ ਛਕਿਆ ਹੋਣ ਕਰਕੇ ਲੋਕ ਉਸ ਨੂੰ ਗਿਆਨੀ ਕਹਿ ਕੇ ਬੁਲਾਉਂਦੇ ਸਨ। ਉਸ ਦੇ ਤਿੰਨ ਕੁ ਸਾਲ ਦੀ ਬੇਟੀ ਸੀ, ਜਿਸ ਦਾ ਮੂੰਹੋਂ ਨਿੱਕਲਿਆ ਹਰ ਬੋਲ ਪੂਰਾ ਕਰਦਾ ਸੀ। ਰੋਜ਼ਾਨਾਂ ਦੀ ਸਵੇਰ ਦੀ ਤਰਾਂ ਧੰਨਾ ਸਿੰਘ ਵੱਡੇ ਤੜਕੇ ਮੱਝ ਦੀ ਧਾਰ ਕੱਢ ਰਿਹਾ ਸੀ ਤੇ ਉਸ ਦੀ ਪਤਨੀ ਮੱਝ ਨੂੰ ਚਾਟ ਪਾ ਰਹੀ ਸੀ ਤਾਂ 12 ਨਵੰਬਰ ਸੰਨ 1992 ਨੂੰ ਅਚਾਨਕ ਉਹਨਾਂ ਦੇ ਘਰ ਪੁਲਿਸ ਆ ਧਮਕੀ। ਪੁਲਿਸ ਨੂੰ ਦੇਖ ਕੇ ਸੋਚਾਂ ਦੀ ਉਲਝਣ ਵਿੱਚ ਪਈ ਅਤੇ ਘਬਰਾਈ ਧੰਨਾ ਸਿੰਘ ਦੀ ਪਤਨੀ ਨੇ ਕਿਹਾ ਕਿ ਔਹ..। ਆਪਣੇ ਘਰ ਪੁਲਿਸ.. ਧੰਨਾ ਸਿੰਘ ਨੇ ਪਿੱਛੇ ਮੁੜ ਕੇ ਦੇਖਦਿਆਂ ਬੜੇ ਬੇਫਿਕਰੇ ਅੰਦਾਜ਼ ‘ਚ ਕਿਹਾ ਕਿ ਇਹ ਤਾਂ ਖਾੜਕੂਵਾਦ ਜੇ ਕਰਕੇ ਫਿਰਦੇ ਹੀ ਰਹਿੰਦੇ ਨੇ, ਕੋਈ ਨਾ ਮੈ ਕਰਦਾਂ ਗੱਲ। ਐਨੇ ਨੂੰ ਪੁਲਿਸ ਨੇ ਕੋਲ ਆ ਕੇ ਧੰਨਾ ਸਿੰਘ ਨੂੰ ਪੁੱਛਿਆ ‘ਹਾਂ ਬਈ ਥੋਡੇ ਧੰਨਾ ਸਿੳਂੁ ਕੌਣ ਹੈ? ਧੰਨਾ ਸਿੰਘ ਨੇ ਬੜੀ ਹੀ ਨਿਮਰਤਾ ਨਾਲ ਜਵਾਬ ਦਿੱਤਾ ‘ਜੀ ਮੈਂ ਹੀ ਹਾਂ ਧੰਨਾ, ਐਨੇ ਨੂੰ ਧੰਨੇ ਦੇ ਮਾਤਾ ਪਿਤਾ ਵੀ ਉੱਥੇ ਪਹੁੰਚ ਗਏ, ਜਦੋਂ ਨੂੰ ਉਹ ਪੁਲਿਸ ਨੂੰ ਕੁੱਝ ਪੁੱਛਦੇ, ਉਦੋਂ ਨੂੰ ਪੁਲਿਸ ਧੰਨੇ ਨੂੰ ਧੂੰਹਦੀ-ਘੜੀਸਦੀ ਹੋਈ ਜਿਪਸੀ ‘ਚ ਸੁੱਟ ਕੇ ਆਪਣੇ ਨਾਲ ਲੈ ਗਈ। ਸਾਰੇ ਪਰਿਵਾਰ ਦੇ ਦਿਲ ਵਿੱਚ ਖੌਫ਼ ਦੇ ਨਾਲ-ਨਾਲ ਇਹ ਪ੍ਰਸ਼ਨ ਚਿੰਨ ਵੀ ਬਣ ਗਿਆ ਕਿ ਸਾਡੇ ਧੰਨੇ ਨੂੰ ਪੁਲਿਸ ਕਿਸ ਜ਼ੁਰਮ ਵਿੱਚ ਚੁੱਕ ਕੇ ਲੈ ਗਈ। ਉਸੇ ਦਿਨ 10 ਕੁ ਵਜੇ ਪੁਲਿਸ ਦੀਆਂ ਕਈ ਗੱਡੀਆਂ ‘ਚ ਘਰ ਦੀ ਤਲਾਸ਼ੀ ਲੈਣ ਲਈ ਆਈਆਂ, ਤਲਾਸ਼ੀ ਲੈਣ ਦੇ ਬਾਵਜੂਦ ਘਰੋਂ ਕੁੱਝ ਵੀ ਨਾ ਬਰਾਮਦ ਹੋਇਆ, ਤਾਂ ਪੁਲਿਸ ਦੇ ਇੱਕ ਅਧਿਕਾਰੀ ਨੇ ਧੰਨੇ ਦੀ ਪਤਨੀ ਨੂੰ ਕਿਹਾ ਬੀਬੀ ਜੀ ਸਾਨੂੰ ਵੀ ਪਤਾ ਇਹ ਬੇਕਸੂਰ ਆ, ਪਰ ਅਸੀਂ ਤਾਂ ਹੁਕਮ ਦੇ ਬੱਧੇ ਹਾਂ ਸਾਨੂੰ ਤਾਂ ਜਿਵੇਂ ਕਿਹਾ ਜਾਂਦਾ ਉਵੇਂ ਕਰਨਾ ਪੈਂਦਾ ਹੈ ,ਨਾਲ ਇਹ ਵੀ ਕਿਹਾ ਕਿ ਉਹਦੇ ਲਈ ਬਿਸਤਰਾ ਰੱਖ ਦਿਉ ਗੱਡੀ ‘ਚ, ਨਹੀ ਤਾਂ ਉਹ ਠੰਡ ਨਾਲ ਹੀ ਮਰ ਜਾਊ, ਜਦੋਂ ਧੰਨੇ ਦੀ ਮਾਂ ਬਿਸਤਰਾ ਰੱਖਣ ਗਈ ਤਾਂ ਧੰਨੇ ਨੂੰ ਹੱਥ ਕੜੀਆਂ ਲੱਗੀਆਂ ਦੇਖ ਕਰਾਹ ਉੱਠੀ, ਪਰ ਪੁਲਿਸ ਤੋਂ ਡਰਦੀ ਨੇ ਪੁੱਤ ਨਾਲ ਕੋਈ ਗੱਲ ਤੱਕ ਨਾ ਕੀਤੀ। ਧੰਨੇ ਦਾ ਪਰਿਵਾਰ ਰੋਜ਼ ਪੁਲਿਸ ਕੋਲ ਜਾਂਦਾ , ਤੇ ਤਰਲੇ ਮਿੰਨਤਾਂ ਕਰਦਾ ਪਰ ਖਾਲੀ ਹੱਥ ਮੁੜ ਆਉਂਦਾ। ਇੱਕ ਦਿਨ ਪੁਲਿਸ ਕੋਲ ਗਏ ਧੰਨੇ ਦੇ ਪਰਿਵਾਰ ਨੂੰ ਇੱਕ ਪੁਲਿਸ ਵਾਲੇ ਨੇ ਕਿਹਾ ਤੁਸੀ ਕੱਲ ਨੂੰ 20 ਹਜ਼ਾਰ ਰੂਪੈ ਲੈ ਕੇ ਤੇ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਆ ਜਾਇਉ, ਤੇ ਧੰਨੇ ਨੂੰ ਛੁਡਾ ਕੇ ਲੈ ਜਾਇਉ। ਦੂਜੇ ਦਿਨ ਪੁਲਿਸ ਦੇ ਕਹੇ ਮੁਤਾਬਿਕ 20 ਹਜ਼ਾਰ ਰੂਪੈ ਅਤੇ ਪੰਚਾਇਤ ਲੈ ਕੇ ਜਦ ਧੰਨੇ ਦਾ ਪਰਿਵਾਰ ਪੁਲਿਸ ਕੋਲ ਗਿਆ ਤਾਂ ਉਹਨਾਂ ਕਿਹਾ ਕਿ ਧੰਨੇ ਨੂੰ ਤਾਂ ਅੱਗੇ ਤੋਰ ਦਿੱਤੈ, ਹੁਣ ਸਾਡੇ ਹੱਥ ਕੁੱਝ ਨਹੀਂ, ਸਾਰੇ ਨਿਰਾਸ਼ ਹੋ ਕੇ ਘਰ ਵਾਪਿਸ ਮੁੜ ਆਏ। ਜਦੋਂ ਧੰਨੇ ਦਾ ਪਿਤਾ ਦੁਬਾਰਾ ਪੁਲਿਸ ਕੋਲ ਜਾ ਕੇ ਤਰਲੇ ਪਾਉਣ ਲੱਗਿਆ,ਤਾਂ ਵੀ ਇਹ ਤਾਂ ਦੱਸ ਦਿਉ ਕਿ, ਧੰਨਾ ਅੱਗੇ ਕਿੱਥੇ ਤੋਰਿਆ? ਤਾਂ ਪੁਲਿਸ ਸਾਫ ਮੁੱਕਰ ਗਈ ਤੇ ਕਿਹਾ ਕਿ ਅਸੀਂ ਤਾਂ ਧੰਨਾ ਨਾਮ ਦਾ ਕੋਈ ਬੰਦਾ ਚੁੱਕਿਆ ਹੀ ਨਹੀਂ। ਉਧਰ ਧੰਨੇ ਦੀ ਪਤਨੀ ਨੇ ਧੰਨੇ ਦੇ ਪੁਲਿਸ ਦੁਆਰਾ ਚੁੱਕੇ ਜਾਣ ਤੋਂ 17 ਦਿਨ ਬਾਅਦ ਜੌੜੀਆਂ ਕੁੜੀਆਂ ਨੂੰ ਜਨਮ ਦਿੱਤਾ, ਜੋ ਪਹਿਲਾਂ ਵੀ ਇੱਕ ਧੀ ਦੀ ਮਾਂ ਸੀ। ਧੰਨੇ ਦੇ ਪਰਿਵਾਰ ਤੇ ਜਿਵੇਂ ਮੁਸੀਬਤਾਂ ਦਾ ਪਹਾੜ ਹੀ ਡਿੱਗ ਪਿਆ, ਕਹਿੰਦੇ ਨੇ ਜਦੋਂ ਮੁਸੀਬਤ ਆਉਦੀਂ ਹੈ ਤਾਂ ਚਾਰੇ ਪਾਸਿਓਂ ਆਉਂਦੀ ਹੈ। ਪਰਿਵਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਧੰਨੇ ਦਾ ਕੋਈ ਥਹੁ ਪਤਾ ਨਾ ਲੱਗਿਆ। ਕੋਈ ਮਰ ਜਾਵੇ ਤਾਂ ਬੰਦਾ ਰੋ ਕੇ ਦਿਲ ਸਮਝਾ ਲੈਂਦਾ, ਪਰ ਜਿਸ ਦੇ ਜਿਉਣ ਮਰਨ ਦੀ ਵੀ ਕੋਈ ਖਬਰ ਨਾਂ ਹੋਵੇ, ਉਸ ਦਾ ਪਰਿਵਾਰ ਕਿਵੇਂ ਸਬਰ ਕਰੇ ਸਮਝੋ ਬਾਹਰ ਹੈ? ਚਾਨਣ ਵੰਡਣ ਵਾਲੀ ਸਵੇਰ 12 ਨਵੰਬਰ ਧੰਨੇ ਤੇ ਉਸ ਦੇ ਪਰਿਵਾਰ ਲਈ ਕਾਲੀ ਸਵੇਰ ਬਣ ਕੇ ਚੜੀ, ਜੋ ਸਦਾ ਲਈ ਉਹਨਾਂ ਦੀ ਜ਼ਿੰਦਗੀ ਦੇ ਚਾਨਣ ਨੂੰ ਖ਼ਤਮ ਕਰਕੇ ਹਨੇਰਿਆਂ ਨਾਲ ਭਰ ਗਈ। ਪੁਲਿਸ ਵਾਲਿਆਂ ਨੇ ਵੱਸਦੇ ਘਰਾਂ ਨੂੰ ਉਜਾੜ ਕੇ, ਝੂਠੇ ਮੁਕਾਬਲੇ ਬਣਾ ਕੇ ਆਪ ਤਰੱਕੀਆਂ ਤਾਂ ਪਾ ਲਈਆਂ ਪਰ ਕੋਈ ਉਸ ਮਾਂ ਪਿਉ ਦਾ ਦਰਦ ਕੀ ਜਾਣੇ ਜਿੰਨਾਂ ਦਾ ਆਪਣਾ ਜੁਆਨ ਪੁੱਤ ਖੋਹਿਆ ਗਿਆ ਹੋਵੇ। ਉਸ ਪਤਨੀ ਦਾ ਦਰਦ ਕੋਈ ਕੀ ਜਾਣੇ ਜਿਸ ਨੇ ਅਜੇ ਮਸਾਂ ਚਾਰ ਕੁ ਸਾਲ ਪਤੀ ਨਾਲ ਗੁਜ਼ਾਰੇ। ਪਤੀ ਬਿਨਾਂ ਧੀਆਂ ਦੀ ਪ੍ਰਵਰਿਸ਼ ਕਰਨਾ ਅਤੇ ਸਬਰ ਦਾ ਘੁੱਟ ਭਰ ਕੇ ਜਿਉਣਾ ਕਿੰਨਾ ਔਖਾ ਹੁੰਦਾ, ਇਹ ਉਹੋ ਹੀ ਸਮਝ ਸਕਦਾ ਜਿਸ ਨੇ ਅਜਿਹਾ ਸੰਤਾਪ ਹੰਢਾਇਆ ਹੋਵੇ। ਜਿੰਨਾਂ ਜੌੜੀਆਂ ਕੁੜੀਆਂ ਦਾ ਜਨਮ ਪਿਤਾ ਨੂੰ ਪੁਲਿਸ ਦੁਆਰਾ ਚੁੱਕੇ ਜਾਣ ਤੋਂ ਬਾਅਦ ਹੋਇਆ, ਉਹਨਾਂ ਤਾਂ ਆਪਣੇ ਪਿਤਾ ਦਾ ਚਿਹਰਾ ਤੱਕ ਨਹੀ ਦੇਖਿਆ। ਧੰਨਾ ਵੀ ਉਹਨਾਂ ਜੌੜੀਆਂ ਕੁੜੀਆਂ ਦੇ ਜਨਮ ਦੀ ਖਬਰ ਤੋਂ ਬੇਖ਼ਬਰ ਸੀ। ਇਹ ਇੱਕ ਅਜਿਹਾ ਵਿਛੋੜਾ ਸੀ ਜਿਸ ਵਿੱਚ ਕਦੇ ਮੇਲ ਨਾ ਹੋਇਆ, ਹੁਣ ਧੰਨਾ ਸਿੰਘ ਨੂੰ ਘਰੋਂ ਗਏ ਨੂੰ 25 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਉਸ ਦੇ ਪਰਿਵਾਰ ਨੂੰ ਅੱਜ ਵੀ ਉਸ ਦੇ ਵਾਪਿਸ ਆਉਣ ਦੀ ਅਜਿਹੀ ਉਡੀਕ ਹੈ ਜੋ ਨਾ ਕਦੇ ਮੁੱਕਦੀ ਹੈ ਅਤੇ ਨਾ ਹੀ ਪੂਰੀ ਹੁੰਦੀ ਹੈ,ਪਰ ਫਿਰ ਵੀ ਉਹਨਾਂ ਦਾ ਦਿਲ ਕਹਿੰਦੈ ਕਾਸ਼ ਕੋਈ ਅਜਿਹਾ ਚਮਤਕਾਰ ਹੋ ਜਾਵੇ ਕਿ ਉਹਨਾਂ ਦਾ ਧੰਨਾ ਸਿੰਘ ਘਰ ਵਾਪਿਸ ਆ ਜਾਵੇ।
ਲੇਖਿਕਾ -: ਹਰਪ੍ਰੀਤ ਕੌਰ ਘੁੰਨਸ
(97795-20194)