ਅਕਤੂਬਰ ਇਨਕਲਾਬ ਦੀ 100ਵੀਂ ਵਰੇਗੰਢ ਨੂੰ ਸਮਰਪਿਤ ਵਿਸ਼ਾਲ ਰੈਲੀ ਅਤੇ 37 ਵੀਂ ਕਾਨਫਰੰਸ ਸ਼ੁਰੂ

ਅੰਮਿ੍ਰਤਸਰ , 10 ਨਵੰਬਰ (ਪੱਤਰ ਪਰੇਰਕ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੀ 37ਵੀਂ ਚੋਣ ਕਾਨਫਰੰਸ ਸਮੇਂ ਅੰਮਿ੍ਰਤਸਰ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਅਮਿ੍ਰਤਸਰ ਦੇ ਬੱਸ ਸਟੈਂਡ ’ਚ ਹੋਈ ਇਸ ਕਾਨਫਰੰਸ ਵਿਚ ਪੰਜਾਬ ਭਰ ਦੇ 18 ਡਿਪੂਆਂ ਵਿਚ ਵਰਕਰ, ਪੈਨਸ਼ਨਰਜ਼ ਅਤੇ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਅਤੇ ਵਰਕਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਕੈਪਟਨ ਸਰਕਾਰ ਨੇ ਆਪਣੇ ਕਾਰਜਕਾਲ ਦੇ ਅੱਠ ਮਹੀਨਿਆਂ ਵਿਚ ਕਿਰਤੀ ਜਮਾਤ ਨੂੰ ਨਿਰਾਸ਼ ਹੀ ਕੀਤਾ ਹੈ, ਸਰਕਾਰ ਬਣਦਿਆਂ ਹੀ ਆਪਣੇ ਚੋਣ ਵਾਅਦਿਆਂ ਦੇ ਖਿਲਾਫ ਸਰਕਾਰੀ ਥਰਮਲ ਪਲਾਟ ਬੰਦ ਕਰਨ, 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ, ਟਰਾਂਸਪੋਰਟ ਪਾਲਿਸੀ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਹੱਕ ਦੀ ਬਣਾਉਣ, ਡੀ.ਏ. ਦੀਆਂ ਕਿਸ਼ਤਾਂ ਅਤੇ 22 ਮਹੀਨਿਆਂ ਦੇ ਬਕਾਏ ਤੋਂ ਕੋਝਾ ਜਵਾਬ ਦੇ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਕਾਲੀ ਦੀਵਾਲੀ ਮਨਾਉਣ ਦੇ ਲਈ ਮਜ਼ਬੂਰ ਕੀਤਾ। ਉਹਨਾਂ ਕਿਹਾ ਕਿ  ਪੰਜਾਬ ਦੇ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਹਨ  ਉਪਰੋਂ 12 ਪ੍ਰਤੀਸ਼ਤ ਬਿਜਲੀ ਦੇ ਰੇਟ ਅਪੈ੍ਰਲ 2017 ਤੋਂ ਵਧਾਂ ਕੇ ਬਲਦੀ ਉੱਪਰ ਤੇਲ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਆਪਣੇ ਰੋਜ਼ਗਾਰ ਦੀ ਸੁਰੱਖਿਆ ਲਈ ਆਂਗਨਵਾੜੀ ਵਰਕਰਾਂ ਵੱਲੋਂ ਪੂਰਨ ਅਮਨ ਨਾਲ ਦਿੱਤੇ ਜਾ ਰਹੇ ਧਰਨੇ ਉਪਰ ਅੱਧੀ ਰਾਤ ਨੂੰ ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਨੇ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਰੈਲੀ ਵਿਚ ਬੋਲਦਿਆਂ ਕਾਮਰੇਡ ਜਗਰੂਪ ਨੇ ਕਿਹਾ ਕਿ ਚੋਣਾਂ ਸਮੇਂ ਕੈਪਟਨ ਵੱਲੋਂ ਹਰ ਘਰ ਵਿਚ ਨੌਕਰੀ ਦੇਣ ਦੇ ਵਾਅਦੇ ਦੇ ਉਲਟ ਸਰਕਾਰੀ ਅਦਾਰਿਆਂ ਵਿਚ ਪਈਆਂ ਖਾਲੀ ਪੋਸਟਾਂ ਭਰਨ ਦੀ ਬਜਾਏ ਪਬਲਿਕ ਅਦਾਰਿਆਂ ਨੂੰ ਬੰਦ ਕਰਕੇ ਕੰਮ ਉਪਰ ਲੱਗੇ ਕਿਰਤੀਆਂ ਨੂੰ ਵੀ ਕੰਮ ਤੋਂ ਬਾਹਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨੌਕਰੀਆਂ ਦੇਣ ਦੇ ਡਰਾਮੇ ਕਰਕੇ ਰੋਜ਼ਗਾਰ ਮੇਲਿਆਂ ਵਿਚ ਉੱਚ ਸਿੱਖਿਆ ਪ੍ਰਾਪਤ ਬੇਰੋਜ਼ਗਾਰਾਂ ਦੀ ਮਜ਼ਬੂਰੀ ਦਾ ਲਾਭ ਲੈਂਦਿਆਂ ਉਨਾਂ ਨੂੰ ਨਿਗੁਣੀਆਂ ਤਨਖਾਹਾਂ ਦੇ ਲਈ ਪ੍ਰਾਈਵੇਟ ਕੰਪਨੀਆਂ ਅੱਗੇ ਪਰੋਸਿਆ ਜਾ ਰਿਹਾ ਹੈ। ਰੈਲੀ ਵਿਚ ਕਾਮਰੇਡ ਅਮਰਜੀਤ ਆਸਲ ਅਤੇ ਬਲਕਾਰ ਵਲਟੋਹਾ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਅਤੇ ਸਾਰੇ ਫੈਸਲੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਰਤੀ ਜਮਾਤ ਨੇ ਸੰਘਰਸ਼ਾਂ ਦਰਮਿਆਨ ਆਪਣੀਆਂ ਸ਼ਹਾਦਤਾਂ ਦੇ ਕੇ ਵਿਦੇਸ਼ੀ ਸਰਕਾਰ ਨੂੰ ਮਜ਼ਬੂਰ ਕਰਕੇ ਆਪਣੇ ਹੱਕ ਦੇ ਕਾਨੂੰਨ ਬਣਾਏ ਸਨ, ਜਿਨਾਂ ਕਾਨੂੰਨਾਂ ਨੂੰ ਵਿਦੇਸ਼ੀ ਕੰਪਨੀਆਂ ਦੇ ਮੁਤਾਬਿਕ ਪੁੱਠਾ ਗੇੜਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਨੋਟਬੰਦੀ ਅਤੇ ਜੀ.ਐਸ.ਟੀ. ਨੇ ਆਮ ਲੋਕਾਂ ਦਾ ਜਿਉਣਾ ਦੁੱਭਰ ਕਰਕੇ ਰੱਖ ਦਿੱਤਾ ਹੈ। ਮਹਿੰਗਾਈ ਸ਼ਿਖਰਾਂ ਛੋਹ ਰਹੀ ਹੈ, ਜਿਸ ਕਰਕੇ ਹਿੰਦੋਸਤਾਨ ਦੀ ਸਮੁੱਚੀ ਮਜ਼ਦੂਰ ਜਮਾਤ ਮਿਤੀ 9-10-11 ਨਵੰਬਰ ਨੂੰ ਦੇਸ਼ ਦੀ ਪਾਰਲੀਮੈਂਟ ਅੱਗੇ ਦਿੱਲੀ ਧਰਨਾ ਦੇਣ ਲਈ ਮਜ਼ਬੂਰ ਹੋਈ ਹੈ। ਅੱਜ ਦੀ ਰੈਲੀ ਵਿਚ ਜੱਥੇਬੰਦੀ ਦੇ ਪ੍ਰਧਾਨ ਕਾਮਰੇਡ ਗੁਰਦੀਪ ਮੋਤੀ ਨੇ ਜਿੱਥੇ ਕਾਮਯਾਬ ਰੈਲੀ ਦੇ ਲਈ ਆਏ ਵਰਕਰਾਂ ਦਾ ਧੰਨਵਾਦ ਕੀਤਾ, ਉੱਥੇ ਕੈਪਟਨ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਫੈਸਲਿਆਂ ਨੂੰ ਲਾਗੂ ਨਾ ਕਰਨ ਦੀ ਆਲੋਚਨਾ ਕੀਤੀ, ਜਿਸ ਕਰਕੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਰੋਡਵੇਜ਼ ਦਾ ਸਮੁੱਚਾ ਕਾਮਾ, ਪੈਨਸ਼ਨਰ ਅਤੇ ਠੇਕੇ ਅਧੀਨ ਕੰਮ ਕਰਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਦੇ ਲਈ ਸੰਘਰਸ਼ ਕਰਨ ਦੇ ਲਈ ਮਜ਼ਬੂਰ ਹੋਣਗੇ। 

ਸਟੇਜ ਦੀ ਕਾਰਵਾਈ ਜੱਥੇਬੰਦੀ ਦੇ ਜਨਰਲ ਸਕੱਤਰ ਜਗਦੀਸ਼ ਚਾਹਲ ਨੇ ਨਿਭਾਈ। ਅੱਜ ਦੀ ਰੈਲੀ ਵਿਚ ਰੋਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਵਿੱਕੀ ਮਹੇਸਰੀ ਦੀ ਟੀਮ ਨੇ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਅੱਜ ਦੀ ਰੈਲੀ ਨੂੰ ਮੁੱਖ ਤੌਰ ’ਤੇ ਕਾਮਰੇਡ ਕੁਲਦੀਪ ਸਿੰਘ ਹੁਸ਼ਿਆਰਪੁਰ, ਗੁਰਚਰਨ ਸਿੰਘ, ਗੁਰਮੇਲ ਸਿੰਘ, ਬਲਕਰਨ ਮੋਗਾ ਅਤੇ ਬਲਦੇਵ ਸਿੰਘ ਬੱਬੂ ਨੇ ਵੀ ਸੰਬੋਧਨ ਕੀਤਾ। ਰੈਲੀ ਵਿਚ ਵਿਸ਼ੇਸ਼ ਤੌਰ ’ਤੇ ਅਵਤਾਰ ਸਿੰਘ ਤਾਰੀ, ਬਲਰਾਜ ਭੰਗੂ, ਇਕਬਾਲ ਸਿੰਘ, ਬਿਕਰਮਜੀਤ ਸਿੰਘ, ਦੀਦਾਰ ਸਿੰਘ ਪੱਟੀ, ਗੁਰਦੇਵ ਸਿੰਘ ਰੋਪੜ, ਪ੍ਰਦੀਪ ਕੁਮਾਰ, ਜਸਵੰਤ ਸਿੰਘ ਅੰਮਿ੍ਰਤਸਰ, ਸੁੱਚਾ ਸਿੰਘ, ਰਣਜੀਤ ਰਾਣਾ, ਕੁਲਵਿੰਦਰ ਬੱਲ, ਅਮਰਜੀਤ ਸਿੰਘ ਲਾਹੌਰੀ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।