ਚਹੁੰਮਾਰਗੀ ਸੜਕ ‘ਤੇ ਪੁਲਾਂ ਦੀ ਉਸਾਰੀ ‘ਚ ਘਪਲੇ ਦਾ ਮੁੱਦਾ ਉੱਚ-ਅਦਾਲਤ ‘ਚ ਲਿਜਾਵਾਂਗਾ-ਗੁਰਪ੍ਰੀਤ ਸਿੰਘ ਹੈਪੀ
ਮੋਗਾ,10 ਨਵੰਬਰ (ਜਸ਼ਨ)-ਪੰਜਾਬ ਪ੍ਰਦੇਸਸ਼ ਕਾਂਗਰਸ ਦੇ ਸਕੱਤਰ ਗੁਰਪ੍ਰੀਤ ਸਿੰਘ ਹੈਪੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਦੌਰਾਨ ਲੁਧਿਆਣਾ ਤੋਂ ਤਲਵੰਡੀ ਭਾਈਕੇ ਤੱਕ ਬਣ ਰਹੀ ਚਹੁੰਮਾਰਗੀ ਸੜਕ ਤੇ ਪੁਲਾਂ ਦੀ ਉਸਾਰੀ ਦੌਰਾਨ ਹੀ ਥਾਂ-ਥਾਂ ਤੋਂ ਤਿੜਕ ਜਾਣ ਦੇ ਮਾਮਲੇ ਦੀ ਜਾਂਚ ਨੂੰ ਲੈ ਕੇ ਉਚ ਅਦਾਲਤ ਦਾ ਦਰਵਾਜਾ ਖੜਕਾਉਣ ਦਾ ਐਲਾਨ ਕੀਤਾ। ਹੈਪੀ ਨੇ ਕਿਹਾ ਕਿ 760 ਕਰੋੜ ਰੁਪਏ ਦੀ ਲਾਗਤ ਨਾਲ ਨਿਸਚਿਤ ਸਮੇਂ ਤੋਂ ਕਈ ਸਾਲ ਬਾਅਦ ਲਟਕ ਕੇ ਬਣੀ ਇਸ ਚਹੁੰਮਾਰਗੀ ਸੜਕ ‘ਚ ਵਰਤੇ ਗਏ ਘਟੀਆ ਮਟੀਰੀਅਲ ਕਾਰਨ ਲੁਧਿਆਣਾ, ਜਗਰਾਉਂ ਤੇ ਮੋਗਾ ਸਮੇਤ ਹੋਰ ਥਾਵਾਂ ‘ਤੇ ਰਸਤੇ ‘ਚ ਉਸਾਰੇ ਪੁਲਾਂ ਦੇ ਥਾਂ-ਥਾਂ ਤੋਂ ਟੁੱਟੇ ਹੋਣ ਕਾਰਨ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਹੈ । ਉਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਇਸ ਮੁੱਖ ਮਾਰਗ ਦੇ ਘਪਲੇ ਦੀ ਜਾਂਚ ਨਹੀਂ ਹੋ ਜਾਂਦੀ ਤਦ ਤੱਕ ਕੰਪਨੀ ਵੱਲੋਂ ਚੌਕੀਮਾਨ ਨੇੜੇ ਟੋਲ ਟੈਕਸ ਲਗਾਉਣ ਦੀ ਕੀਤੀ ਜਾ ਰਹੀ ਤਿਆਰੀ ਨੂੰ ਵੀ ਅਮਲ ‘ਚ ਨਹੀਂ ਲਿਆਉਣ ਦਿੱਤਾ ਜਾਵੇਗਾ । ਸੀਨੀਅਰ ਕਾਂਗਰਸੀ ਆਗੂ ਹੈਪੀ ਨੇ ਦੱਸਿਆ ਕਿ ਭਾਵੇਂ ਇਸ ਮੁੱਦੇ ਨੂੰ ਲੈ ਕੇ ਉਹ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੀ ਚਿੱਠੀਆਂ ਲਿਖ ਚੁੱਕੇ ਹਨ, ਪਰ ਮੁਕੰਮਲ ਅਮਲ ਨਾ ਹੋਣ ਕਾਰਨ ਹੀ ਹੁਣ ਉਨਾਂ ਵੱਲੋਂ ਉਚ ਅਦਾਲਤ ‘ਚ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨਾਂ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਵੀ ਅਧਿਕਾਰੀਆਂ ਨੂੰ ਲੈ ਕੇ ਚਹੁੰਮਾਰਗੀ ਸੜਕ ‘ਤੇ ਪਈਆਂ ਤਰੇੜਾਂ ਦਾ ਜਾਇਜ਼ਾ ਲੈਣ ਤੇ ਕੇਂਦਰੀ ਅਥਾਰਟੀ ਨੂੰ ਵਿਸ਼ੇਸ਼ ਪੱਤਰ ਲਿਖਣ ਦੀ ਵੀ ਸ਼ਲਾਘਾ ਕੀਤੀ । ਸ. ਗੁਰਪਰੀਤ ਸਿੰਘ ਹੈਪੀ ਨੇ ਦੱਸਿਆ ਕਿ ਉਹ ਇਸ ਬਾਰੇ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਧਿਆਨ ‘ਚ ਲਿਆਉਂਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੰਪਨੀ ਦੇ ਮਾਲਕ ਵੱਲੋਂ ਮੋਗਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੁਲਾਂ ਦੇ ਕੰਮ ਨੂੰ ਦਸੰਬਰ 2017 ਤੱਕ ਨਿਬੇੜਨ ਦਾ ਵਾਅਦਾ ਕੀਤਾ ਗਿਆ ਸੀ,ਪਰ ਅਮਲੀ ਰੂਪ ਵਿਚ ਸਮੁੱਚਾ ਕੰਮ ਕੀੜੀ ਦੀ ਚਾਲੇ ਚੱਲ ਰਿਹਾ ਹੈ ਪਰ ਹੁਣ ਕਾਂਗਰਸ ਦੇ ਸੂਬਾ ਸਕੱਤਰ ਅਤੇ ਨੌਜਵਾਨ ਆਗੂ ਗੁਰਪਰੀਤ ਸਿੰਘ ਹੈਪੀ ਵੱਲੋਂ ਉਠਾਏ ਮੁੱਦੇ ਉਪਰੰਤ ਮੋਗੇ ਦੇ ਲੋਕਾਂ ਨੂੰ ਮੁੜ ਤੋਂ ਮਿੱਟੀ ਘੱਟੇ ਵਾਲੇ ਵਾਤਾਵਰਨ ਅਤੇ ਟਰੈਫਿਕ ਸਮੱਸਿਆ ਤੋਂ ਰਾਹਤ ਮਿਲਣ ਦੀ ਆਸ ਬੱਝੀ ਹੈ ।