ਸ਼ਹੀਦਾਂ ਵੱਲੋਂ ਦਿਖਾਏ ਕੁਰਬਾਨੀ ਅਤੇ ਤਿਆਗ ਦੇ ਰਸਤੇ ‘ਤੇ ਚੱਲਣ ਲਈ ਤਤਪਰ ਰਹਿਣਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ-ਡਿਪਟੀ ਕਮਿਸ਼ਨਰ

*ਪੁਲਿਸ ਲਾਈਨ ਮੋਗਾ ਵਿਖੇ ‘ਪੁਲਿਸ ਸਮਿ੍ਰਤੀ ਦਿਵਸ‘ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ,ਸ਼ਹੀਦ ਜਵਾਨਾਂ ਦੇ 39 ਪ੍ਰੀਵਾਰਕ ਮੈਂਬਰਾਂ ਨੂੰ ਕੀਤਾ ਸਨਮਾਨਿਤ
ਮੋਗਾ 21 ਅਕਤੂਬਰ(ਜਸ਼ਨ)-ਜ਼ਿਲਾ ਪੁਲਿਸ ਮੋਗਾ ਵੱਲੋਂ ਅੱਜ ਸਥਾਨਕ ਪੁਲਿਸ ਲਾਈਨ ਵਿਖੇ ਭਾਰਤ ਦੀ ਏਕਤਾ ਅਤੇ ਆਖੰਡਤਾ ਨੂੰ ਬਰਕਰਾਰ ਰੱਖਣ ਲਈ ਸ਼ਹੀਦੀਆਂ ਪਾਉਣ ਵਾਲੇ ਬਹਾਦਰ ਪੁਲਿਸ ਅਫ਼ਸਰਾਂ ਅਤੇ ਜਵਾਨਾਂ ਨੂੰ ਸ਼ਰਧਾਂਜ਼ਲੀ ਦੇਣ ਲਈ ‘ਪੁਲਿਸ ਸਮਿਤੀ ਦਿਵਸ‘ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸੀਨੀਅਰ ਪੁਲਿਸ ਕਪਤਾਨ ਮੋਗਾ ਸ. ਰਾਜ ਜੀਤ ਸਿੰਘ ਹੁੰਦਲ ਨੇ ਕੀਤੀ, ਜਦ ਕਿ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਰੋਹ ਵਿੱਚ ਸੀਨੀਅਰ ਪੁਲਿਸ ਕਪਤਾਨ ਮੋਗਾ ਸ. ਰਾਜ ਜੀਤ ਸਿੰਘ ਹੁੰਦਲ, ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ, ਐਸ.ਪੀ (ਹੈਡ) ਪਿ੍ਰਥੀਪਾਲ ਸਿੰਘ, ਐਸ.ਪੀ (ਡੀ) ਵਜ਼ੀਰ ਸਿੰਘ, ਡੀ.ਐਸ.ਪੀ (ਹੈਡ) ਬਲਵਿੰਦਰ ਸਿੰਘ, ਡੀ.ਐਸ.ਪੀ.(ਸਿਟੀ) ਗੋਬਿੰਦਰ ਸਿੰਘ, ਡੀ.ਐਸ.ਪੀ ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਡੀ.ਐਸ.ਪੀ ਬਾਘਾਪੁਰਾਣਾ ਸੁਖਦੀਪ ਸਿੰਘ, ਐਨ.ਜੀ.ਓ ਐਸ.ਕੇ.ਬਾਂਸਲ ਅਤੇ ਸ਼ਹੀਦ ਪ੍ਰੀਵਾਰਕ ਮੈਬਰਾਂ ਵੱਲੋ ਸ਼ਹੀਦਾਂ ਦੀਆਂ ਮੂਰਤੀਆਂ ‘ਤੇ ਫੁੱਲ-ਮਾਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ. ਰਾਜ ਜੀਤ ਸਿੰਘ ਹੁੰਦਲ ਨੇ ਸ਼ਹੀਦ ਪੁਲਿਸ ਜਵਾਨਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਲਈ ਉਨਾਂ ਦਾ ਰੋਮ-ਰੋਮ ਰਿਣੀ ਹੈ। ਉਨਾਂ ਸ਼ਹੀਦਾਂ ਦੇ ਪ੍ਰੀਵਾਰਕ ਮੈਨੂੰ ਨਮਸਕਾਰ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ ਅਤੇ ਉਨਾਂ ਦੀ ਸ਼ਹਾਦਤ ਦੇਸ਼ ਵਾਸੀਆਂ ਲਈ ਪ੍ਰੇਰਣਾ ਸ੍ਰੋਤ ਹੈ। ਉਨਾਂ ਕਿਹਾ ਕਿ ਸੰਨ 1959 ਵਿੱਚ ਪੁਲਿਸ ਦੀ ਇੱਕ ਟੁਕੜੀ ‘ਤੇ ਹਮਲਾ ਹੋਣ ਨਾਲ ਕਾਫ਼ੀ ਜਵਾਨ ਸ਼ਹੀਦ ਹੋ ਗਏ ਸਨ ਅਤੇ ਉਸ ਸਮੇਂ ਤੋਂ ਹੀ ਭਾਰਤ ਦੇ ਸਾਰੇ ਜ਼ਿਲਾ ਹੈਡ-ਕੁਆਰਟਰਾਂ ‘ਤੇ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ ਹਰ ਸਾਲ 21 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਉਨਾਂ ਕਿਹਾ ਕਿ ਸਮਾਜ ਵਿੱਚ ਅਮਨ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਪੁਲਿਸ ਦੀ ਵੱਡੀ ਜ਼ਿੰਮੇਵਾਰੀ ਹੈ, ਇਸ ਲਈ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕ੍ਰਮਚਾਰੀਆਂ ਨੂੰ ਸਮਾਜ ਪ੍ਰਤੀ ਫਰਜ਼ਾਂ ਦੀ ਪੂਰਤੀ ਤਨਦੇਹੀ ਅਤੇ ਸ਼ਿੱਦਤ ਨਾਲ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜੇਕਰ ਸ਼ਹੀਦ ਦੇ ਕਿਸੇ ਪ੍ਰੀਵਾਰਕ ਮੈਂਬਰ ਨੂੰ ਕੋਈ ਮੁਸ਼ਕਲ ਹੋਵੇ ਤਾਂ, ਉਨਾਂ ਨਾਲ ਰਾਬਤਾ ਕਰ ਸਕਦਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਸ. ਦਿਲਰਾਜ ਸਿੰਘ ਨੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦੀ ਸ਼ਾਨ ਹੁੰਦੇ ਹਨ। ਉਨਾਂ ਕਿਹਾ ਕਿ ਅੱਜ ਦੇ ਦਿਨ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਉਨਾਂ ਵੱਲੋਂ ਦਿਖਾਏ ਗਏ ਕੁਰਬਾਨੀ ਅਤੇ ਤਿਆਗ ਦੇ ਰਸਤੇ ਚੱਲਦੇ ਹੋਏ ਦੇਸ਼ ਦੀ ਏਕਤਾ, ਆਖੰਡਤਾ ਅਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਹਰ ਕੁਰਬਾਨੀ ਕਰਨ ਲਈ ਤਤਪਰ ਰਹੀਏ।ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਹਥਿਆਰ ਉਲਟੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ ਅਤੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਐਸ.ਪੀ. (ਹੈਡ) ਪਿ੍ਰਥੀਪਾਲ ਸਿੰਘ ਵੱਲੋਂ ਪਿਛਲੇ ਇੱਕ ਸਾਲ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਹੋਏ ਪੁਲਿਸ ਕ੍ਰਮਚਾਰੀਆਂ ਅਤੇ ਪੈਰਾ-ਮਿਲਟਰੀ ਫ਼ੋਰਸ ਦੇ ਕ੍ਰਮਚਾਰੀਆਂ ਦੇ ਨਾਂ ਪੜ ਕੇ ਉਨਾਂ ਨੂੰ ਯਾਦ ਕੀਤਾ ਗਿਆ।

ਇਸ ਮੌਕੇ ਮੋਗਾ ਜ਼ਿਲੇ ਦੇ ਅੱਤਵਾਦ ਦੌਰਾਨ ਦੇਸ਼ ਦੀ ਏਕਤਾ ਤੇ ਆਖੰਡਤਾ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਜਵਾਨਾਂ ਦੇ 39 ਪ੍ਰੀਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ। ਸਟੇਜ਼ ਦਾ ਸੰਚਾਲਨ ਐਸ.ਕੇ ਬਾਂਸਲ ਜ਼ਿਲਾ ਕੋ-ਆਰਡੀਨੇਟਰ ਐਨ.ਜੀ.ਓ ਵੱਲੋ ਕੀਤਾ ਗਿਆ।